ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ
ਡਾ. ਹਿਮਾਂਸ਼ੂ ਸੂਦ/ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 3 ਅਕਤੂਬਰ
ਨਸ਼ਾ ਵਿਰੋਧੀ ਮੁਹਿੰਮ ਤਹਿਤ ਸੀਆਈਏ ਸਟਾਫ ਸਰਹਿੰਦ ਦੀਆਂ ਟੀਮਾਂ ਵੱਲੋਂ ਉਤਰ ਪ੍ਰਦੇਸ਼ ਨਾਲ ਸਬੰਧਤ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਨਸ਼ੇ ਦੀ ਭਾਰੀ ਖੇਪ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ| ਐੱਸਐੱਸਪੀ ਡਾ. ਰਵਜੋਤ ਗਰੇਵਾਲ ਦੱਸਿਆ ਕਿ ਸੀਆਈਏ ਸਟਾਫ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ 12 ਅਗਸਤ 2023 ਨੂੰ ਗੌਰਵ ਉਰਫ ਕਾਲਾ ਵਾਸੀ ਅੰਬਾਲਾ ਨੂੰ 44 ਨਸ਼ੀਲੇ ਟੀਕੇ ਅਤੇ 44 ਨਸ਼ੀਆਂ ਸ਼ੀਸ਼ੀਆਂ ਸਮੇਤ ਗ੍ਰਿਫ਼ਤਾਰ ਗਿਆ ਸੀ। ਇਸ ਜਾਂਚ ਦੌਰਾਨ ਪਤਾ ਲੱਗਾ ਕਿ ਗੌਰਵ ਉਰਫ ਕਾਲਾ ਸਹਾਰਨਪੁਰ (ਯੂਪੀ) ਦੇ ਨਸ਼ਾ ਤਸਕਰਾਂ ਤੋਂ ਮੈਡੀਕਲ ਨਸ਼ੇ ਖਰੀਦ ਕੇ ਪੰਜਾਬ ਵਿੱਚ ਵੇਚਦਾ ਹੈ। ਇਨ੍ਹਾਂ ਵਿੱਚੋਂ ਇੱਕ ਦਾ ਨਾਮ ਮੁਹੰਮਦ ਅਰਬਾਜ਼ ਹੈ| ਇਸ ਦੀ ਪੈੜ ਨੱਪਦਿਆਂ ਪੁਲੀਸ ਨੇ ਸਹਾਰਨਪੁਰ ਵਿੱਚ ਮੈਡੀਕਲ ਸਟੋਰ ਚਲਾ ਰਹੇ ਮੁਹੰਮਦ ਅਰਬਾਜ਼ ਅਤੇ ਉਸਦੇ ਸਾਥੀ ਮੁਹੰਮਦ ਸਲਮਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਵੱਲੋਂ ਸਹਾਰਨਪੁਰ ਵਿੱਚ ਇੱਕ ਗੁਦਾਮ ਵੀ ਕਿਰਾਏ ’ਤੇ ਲਿਆ ਹੋਇਆ ਸੀ।
ਇਸ ਵਿੱਚ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ| ਇਨ੍ਹਾਂ ਦੋਵਾਂ ਨੂੰ ਨਸ਼ੇ ਦੀ ਸਪਲਾਈ ਦੇਣ ਵਾਲੇ ਮੁਹੰਮਦ ਸਾਹਬਾਜ਼ ਵਾਸੀ ਬੀਜੋਪੁਰਾ ਸਹਾਰਨਪੁਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ’ਚ ਪਤਾ ਲੱਗਾ ਕਿ ਆਗਰਾ ਵਾਸੀ ਰਾਕੇਸ਼ ਕੁਮਾਰ ਉਰਫ ਮਨੋਜ ਕੁਮਾਰ ਨਾਮਕ ਵਿਅਕਤੀ ਇਨ੍ਹਾਂ ਨੂੰ ਨਸ਼ੇ ਦੀ ਸਪਲਾਈ ਕਰਦਾ ਹੈ। ਸੀਆਈਏ ਦੀ ਟੀਮ ਵੱਲੋਂ ਆਗਰਾ ਤੋਂ ਭਾਰੀ ਮਾਤਰਾ ’ਚ ਨਸ਼ੀਲੇ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ|