For the best experience, open
https://m.punjabitribuneonline.com
on your mobile browser.
Advertisement

ਮੈਡੀਕਲ ਸਟੋਰਾਂ ਤੋਂ ਵੱਡੀ ਮਾਤਰਾ ’ਚ ਨਸ਼ੀਲੇ ਕੈਪਸੂਲ ਬਰਾਮਦ

11:15 AM Nov 22, 2023 IST
ਮੈਡੀਕਲ ਸਟੋਰਾਂ ਤੋਂ ਵੱਡੀ ਮਾਤਰਾ ’ਚ ਨਸ਼ੀਲੇ ਕੈਪਸੂਲ ਬਰਾਮਦ
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 21 ਨਵੰਬਰ
ਨਸ਼ਾ ਵਿਰੋਧੀ ਕਮੇਟੀ ਨੇ ਪਿੰਡ ਘੁਮਿਆਰਾ ਵਿੱਚ ਮੈਡੀਕਲ ਸਟੋਰਾਂ ਰਾਹੀਂ ਵਿਕ ਰਹੇ ਨਸ਼ਿਆਂ ਦੀ ਕੌੜੀ ਹਕੀਕਤ ਜੱਗ-ਜ਼ਾਹਰ ਕਰ ਦਿੱਤੀ ਹੈ। ਕਿੱਲਿਆਂਵਾਲੀ ਪੁਲੀਸ ਤੇ ਡਰੱਗ ਇੰਸਪੈਕਟਰ ’ਤੇ ਆਧਾਰਤ ਸਾਂਝੀ ਪੜਤਾਲ ’ਚ ਆਰ.ਐੱਸ. ਮੈਡੀਕੋਜ਼ ਘੁਮਿਆਰਾ ਵਿੱਚੋਂ ਨਸ਼ੇ ਵਜੋਂ ਵਰਤੇ ਜਾਂਦੇ ਪ੍ਰੀ-ਗਾਬਾਲੀਨ ਦੇ ਡੇਢ ਹਜ਼ਾਰ ਕੈਪਸੂਲ ਬਰਾਮਦ ਹੋਏ ਹਨ ਜਦਕਿ ਇੱਕ ਹੋਰ ਸ਼ੱਕੀ ਦਵਾਈ ਦੇ ਸੈਂਪਲ ਭਰੇ ਗਏ। ਡਰੱਗ ਇੰਸਪੈਕਟਰ ਨੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਹੈ। ਕਿੱਲਿਆਂਵਾਲੀ ਪੁਲੀਸ ਨੇ ਮੈਡੀਕਲ ਸਟੋਰ ਸੰਚਾਲਕ ਕੁਲਦੀਪ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਕੱਲ੍ਹ ਦੇਰ ਸ਼ਾਮ ਨਸ਼ਾ ਵਿਰੋਧੀ ਕਮੇਟੀ ਵੱਲੋਂ ਵੀਡੀਓ-ਤੱਥ ਆਧਾਰਤ ਘਿਰਾਓ ਮਗਰੋਂ ਪੁਲੀਸ ਨੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਸੀ। ਅੱਜ ਬਾਅਦ ਥਾਣਾ ਕਿੱਲਿਆਂਵਾਲੀ ਦੇ ਮੁਖੀ ਮਨਿੰਦਰ ਸਿੰਘ ਅਤੇ ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਪਿੰਡ ਘੁਮਿਆਰਾ ਪੁੱਜੇ ਅਤੇ ਦੇਰ ਸ਼ਾਮ ਪੁਲੀਸ ਵੱਲੋਂ ਸੀਲ ਕੀਤੇ ਆਰ.ਐੱਸ. ਮੈਡੀਕੋਜ ਦੀ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਨਸ਼ਾ ਵਿਰੋਧੀ ਕਮੇਟੀ ਦੇ ਆਗੂ ਪ੍ਰਭਜੋਤ ਸਿੰਘ, ਕੰਵਲਦੀਪ ਸਿੰਘ ‘ਥਾਣਾ’, ਪ੍ਰਕਾਸ਼ ਸਿੰਘ, ਪ੍ਰਦੀਪ ਸਿੰਘ ਅਤੇ ਲਵਜੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਨੂੰ ਜੜ੍ਹ ਤੋਂ ਪੁੱਟਣ ਲਈ ਕਮੇਟੀ ਦੀ ਮੁਹਿੰਮ ਜਾਰੀ ਰਹੇਗੀ।
ਡੱਬਵਾਲੀ (ਪੱਤਰ ਪ੍ਰੇਰਕ): ਸੀਆਈਏ ਡੱਬਵਾਲੀ, ਸਿਟੀ ਡੱਬਵਾਲੀ ਅਤੇ ਡਰੱਗ ਇੰਸਪੈਕਟਰ ਵੱਲੋਂ ਸਾਂਝੇ ਤੌਰ ’ਤੇ ਮਾਰੇ ਗਏ ਛਾਪੇ ਦੌਰਾਨ ਸ਼ਹਿਰ ਵਿੱਚ ਦੋ ਮੈਡੀਕਲ ਸਟੋਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਕਾਰਵਾਈ ਨੂੰ ਡੀਐੱਸਪੀ (ਕ੍ਰਾਈਮ) ਰਾਜੀਵ ਅਤੇ ਡਰੱਗ ਇੰਸਪੈਕਟਰ ਰਜਨੀਸ਼ ਧਾਲੀਵਾਲ ਦੀ ਅਗਵਾਈ ਹੇਠ ਨੇਪਰੇ ਚਾੜ੍ਹਿਆ ਗਿਆ। ਸੀਆਈਏ ਡੱਬਵਾਲੀ ਦੇ ਮੁਖੀ ਵੀਰੇਂਦਰ ਸਿੰਘ ਨੇ ਦੱਸਿਆ ਕਿ ਛਾਪੇ ਦੌਰਾਨ ਸਰਕਾਰੀ ਹਸਪਤਾਲ ਦੇ ਸਾਹਮਣੇ ਸੰਧਾ ਮੈਡੀਕਲ ਤੋਂ ਨਸ਼ੇ ਵਜੋਂ ਵਰਤੇ ਜਾਣ ਵਾਲੇ 20 ਪੱਤੇ ਸਿਗਨੇਚਰ ਅਤੇ ਹੋਰ ਦਵਾਈਆਂ ਮਿਲੀਆਂ। ਇਸੇ ਤਰ੍ਹਾਂ ਮਨਰਾਜ ਮੈਡੀਕਲ ਸਟੋਰ ਤੋਂ 15 ਕੈਪਸੂਲ ਸਿਗਨੇਚਰ ਅਤੇ ਹੋਰ ਦਵਾਈਆਂ ਮਿਲੀਆਂ। ਦੋਵੇਂ ਸਟੋਰ ਸੰਚਾਲਕ ਦਵਾਈਆਂ ਦੇ ਬਿੱਲ ਪੇਸ਼ ਨਹੀਂ ਕਰ ਸਕੇ। ਡਰੱਗ ਇੰਸਪੈਕਟਰ ਨੇ ਦੋਵੇਂ ਮੈਡੀਕਲ ਸਟੋਰਾਂ ਨੂੰ ਸੀਲ ਕਰ ਦਿੱਤਾ। ਸੀਆਈਏ ਮੁਖੀ ਨੇ ਦੱਸਿਆ ਕਿ ਸੰਧਾ ਮੈਡੀਕਲ ਸਟੋਰ ਦੇ ਸੰਚਾਲਕ ਰਿੰਕੂ ਵਾਸੀ ਰਾਜਪੁਰਾ ਅਤੇ ਮਨਰਾਜ ਮੈਡੀਕਲ ਸਟੋਰ ਦੇ ਸੰਚਾਲਕ ਸੁਰਜੀਤ ਸਿੰਘ ਵਾਸੀ ਕੱਖਾਂਵਾਲੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement

ਅਗਾਮੀ ਹੁਕਮਾਂ ਤੱਕ ਮੈਡੀਕਲ ਸਟੋਰ ਸੀਲ

ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਆਰ.ਐਸ. ਮੈਡੀਕੋਜ ਤੋਂ ਮੈਡੀਕਲ ਨਸ਼ੇ ਵਜੋਂ ਵਰਤੇ ਜਾਂਦੀਆਂ ਪ੍ਰੀ-ਗਾਬਾਲੀਨ ਦੇ 15 ਸੌ ਕੈਪਸੂਲ ਬਰਾਮਦ ਹੋਏ ਹਨ ਜਿਨ੍ਹਾਂ ਦੀ ਕੀਮਤ ਕਰੀਬ 30 ਹਜ਼ਾਰ ਰੁਪਏ ਹੈ। ਉਨ੍ਹਾਂ ਕਿਹਾ ਕਿ ਸੰਚਾਲਕ ਕੁਲਦੀਪ ਦਵਾਈਆਂ ਦੀ ਖਰੀਦ-ਵੇਚ ਸਬੰਧੀ ਰਿਕਾਰਡ, ਨਾ ਸ਼ਡਿਊਲ ਐਚ-1 ਅਤੇ ਨਾ ਕੋਈ ਬਿੱਲ ਬੁੱਕ ਨਹੀਂ ਪੇਸ਼ ਕਰ ਸਕਿਆ। ਉਨ੍ਹਾਂ ਦੱਸਿਆ ਕਿ ਸ਼ੱਕੀ ਦਵਾਈ ਦਾ ਨਮੂਨੇ ਨੂੰ ਜਾਂਚ ਲਈ ਮੁਹਾਲੀ ਲੈਬ ਭੇਜਿਆ ਜਾਵੇਗਾ। ਆਗਾਮੀ ਹੁਕਮਾਂ ਤੱਕ ਮੈਡੀਕਲ ਸਟੋਰ ਸੀਲ ਕਰ ਦਿੱਤਾ ਗਿਆ ਹੈ।

Advertisement

Advertisement
Author Image

sukhwinder singh

View all posts

Advertisement