ਮਸਤੂਆਣਾ ਸਾਹਿਬ ਦੇ ਜੋੜ ਮੇਲੇ ਦੌਰਾਨ ਵੱਡੀ ਗਿਣਤੀ ਸੰਗਤ ਗੁਰੂ ਘਰਾਂ ’ਚ ਨਤਮਸਤਕ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 1 ਫਰਵਰੀ
ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 98ਵੀਂ ਬਰਸੀ ਤੇ ਸਾਲਾਨਾ ਜੋੜ ਮੇਲੇ ਦੌਰਾਨ ਚੱਲ ਰਹੇ ਸਮਾਗਮਾਂ ਮੌਕੇ ਸੰਗਤ ਅਤੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਸ਼ਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਇਲਾਕੇ ਤੇ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ’ਚ ਸੰਗਤ ਨੇ ਗੁਰਦੁਆਰਾ ਗੁਰਸਾਗਰ ਸਾਹਿਬ, ਗੁਰਦੁਆਰਾ ਮਾਤਾ ਭੋਲੀ ਕੌਰ, ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਅਤੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਮੱਥਾ ਟੇਕਿਆ। ਜੋੜ ਮੇਲੇ ਦੌਰਾਨ ਖੁੱਲ੍ਹੇ ਪੰਡਾਲ ਵਿਚ ਸਟੇਜ ਤੋਂ ਵੱਖ-ਵੱਖ ਸਿਆਸੀ ਆਗੂਆਂ ਤੋਂ ਇਲਾਵਾ ਸੰਤ ਕਾਕਾ ਸਿੰਘ ਦਮਦਮਾ ਸਾਹਿਬ ਅਤੇ ਬਾਬਾ ਈਸ਼ਰ ਸਿੰਘ ਹੈਦਰਾਬਾਦ ਵਾਲੇ, ਗਿਆਨੀ ਰਣਜੀਤ ਸਿੰਘ ਗਹੌਰ, ਗਿਆਨੀ ਭਗਵਾਨ ਸਿੰਘ ਭਿੰਡਰਾਂ ਵਾਲੇ ਤੇ ਭਾਈ ਬਲਵਿੰਦਰ ਸਿੰਘ ਦੇਹਰਾਦੂਨ ਵਾਲਿਆਂ ਨੇ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸੰਤ ਅਤਰ ਸਿੰਘ ਨੇ ਮਾਲਵੇ ਵਿੱਚ ਸਿੱਖਿਆ ਅਤੇ ਧਾਰਮਿਕ ਗਿਆਨ ਦੀ ਜੋਤ ਜਗਾਈ ਅਤੇ ਲੋਕਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ, ਭਾਈ ਦਲਜੀਤ ਸਿੰਘ ਬਿੱਟੂ, ਰਣਜੀਤ ਸਿੰਘ ਕੁੱਕੀ ਗਿੱਲ ਲੁਧਿਆਣਾ, ਭਾਈ ਮਨਧੀਰ ਸਿੰਘ ਨੂੰ ਅਕਾਲ ਕਾਲਜ ਕੌਂਸਲ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ, ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ, ਭਾਈ ਹਰਜਿੰਦਰ ਸਿੰਘ ਮਾਝੀ, ਬਾਬਾ ਇੰਦਰਜੀਤ ਸਿੰਘ ਰਤੀਏ ਵਾਲੇ, ਬਾਬਾ ਬਲਜੀਤ ਸਿੰਘ ਫੱਕਰ, ਬਾਬਾ ਹਰਬੇਅੰਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਮਾਤਾ ਭੋਲੀ ਕੌਰ ਤੇ ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ ਆਦਿ ਹਾਜ਼ਰ ਸਨ। ਇਸ ਤੋਂ ਪਹਿਲਾ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸੰਤ ਅਤਰ ਸਿੰਘ ਟਰੱਸਟ ਅਤੇ ਅਕਾਲ ਕਾਲਜ ਕੌਂਸਲ ਅਧੀਨ ਚਲਾਈਆਂ ਜਾ ਰਹੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਅਤੇ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ। ਇਸ ਦੌਰਾਨ ਸਟੇਜ ਸਕੱਤਰ ਦਾ ਫਰਜ਼ ਸਿਆਸਤ ਸਿੰਘ ਗਿੱਲ ਅਤੇ ਭੁਪਿੰਦਰ ਸਿੰਘ ਗਰੇਵਾਲ ਵੱਲੋਂ ਬਾਖੂਬੀ ਨਿਭਾਇਆ ਗਿਆ।
ਸੰਤ ਅਤਰ ਸਿੰਘ ਦੀ ਯਾਦ ’ਚ ਨਗਰ ਕੀਰਤਨ
ਮਸਤੂਆਣਾ ਸਾਹਿਬ: ਗੁਰਦੁਆਰਾ ਝਿੜਾ ਸਾਹਿਬ ਕਾਂਝਲਾ ਵਿਖੇ ਸੰਤ ਅਤਰ ਸਿੰਘ ਦੀ 98ਵੀਂ ਬਰਸੀ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਰਸ਼ਨ ਸਿੰਘ ਕਲੇਰ ਅਤੇ ਮੈਨੇਜਰ ਮਲਕੀਤ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ ਨਗਰ ਕੀਰਤਨ ਦਾ ਇਥੋਂ ਨੇੜਲੇ ਪਿੰਡ ਲਿੱਦੜਾਂ, ਚੰਗਾਲ ਅਤੇ ਕਾਂਝਲਾ ਦੇ ਵੱਖ-ਵੱਖ ਮੁਹੱਲਿਆਂ ਵਿਚ ਵੱਖ ਵੱਖ ਕਮੇਟੀਆਂ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਭਾਈ ਸੁਖਦੇਵ ਸਿੰਘ, ਭਾਈ ਗੁਰਮੇਲ ਸਿੰਘ, ਪਰਮਜੀਤ ਸਿੰਘ ਮੁੱਖ ਗ੍ਰੰਥੀ, ਭਾਈ ਪਰਮਿੰਦਰ ਸਿੰਘ ਰਾਗੀ, ਮੱਖਣ ਸਿੰਘ ਤੇ ਰਣਜੀਤ ਸਿੰਘ ਆਜ਼ਾਦ ਆਦਿ ਸ਼ਾਮਲ ਸਨ। ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਕਲੇਰ ਅਤੇ ਮੈਨੇਜਰ ਮਲਕੀਤ ਸਿੰਘ ਢਿੱਲੋਂ ਨੇ ਦੱਸਿਆ ਕਿ 3 ਫਰਵਰੀ ਨੂੰ ਗੁਰਦੁਆਰਾ ਝਿੜਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। -ਪੱਤਰ ਪ੍ਰੇਰਕ