ਵੱਡੀ ਗਿਣਤੀ ਪਰਿਵਾਰਾਂ ਨੇ ‘ਆਪ’ ਛੱਡ ਕੇ ਕਾਂਗਰਸ ਦਾ ਹੱਥ ਫੜਿਆ
ਇਕਬਾਲ ਸਿੰਘ ਸ਼ਾਂਤ
ਲੰਬੀ, 30 ਮਈ
ਚੋਣਾਂ ਦੇ ਅਖੀਰਲੇ ਪੜਾਅ ‘ਤੇ ਸੀਨੀਅਰ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ ਦਾ ਰਵਾਇਤੀ ਆਭਾਮੰਡਲ ਲੰਬੀ ਹਲਕੇ ਦੀ ਸਿਆਸੀ ਫਿਜ਼ਾ ‘ਤੇ ਛਾਇਆ ਹੋਇਆ ਹੈ। ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਨਾਲ ਜੁੜਨ ਖਾਤਰ ਵੱਡੀ ਗਿਣਤੀ ਲੋਕ ਆਪ-ਮੁਹਾਰੇ ਉਨ੍ਹਾਂ ਕੋਲ ਪੁੱਜ ਰਹੇ ਹਨ ਜਿਸ ਨਾਲ ਬਠਿੰਡਾ ਲੋਕਸਭਾ ਤੋਂ ਕਾਂਗਰਸ ਉਮੀਦਵਾਰ ਜੀਤਮਹਿੰਦਰ ਸਿੱਧੂ ਦੀ ਮੁਹਿੰਮ ਨੂੰ ਮਜ਼ਬੂਤੀ ਮਿਲ ਰਹੀ ਹੈ। ਮਹੇਸ਼ਇੰਦਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਲੰਬੀ ਪਿੰਡ ਦੇ ਇੱਕ ਸੌ ਪਰਿਵਾਰਾਂ ਨੇ ਪਿੰਡ ਬਾਦਲ ਵਿਖੇ ਆਮ ਆਦਮੀ ਪਾਰਟੀ ਨੂੰ ਛੱੱਡ ਕੇ ਕਾਂਗਰਸ ਦਾ ਹੱਥ ਫੜ ਲਿਆ। ਰੋਮੀ ਲੰਬੀ ਦੀ ਪ੍ਰੇਰਨਾ ਨਾਲ ਸ਼ਮੂਲੀਅਤ ਕਰਨ ਪਰਿਵਾਰਾਂ ਦੇ ਵੱਡੀ ਗਿਣਤੀ ਨੌਜਵਾਨਾਂ ਸਮੇਤ ਸਾਬਕਾ ਪੰਚ ਗੁਰਪ੍ਰੀਤ ਸਿੰਘ ਗੁਰਤਾ, ਰਾਜਾ ਲੰਬੀ, ਸੰਦੀਪ ਕੁੱਕੀ, ਭਿੰਦਾ ਸਿੰਘ, ਇੰਦਰਪ੍ਰੀਤ ਸਿੰਘ, ਰੌਣਕੀ ਸਿੰਘ ਤੇ ਯੁੱਧਵੀਰ ਸਿੰਘ ਵੀ ਸ਼ਾਮਲ ਸਨ। ਇਸਦੇ ਇਲਾਵਾ ਭਾਈਕਾ ਕੇਰਾ ਦੇ ਸਰਪੰਚ ਪ੍ਰਤੀਨਿਧੀ ਰਾਮ ਚੰਦ, ਪਿੰਡ ਭਾਗੂ ਦੇ ਗੁਰਕੀਰਤ ਸਿੰਘ ਤੇ ਲੰਬੀ ਤੋਂ ਰਾਮ ਸਿੰਘ ਨੇ ਵੀ ਮਹੇਸ਼ਇੰਦਰ ਸਿੰਘ ਦੀ ਮੌਜੂਦਗੀ ’ਚ ਕਾਂਗਰਸ ਜੁਆਇਨ ਕੀਤੀ।
ਵੱਡੀ ਗਿਣਤੀ ਕਾਂਗਰਸ ਪਰਿਵਾਰ ‘ਆਪ’ ਵਿੱਚ ਸ਼ਾਮਲ
ਸ਼ਹਿਣਾ (ਪੱਤਰ ਪ੍ਰੇਰਕ): ਕਸਬੇ ਸ਼ਹਿਣਾ ਵਿੱਚ ਆਮ ਆਦਮੀ ਪਾਰਟੀ ਦੇ ਚੋਣ ਦਫ਼ਤਰ ’ਚ ਪੱਤੀ ਮੋਹਰ ਸਿੰਘ ਦੀ ਸਰਪੰਚ ਕਮਲਜੀਤ ਕੌਰ ਅਤੇ ਹੋਰ 20 ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। ਚਰਨਜੀਤ ਕੌਰ ਹਲਕਾ ਇੰਚਾਰਜ, ਜ਼ਿਲਾ ਮੀਤ ਪ੍ਰਧਾਨ ਮਹਿਲਾ ਵਿੰਗ ਨੇ ਉਨ੍ਹਾਂ ਨੂੰ ਪਾਰਟੀ ਦੇ ਦੁਸ਼ਾਲੇ ਭੇਂਟ ਕੀਤੇ। ਹਰਦੀਪ ਸਿੰਘ ਸਿੱਧੂ, ਤੇਜਿੰਦਰ ਸਿੰਘ ਢਿੱਲਵਾਂ ਅਤੇ ਹਰਦੀਪ ਸਿੰਘ ਨੇ ਕਿਹਾ ਕਿ ਇਨ੍ਹਾਂ 20 ਪਰਿਵਾਰਾਂ ਦੇ ਆਉਣ ਨਾਲ ‘ਆਪ’ ਬੇਹੱਦ ਮਜ਼ਬੂਤ ਹੋਈ ਹੈ।
ਅਕਾਲੀ ਦਲ ਦੇ ਆਗੂ ਭਾਜਪਾ ਵਿੱਚ ਸ਼ਾਮਲ
ਮਾਨਸਾ (ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਪਾਰਟੀਆਂ ਨੂੰ ਛੱਡ ਕੇ ਵੱਖ-ਵੱਖ ਵਿਅਕਤੀ ਭਾਜਪਾ ਵਿਚ ਸ਼ਾਮਲ ਹੋ ਗਏ। ਸ੍ਰੀ ਨਕੱਈ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਦੇ ਜਨਰਲ ਸਕੱਤਰ ਜਗਤਾਰ ਸਿੰਘ ਮੋਹਰ ਸਿੰਘ ਵਾਲਾ ਨੇ ਭਾਜਪਾ ਦਾ ਪੱਲਾ ਫੜਿ੍ਹਆ ਹੈ। ਇਸ ਤੋਂ ਇਲਾਵਾ ਹੋਰ ਵਿਅਕਤੀ ਵੀ ਭਾਜਪਾ ਵਿਚ ਸ਼ਾਮਲ ਹੋਏ।