ਕਾਂਸਲ ਇਲਾਕੇ ਵਿੱਚ ਤੇਂਦੂਆ ਦਿਖਾਈ ਦਿੱਤਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਨਵੰਬਰ
ਚੰਡੀਗੜ੍ਹ ਦੇ ਸੁਖਨਾ ਵਾਈਲਡ ਲਾਈਫ ਸੈਂਕਚੁਰੀ ਨਾਲ ਲਗਦੇ ਪਿੰਡ ਕਾਂਸਲ ਦੇ ਆਲੇ-ਦੁਆਲੇ ਇਲਾਕੇ ਵਿੱਚ ਤਿੰਨ ਸਾਲਾਂ ਬਾਅਦ ਤੇਂਦੂਆ ਦਿਖਾਈ ਦਿੱਤਾ ਹੈ। ਇਸ ਝਲਕ ਸੁਖਨਾ ਵਾਈਲਡ ਲਾਈਫ ਸੈਂਕਚੁਰੀ ਵਿੱਚ ਲਗਾਏ ਸੀਸੀਟੀਵੀ ਕੈਮਰਿਆਂ ਵਿੱਚ ਦਿਖਾਈ ਦਿੱਤੀ ਹੈ। ਹਾਲਾਂਕਿ ਪਿੰਡ ਕਾਂਸਲ ਦੇ ਆਲੇ-ਦੁਆਲੇ ਇਲਾਕੇ ਵਿੱਚ ਦੁਬਾਰਾ ਤੇਂਦੂਆ ਦਿਖਾਈ ਨਹੀਂ ਦਿੱਤਾ ਹੈ। ਯੂਟੀ ਦੇ ਜੰਗਲਾਤ ਤੇ ਜੰਗਲੀ ਜੀਵ ਦੇ ਡਿਪਟੀ ਕੰਜ਼ਰਵੇਟਰ ਨਵਨੀਤ ਕੁਮਾਰ ਸ੍ਰੀਵਾਸਤਵ ਨੇ ਕਿਹਾ ਕਿ ਇਹ ਤੇਂਦੂਆ 17 ਨਵੰਬਰ ਨੂੰ ਦਿਖਾਈ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਚੌਕਸੀ ਵਜੋਂ ਇਲਾਕੇ ਵਿੱਚ ਨਜ਼ਰ ਰੱਖੀ ਜਾ ਰਹੀ ਹੈ, ਪਰ ਉਸ ਤੋਂ ਬਾਅਦ ਤੇਂਦੂਆ ਦਿਖਾਈ ਨਹੀਂ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਅਪਰੈਲ 2021 ਵਿੱਚ ਇੱਕ ਤੇਂਦੂਆ ਕਾਂਸਲ ਦੇ ਜੰਗਲਾਂ ਵਿੱਚ ਇੱਕ ਜਲਘਰ ਦੇ ਨੇੜੇ ਲਗਾਏ ਗਏ ਜਾਲ ਵਿੱਚ ਫੜਿਆ ਗਿਆ ਸੀ। ਇਹ ਜਾਲ ਵਾਈਲਡਲਾਈਫ ਇੰਸਟੀਚਿਊਟ ਆਫ ਇੰਡੀਆ (ਡਬਲਯੂਆਈਆਈ), ਦੇਹਰਾਦੂਨ ਤੇ ਚੰਡੀਗੜ੍ਹ ਦੇ ਜੰਗਲਾਤ ਵਿਭਾਗ ਵੱਲੋਂ ਜੰਗਲੀ ਜੀਵ ਗਣਨਾ ਕਰ ਕੇ ਵਿਛਾਇਆ ਗਿਆ ਸੀ। ਹਾਲਾਂਕਿ ਮਈ 2021 ਵਿੱਚ ਸੁਖਨਾ ਵਾਈਲਡਲਾਈਫ ਸੈਂਕਚੁਰੀ ਵਿੱਚ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਸਨ।