ਹਵਾ ਵਿੱਚ ਤਰਦਾ ਦੀਵਾ
ਹਰੀਸ਼ ਜੈਨ
ਮੈਂ ਉਸ ਨੂੰ ਹਮੇਸ਼ਾ ਕਵੀ ਜੀ ਕਹਿ ਕੇ ਸੱਦਦਾ, ਸਾਡੇ ਕਵੀ ਜੀ; ਲੱਗਦਾ ਵੀ ਤਾਂ ਉਹ ਬਣਿਆ-ਤਣਿਆ ਕਵੀ ਹੀ ਸੀ, ਆਪਣੀ ਕਿਸੇ ਗ਼ਜ਼ਲ ਦੇ ਸ਼ਿਅਰ ਵਰਗਾ। ਉਸ ਦੀ ਚਾਲ ਵਿੱਚ ਤਰਨੁੰਮ ਰਹਿੰਦਾ ਅਤੇ ਚਿਹਰੇ ’ਤੇ ਲੈਅ। ਸਹਿਜ ਸੁਭਾਅ ਵੀ ਕਦੇ ਉੱਚਾ ਨਹੀਂ ਸੀ ਬੋਲਦਾ। ਮੰਦਾ ਕਦੇ ਕਿਸੇ ਬਾਰੇ ਵੀ ਨਹੀਂ; ਦਰਅਸਲ ਸਿਫ਼ਤ ਕਰਨ ਲਈ ਹੀ ਉਸ ਕੋਲ ਐਨੇ ਸ਼ਬਦ ਹੁੰਦੇ ਸਨ ਕਿ ਕੁਝ ਹੋਰ ਕਹਿਣ ਦੀ ਵਾਰੀ ਹੀ ਨਹੀਂ ਸੀ ਆਉਂਦੀ।
ਉਸ ਨੂੰ ਮਿਲਦਿਆਂ ਹੀ ਮੇਰੇ ਮਨ ਵਿੱਚ ਅਨੇਕਾਂ ਸੰਭਾਵਨਾਵਾਂ ਦੇ ਬੀਜ ਹਿਲਜੁਲ ਮਚਾਉਣ ਲੱਗਦੇ। ਕਦੇ ਮੈਂ ਉਸ ਨੂੰ ਯਾਦ ਕਰਵਾਉਂਦਾ ਕਿ ਅੱਜ ਪੰਜਾਬੀ ਕਵਿਤਾ ਨੂੰ ਸਭ ਤੋਂ ਵੱਧ ਤੂੰ ਜਾਣਦਾ ਹੈਂ। ਤੂੰ ਇਸ ਦੇ ਬਾਰੇ ਦੱਸ। ‘‘ਹਾਂ, ਇਹ ਜ਼ਰੂਰੀ ਹੈ,’’ ਉਹ ਮੇਰੀ ਹਾਂ ਵਿੱਚ ਹਾਂ ਹੀ ਨਾ ਮਿਲਾਉਂਦਾ ਸਗੋਂ ਮੇਰੀ ਗੱਲ ਨੂੰ ਅਗਾਂਹ ਤੋਰਦਿਆਂ ਇਸ ਦੀ ਕੋਈ ਵਿਉਂਤਬੰਦੀ ਘੜਨ ਲੱਗਦਾ। ਜਦੋਂ ਗੱਲ ਖ਼ਤਮ ਹੁੰਦੀ ਤਾਂ ਅਸੀਂ ਇਸ ਨੂੰ ਜਾਰੀ ਰੱਖਣ ਦਾ ਵਾਅਦਾ ਕਰਕੇ ਆਪਣੀ ਰਾਹ ਤੁਰ ਪੈਂਦੇ, ਪਰ ਗੱਲ ਵੀ ਨਾਲ ਹੀ ਕਿਸੇ ਰਾਹ ਤੁਰ ਜਾਂਦੀ ਅਤੇ ਮੁੜ ਕਦੇ ਹੱਥ ਨਾ ਲੱਗਦੀ ਤੇ ਸਮੇਂ ਨਾਲ ਵਿਸਰ ਜਾਂਦੀ। ਪਿਛਲੇ ਤਿੰਨ ਦਹਾਕਿਆਂ ਵਿੱਚ ਨਾ ਮੈਂ ਕਦੇ ਕਿਸੇ ਨਵੀਂ ਤਜਵੀਜ਼ ਦੀ ਗੱਲ ਤੋਰਨ ਦੀ ਆਪਣੀ ਇੱਛਾ ਤਿਆਗੀ ਸੀ ਅਤੇ ਨਾ ਹੀ ਉਸ ਨੇ ਕਦੇ ਉਸ ’ਤੇ ਨੰਨਾ ਪਾਇਆ ਸੀ, ਪਰ ਨਾ ਹੀ ਉਹ ਕਦੇ ਉਸ ਤੋਂ ਅਗਾਂਹ ਦੱਸੀ ਸੀ। ਪਰ ਇਹ ਬਾਤ ਨਿਰੀ ਏਨੀ ਹੀ ਨਹੀਂ ਸੀ। ਇਹ ਇੱਕ ਦੂਜੇ ਦਾ ਅੰਦਰ ਫਰੋਲਣ ਦਾ ਯਤਨ ਹੁੰਦਾ। ਮਨ ਦੀਆਂ ਅਨੇਕਾਂ ਗੱਲਾਂ ਸਾਂਝੀਆਂ ਹੋ ਜਾਂਦੀਆਂ।
ਪਾਤਰ ਨੂੰ ਕਵਿਤਾ ਬਹੁਤ ਯਾਦ ਸੀ, ਪਰ ਆਪਣੀ ਘੱਟ ਤੇ ਦੂਸਰਿਆਂ ਦੀ ਜ਼ਿਆਦਾ। ਉਹ ਹਰ ਮੌਕੇ ’ਤੇ ਕਿਸੇ ਪੰਜਾਬੀ ਕਵਿਤਾ ਜਾਂ ਗ਼ਜ਼ਲ ਦਾ ਟੁਕੜਾ ਸੁਣਾ ਸਕਦਾ ਸੀ, ਪਰ ਉਹ ਹਮੇਸ਼ਾ ਹੀ ਕਿਸੇ ਹੋਰ ਸ਼ਾਇਰ ਦਾ ਕਲਾਮ ਹੁੰਦਾ। ਬਹੁਤ ਘੱਟ ਹੁੰਦਾ ਕਿ ਉਹ ਆਪਣਾ ਸ਼ਿਅਰ ਜਾਂ ਕਵਿਤਾ ਪੇਸ਼ ਕਰਦਾ। ਮੈਂ ਹੱਸਦਾ ਉਸ ਨੂੰ ਪੰਜਾਬੀ ਕਵਿਤਾ ਦਾ ਵਿਸ਼ਵਕੋਸ਼ ਕਹਿ ਦਿੰਦਾ ਕਿਉਂਕਿ ਕਿਸੇ ਵੀ ਕਵੀ ਦਾ ਕੁਝ ਚੰਗਾ ਸੁਣਾਉਣ ਲਈ ਉਸ ਕੋਲ ਹਮੇਸ਼ਾ ਹੁੰਦਾ। ਇਸ ਲਈ ਹੀ ਉਹ ਕਹਿ ਸਕਦਾ ਸੀ:
ਤੇਰੇ ਕਲਾਮ ਨੂੰ ਜਜ਼ਬੇ ਬਹੁਤ ਮਹੀਨ ਮਿਲੇ
ਦਿਖਾਈ ਦੇਣ, ਜੇ ਹੰਝੂ ਦੀ ਖ਼ੁਰਦਬੀਨ ਮਿਲੇ
ਸਦਾ ਭਟਕਦਾ ਰਿਹਾ ਮੈਂ ਗ਼ਜ਼ਲ ਦਾ ਖਾਨਾਬਦੋਸ਼
ਨਵਾਂ ਖ਼ਿਆਲ ਕੋਈ ਜਾਂ ਨਵੀਂ ਜ਼ਮੀਨ ਮਿਲੇ।
