ਪੁੱਤ ਦੇ ਜਨਮ ਦਿਨ ਲਈ ਛੁੱਟੀ ਨਾ ਮਿਲਣ ’ਤੇ ਮਜ਼ਦੂਰ ਵੱਲੋਂ ਖ਼ੁਦਕੁਸ਼ੀ
ਪੱਤਰ ਪ੍ਰੇਰਕ
ਡੱਬਵਾਲੀ, 8 ਅਗਸਤ
ਪੁੱਤਰ ਦੇ ਜਨਮ ਦਿਨ ਲਈ ਫੈਕਟਰੀ ਮਾਲਕ ਤੋਂ ਛੁੱਟੀ ਅਤੇ ਪੈਸੇ ਮੰਗਣਾ ਮਜ਼ਦੂਰ ਮਨਪ੍ਰੀਤ ਸਿੰਘ ਲਈ ਗ਼ੁਨਾਹ ਹੋ ਗਿਆ। ਉਸ ਨੂੰ ਛੁੱਟੀ ਤੇ ਪੈਸੇ ਤਾਂ ਨਹੀਂ ਮਿਲੇ ਸਗੋਂ ਮਾਲਕ ਨੇ ਉਸ ਤੋਂ ਹਲਫ਼ੀਆ ਲਿਖਵਾ ਲਿਆ। ਇਸ ਕਾਰਨ ਪ੍ਰੇਸ਼ਾਨ ਮਜ਼ਦੂਰ ਨੇ ਸਹੁਰੇ ਘਰ ਪਿੰਡ ਸ਼ੇਰਗੜ੍ਹ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸਿਟੀ ਪੁਲੀਸ ਨੇ ਮ੍ਰਿਤਕ ਦੇ ਸਹੁਰਾ ਰਾਮਪਾਲ ਦੇ ਬਿਆਨਾਂ ’ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਫੈਕਟਰੀ ਮਾਲਕ ਜਿੰਦਲ ਗਰਗ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕੀਤਾ ਹੈ।
ਮਾਮਲਾ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਡੁਲਟ ਦੀ ਫੈਕਟਰੀ ਨਾਲ ਜੁੜਿਆ ਦੱਸਿਆ ਜਾਂਦਾ ਹੈ। ਮਨਪ੍ਰੀਤ ਜਨਵਰੀ ਮਹੀਨੇ ਤੋਂ ਪਾਈਪ ਫੈਕਟਰੀ ’ਚ ਕੰਮ ਕਰ ਰਿਹਾ ਸੀ। ਉਸ ਦੀ ਪਤਨੀ ਦੋ ਸਾਲਾ ਪੁੱਤਰ ਨਾਲ ਆਪਣੇ ਪੇਕੇ ਘਰ ਰਹਿੰਦੀ ਸੀ। ਮਨਪ੍ਰੀਤ ਤਿੰਨ ਅਗਸਤ ਨੂੰ ਆਪਣੇ ਪੁੱਤਰ ਹਰਸ਼ ਦੇ ਜਨਮ ਦਿਨ ’ਤੇ ਸ਼ੇਰਗੜ੍ਹ ਆਉਣਾ ਸੀ। ਮਾਲਕ ਨੇ ਛੁੱਟੀ ਅਤੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮਨਪ੍ਰੀਤ ਬੱਸ ਰਾਹੀਂ ਆਉਣ ਲੱਗਾ ਤਾਂ ਫੈਕਟਰੀ ਮਾਲਕ ਨੇ ਜ਼ਬਰਰਦਸਤੀ ਬੱਸ ਰੁਕਵਾ ਕੇ ਉਸ ਤੋਂ ਰੁਪਿਆਂ ਬਾਰੇ ਕੋਈ ਹਲਫ਼ੀਆ ਬਿਆਨ ਲਿਖਵਾ ਲਿਆ। ਦੱਸਿਆ ਜਾਂਦਾ ਹੈ ਕਿ ਮਨਪ੍ਰੀਤ ਨੇ ਫੈਕਟਰੀ ਮਾਲਕ ਦੇ ਕਰੀਬ 32 ਹਜ਼ਾਰ ਰੁਪਏ ਦੇਣ ਸਨ।
ਰਾਮਪਾਲ ਨੇ ਦੱਸਿਆ ਕਿ ਉਸ ਨੇ ਫੈਕਟਰੀ ਮਾਲਕ ਨੂੰ ਫੋਨ ’ਤੇ ਗੱਲ ਕਰ ਕੇ ਉਸ ਦੇ ਪੈਸੇ ਖ਼ੁਦ ਦੇਣ ਦਾ ਭਰੋਸਾ ਦਿਵਾਇਆ ਤਾਂ ਮਨਪ੍ਰੀਤ ਪੰਜ ਅਗਸਤ ਨੂੰ ਸ਼ੇਰਗੜ੍ਹ ਆ ਗਿਆ। ਪਰ ਉਹ ਹਲਫੀਆ ਬਿਆਨ ’ਤੇ ਦਸਤਖ਼ਤ ਕਰਨ ਤੋਂ ਬੇਹੱਦ ਪ੍ਰੇਸ਼ਾਨ ਸੀ।