ਮੁਕਤਸਰ ਦੇ ਹਸਪਤਾਲ ’ਚ ਡਾਕਟਰਾਂ ਤੇ ਨਰਸਾਂ ਦੀਆਂ ਵੱਡੀ ਗਿਣਤੀ ਅਸਾਮੀਆਂ ਖਾਲੀ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 30 ਸਤੰਬਰ
ਜ਼ਿਲ੍ਹਾ ਸਦਰ ਮੁਕਾਮ ’ਤੇ ਸਥਿਤ ਸਿਵਲ ਹਸਪਤਾਲ ’ਚ ਕਰੀਬ ਦੋ ਕਰੋੜ ਰੁਪਏ ਦੀ ਲਾਗਤ ਨਾਲ ਇਕ ਤਿੰਨ ਮੰਜ਼ਲੀ ਬਲਾਕ ਬਣ ਰਿਹਾ ਹੈ ਜਦਕਿ ਪਹਿਲਾਂ ਹੀ ਸੌ ਬੈਡਾਂ ਦੀ ਸਮਰੱਥਾ ਵਾਲੀ ਇਮਾਰਤ ਮੌਜੂਦ ਹੈ ਪਰ ਹਸਪਤਾਲ ਵਾਸਤੇ ਡਾਕਟਰਾਂ ਦੀਆਂ ਮਨਜ਼ੂਰ 41 ਅਸਾਮੀਆਂ ਵਿੱਚੋਂ 20 ਖਾਲੀ ਹਨ ਜਿਸ ਕਰਕੇ ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਦਿੱਕਤ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਹਾਲ ਸਟਾਫ ਨਰਸਾਂ ਦਾ ਹੈ। ਨਰਸਾਂ ਦੀਆਂ ਕੁੱਲ 47 ਅਸਾਮੀਆਂ ਵਿੱਚੋਂ 34 ਖਾਲੀ ਹਨ। ਨਰਸਾਂ ਦੀ ਘਾਟ ਦਾ ਜ਼ਿਆਦਾ ਮਾੜਾ ਅਸਰ ਗਰਭਵਤੀ ਔਰਤਾਂ ਅਤੇ ਜੱਚਾ-ਬੱਚਾ ਉਪਰ ਪੈਂਦਾ ਹੈ। ਇਸ ਦੇ ਨਾਲ ਹੀ ਹਸਪਤਾਲ ’ਚ ਪਈ ਕਰੋੜਾਂ ਰੁਪਏ ਦੀ ਮਸ਼ੀਨਰੀ ਵੀ ਵਰਤੋਂ ਵਿੱਚ ਨਹੀਂ ਆ ਰਹੀ। ਹਸਪਤਾਲ ਵਿੱਚ ਡਾਕਟਰ ਨਾ ਮਿਲਣ ਕਰਕੇ ਗਰੀਬ ਮਰੀਜ਼ ਤਾਂ ਬਿਨਾਂ ਇਲਾਜ ਹੀ ਘਰਾਂ ਨੂੰ ਮੁੜਣ ਲਈ ਮਜ਼ਬੂਰ ਹੋ ਜਾਂਦੇ ਹਨ ਕਿਉਂਕੇ ਨਿੱਜੀ ਹਸਪਤਾਲਾਂ ਦਾ ਖਰਚਾ ਉਹ ਭਰ ਨਹੀਂ ਸਕਦੇ। ਇਹ ਸਭ ਖੁਲਾਸਾ ਆਰਟੀਆਈ ਐਕਟੀਵਿਸਟ ਐਡਵੋਕੇਟ ਰਾਹੁਲ ਸ਼ਰਮਾ ਨੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਕਰਦਿਆਂ ਦੱਸਿਆ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ‘ਆਮ ਆਦਮੀ ਪਾਰਟੀ’ ਦੀ ਸਰਕਾਰ ਨੇ ਪੰਜਾਬ ਅੰਦਰ ਲਗਾਤਾਰ ਮੁਹੱਲਾ ਕਲੀਨਿਕਾਂ ਦੀਆਂ ਤਾਂ ਝੜੀਆਂ ਲਾ ਦਿੱਤੀਆਂ ਪਰ ਹਸਪਤਾਲਾਂ ’ਚ ਡਾਕਟਰ ਨਹੀਂ ਹਨ।
ਉਨ੍ਹਾਂ ਦੱਸਿਆ ਕਿ ਖਾਲ੍ਹੀ ਪੋਸਟਾਂ ’ਚ ਚੀਫ਼ ਫਾਰਮੇਸੀ ਅਫ਼ਸਰ, ਈਐੱਨਟੀ, ਰੇਡੀਓਲੋਜਿਸਟ, ਐਨੇਸਥੀਸੀਆ, ਅੱਖਾਂ ਅਤੇ ਬਾਲ ਰੋਗਾਂ ਦੇ ਮਾਹਿਰ ਡਾਕਟਰਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ। ਇਸੇ ਤਰ੍ਹਾਂ ਮਾਈਕ੍ਰੋਰ ਲੈਬ ਟੈਕਨੀਸ਼ੀਅਨ, ਐੱਲਐੱਚਵੀ, ਮਲਟੀਪਰਪਜ਼ ਹੈਲਥ ਵਰਕਰ ਮੇਲ ਦੀ ਇੱਕ ਪੋਸਟ, ਨੇਤਰ ਅਧਿਕਾਰੀ, ਮਨੋਵਿਗਿਆਨਕ ਸਮਾਜ ਸੇਵਕ, ਡਰਾਈਵਰ ਸਣੇ ਕਈ ਅਸਾਮੀਆਂ ਖਾਲੀ ਹਨ। ਐਡਵੋਕੇਟ ਅਨੁਰਾਗ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਪੰਜਾਬ ਅੰਦਰ ਥਾਂ-ਥਾਂ ਮੁਹੱਲਾ ਕਲੀਨਿਕਾਂ ਖੋਲ੍ਹਣ ਬਜਾਏ ਵੱਡੇ-ਵੱਡੇ ਹਸਪਤਾਲਾਂ ’ਚ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਜਿਸ ਨਾਲ ਪੰਜਾਬ ਦੇ ਲੋਕਾਂ ਵੱਡੀ ਰਾਹਤ ਮਿਲ ਸਕਦੀ ਹੈ।
ਸਰਕਾਰ ਨੂੰ ਲਿਖਿਆ ਜਾ ਚੁੱਕਾ ਹੈ: ਸਿਵਲ ਸਰਜਨ
ਸਿਵਲ ਸਰਜਨ ਡਾਕਟਰ ਜਗਦੀਪ ਚਾਵਲਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਡਾਕਟਰਾਂ ਤੇ ਦੂਸਰੇ ਸਟਾਫ਼ ਦੀਆਂ ਪੋਸਟਾਂ ਭਰਨ ਅਤੇ ਫੰਡਾਂ ਲਈ ਸਮੇਂ-ਸਮੇਂ ’ਤੇ ਸਰਕਾਰ ਨੂੰ ਲਿਖਿਆ ਜਾ ਚੁੱਕਿਆ ਹੈ।