ਇਹ ਪੰਜਾਬੀ ਦਾ ਸਭ ਤੋਂ ਵੱਡਾ ਗ਼ਜ਼ਲਗੋ ਹੀ ਕਹਿ ਸਕਦਾ ਸੀ ਕਿ ਉਹ ਗ਼ਜ਼ਲ ਦਾ ਖ਼ਾਨਾਬਦੋਸ਼ ਹੈ। ਦਰਅਸਲ, ਦੂਸਰੇ ਦੀ ਕਵਿਤਾ ਨੂੰ ਵਡਿਆਉਣ ਤੇ ਸਨਮਾਨ ਦੇਣ ਵਾਲਾ ਹੀ ਕਵੀ ਹੋ ਸਕਦਾ ਹੈ।
ਵੱਡਾ ਕਵੀ ਹੋਣਾ ਅਤੇ ਵੱਡਾ ਇਨਸਾਨ ਹੋਣਾ ਦੋਵੇਂ ਵੱਖ ਵੱਖ ਹਨ, ਪਰ ਸੁਰਜੀਤ ਪਾਤਰ ਦੋਵੇਂ ਹੀ ਸੀ। ਕਿਸੇ ਦੀ ਮਦਦ ਕਰਨਾ, ਕਿਸੇ ਦੇ ਨਾਲ ਖੜ੍ਹਨਾ ਤੇ ਆਪਣੀ ਗੱਲ ’ਤੇ ਪਹਿਰਾ ਦੇਣਾ ਉਸ ਨੂੰ ਖ਼ੂਬ ਆਉਂਦਾ ਸੀ। ਅਜੇ ਪਿਛਲੇ ਮਹੀਨੇ ਦੀ ਹੀ ਗੱਲ ਹੈ। ਕੋਈ ਪਟੀਸ਼ਨ ਲਿਖੀ ਜਾ ਰਹੀ ਸੀ ਜਿਸ ਵਿੱਚ ਪਟੀਸ਼ਨਕਰਤਾ ਪੰਜਾਬੀ ਦੇ ਵੱਡੇ ਲੇਖਕ ਦਾ ਨਾਂ ਵੀ ਜੋੜਨਾ ਚਾਹੁੰਦੇ ਸਨ। ਉਨ੍ਹਾਂ ਮੈਨੂੰ ਪੁੱਛਿਆ। ਮੈਂ ਸੁਰਜੀਤ ਨੂੰ ਪਟੀਸ਼ਨ ਦੀ ਕਾਪੀ ਭੇਜ ਕੇ ਉਸ ਦੀ ਰਜ਼ਾਮੰਦੀ ਲਈ ਪੁੱਛਿਆ, ਕੁਝ ਹੀ ਸਮੇਂ ਵਿੱਚ ਉਸ ਦੀ ਹਾਂ ਆ ਗਈ। ਬਸ ਇੱਕ ਹੀ ਸ਼ਰਤ ਸੀ ਕਿ ਉਸ ਦੇ ਨਾਂ ਨਾਲ ਸਿਰਫ਼ ਪੰਜਾਬੀ ਕਵੀ ਲਿਖਿਆ ਜਾਵੇ, ਕੋਈ ਅਹੁਦਾ ਜਾਂ ਪਦਵੀ ਨਹੀਂ। ਅਜਿਹੇ ਅਨੇਕਾਂ ਹੀ ਕਿੱਸੇ ਹੋਏ। ਕਿਸੇ ਮਸਲੇ ’ਤੇ ਕਦੇ ਵੀ ਉਸ ਨੂੰ ਲੋਕਾਂ ਦੀ ਧਿਰ ਬਣ ਕੇ ਖੜ੍ਹਾ ਹੋਣਾ ਪਿਆ ਤਾਂ ਉਹ ਨਿਰਸੰਕੋਚ ਮੂਹਰਲੀ ਕਤਾਰ ਵਿੱਚ ਰਿਹਾ।
ਉਹ ਵੱਡਾ ਕਵੀ ਸੀ। ਚੰਗਾ ਨਾਟਕਕਾਰ ਅਤੇ ਵਾਰਤਕਕਾਰ ਵੀ ਸੀ। ਉਸ ਦੀ ਵਾਰਤਕ ਵਿੱਚ ਵੀ ਕਵਿਤਾ ਵਰਗੀ ਹੀ ਲੈਅ ਸੀ। ਕਿਤਾਬਾਂ ਬਹੁਤ ਹਨ ਜਿਨ੍ਹਾਂ ਦੇ ਪ੍ਰਕਾਸ਼ਿਤ ਹੋਣ ਦੀਆਂ ਬਹੁਤ ਦਿਲਚਸਪ ਕਹਾਣੀਆਂ ਹਨ। ਹਰ ਪੁਸਤਕ ਆਪਣੇ ਆਪ ਵਿੱਚ ਇੱਕ ਪੂਰਾ ਕੋਸ਼ ਹੁੰਦਾ ਜਿਸ ਨੂੰ ਕਿੰਨਾ ਵੀ ਸਮਾਂ ਲੱਗ ਸਕਦਾ ਸੀ। ਕੁਝ ਮਹੀਨਿਆਂ ਤੋਂ ਲੈ ਕੇ ਸਾਲਾਂ ਤਕ। ਪਰਫੈਕਸ਼ਨ ਦਾ ਕੀੜਾ ਸੀ। ਇਸ ਲਈ ਵਾਰ ਵਾਰ ਦੇਖੀ ਜਾਣਾ ਅਤੇ ਦਰੁਸਤ ਕਰਨਾ ਆਦਤ ਵਿੱਚ ਸ਼ਾਮਲ ਸੀ। ਰੰਗਾਂ ਦੀ ਪਰਖ ਤਾਂ ਉਸ ਨੂੰ ਲਲਾਰੀ ਤੋਂ ਵੱਧ ਸੀ। ਮੈਨੂੰ ਕਹਿੰਦਾ, ਰੰਗ ਆਪਸ ਵਿੱਚ ਗੱਲਾਂ ਕਰਦੇ ਹਨ। ਜਿਨ੍ਹਾਂ ਦੀ ਆਪਸ ਵਿੱਚ ਨਹੀਂ ਬਣਦੀ ਉਹ ਲੜ ਪੈਂਦੇ ਹਨ ਅਤੇ ਲੜਦੇ ਰੰਗ ਸਾਡੀਆਂ ਅੱਖਾਂ ਨੂੰ ਚੰਗੇ ਨਹੀਂ ਲੱਗਦੇ। ਕਿਤਾਬ ਦੇ ਪੰਨਿਆਂ ਵਿੱਚੋਂ ਉਸ ਨੂੰ ਸਿਤਾਰ ਦੀਆਂ ਧੁਨੀਆਂ ਸੁਣਾਈ ਦਿੰਦੀਆਂ। ਜੇ ਅੱਖਰ ਨਾ ਠੀਕ ਚਿਣੇ ਹੋਣ ਤਾਂ ਉਹ ਬੇਸੁਰੇ ਹੋ ਜਾਂਦੇ ਹਨ। ਦਰਅਸਲ, ਸੁਰ ਉਸ ਦੇ ਮਿਜਾਜ਼ ਵਿੱਚ ਹੀ ਸੀ। ਉਸ ਨੂੰ ਰੁਮਕਦੀ ਹਵਾ ਵੀ ਆਪਣੀ ਧੁਨ ਨਾਲ ਆਨੰਦਤ ਕਰ ਜਾਂਦੀ। ਇਹ ਹੀ ਸੁਰ ਤਾਲ ਉਸ ਦੀ ਸਾਰੀ ਸ਼ਾਇਰੀ ਵਿੱਚ ਸੀ। ਉਹ ਲਿਖ ਕੇ ਛੱਡ ਗਿਆ ਹੈ:
ਸੂਰਜ ਨ ਡੁਬਦਾ ਕਦੇ ਸਿਰਫ਼ ਛੁਪਦਾ ਹੈ
ਮਤ ਸੋਚ ਕਿ ਮਰ ਜਾਏਂਗਾ ਸਿਵੇ ’ਚ ਬਲ ਕੇ।
ਸੰਪਰਕ: 98150-00873