ਮੋਗਾ ਵਿੱਚ ਬਲੈਕਮੇਲ ਕਰਨ ’ਤੇ ਮਜ਼ਦੂਰ ਵੱਲੋਂ ਖ਼ੁਦਕੁਸ਼ੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਸਤੰਬਰ
ਇਥੇ ਸ਼ਹਿਰ ਦੀ ਪੁਰਾਣੀ ਆਬਾਦੀ ਪੁਰਾਣਾ ਮੋਗਾ ਵਿੱਚ ਇੱਕ ਮਜ਼ਦੂਰ ਨੇ ਸਥਾਨਕ ਇੱਕ ਕੌਂਸਲਰ ਤੇ ਇੱਕ ਕਥਿਤ ਪੁਲੀਸ ਮੁਲਾਜ਼ਮ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਉਸ ਦਾ 25 ਦਿਨ ਪਹਿਲਾਂ ਵਿਆਹ ਹੋਇਆ ਸੀ। ਥਾਣਾ ਸਿਟੀ ਦੱਖਣੀ ਪੁਲੀਸ ਨੇ ਕੌਂਸਲਰ ਤੇ ਕਥਿਤ ਪੁਲੀਸ ਮੁਲਾਜ਼ਮ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੋਸ਼ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਤੇ ਜਾਂਚ ਅਧਿਕਾਰੀ ਏਐੱਸਆਈ ਰਾਜਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰ ਦੀ ਪਛਾਣ ਦਵਿੰਦਰ ਸਿੰਘ (20) ਵਾਸੀ ਪੁਰਾਣਾ ਮੋਗਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਸੰਤ ਸਿੰਘ ਦੇ ਬਿਆਨ ਉੱਤੇ ਬੂਟਾ ਸਿੰਘ ਜੋ ਕੌਂਸਲਰ ਦੱਸਿਆ ਜਾਂਦਾ ਹੈ ਅਤੇ ਜੱਸਾ ਨਾਮ ਦੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੀੜਤ ਪਰਿਵਾਰ ਮੁਤਾਬਕ ਦਵਿੰਦਰ ਸਿੰਘ ਦਾ ਕਰੀਬ 25 ਦਿਨ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਮਜ਼ਦੂਰੀ ਕਰਦਾ ਸੀ। ਪੁਲੀਸ ਮੁਤਾਬਕ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਮੁਲਜ਼ਮ ਉਨ੍ਹਾਂ ਦੇ ਪੁੱਤਰ ਨੂੰ ਬਲੈਕਮੇਲ ਕਰਕੇ 11 ਹਜ਼ਾਰ ਰੁਪਏ ਦੀ ਮੰਗ ਕਰ ਰਹੇ ਸਨ ਅਤੇ ਆਖ ਰਹੇ ਸਨ ਕਿ ਜੇ ਉਸ ਨੇ ਇਹ ਰਕਮ ਨਾ ਦਿੱਤੀ ਉਸ ਉੱਤੇ ਚੋਰੀ ਦਾ ਪਰਚਾ ਦਰਜ ਕਰਵਾ ਦਿੱਤਾ ਜਾਵੇਗਾ। ਪਰਿਵਾਰ ਮੁਤਾਬਕ ਮੁਲਜ਼ਮ ਜੱਸਾ ਖੁਦ ਨੂੰ ਪੁਲੀਸ ਮੁਲਾਜ਼ਮ ਦੱਸਦਾ ਸੀ। ਥਾਣਾ ਮੁਖੀ ਤੇ ਜਾਂਚ ਅਧਿਕਾਰੀ ਨੇ ਸਪਸਟ ਕੀਤਾ ਕਿ ਮੁੱਢਲੀ ਜਾਂਚ ਵਿੱਚ ਜੱਸਾ ਨਾਮ ਦਾ ਕੋਈ ਪੁਲੀਸ ਮੁਲਾਜ਼ਮ ਨਹੀਂ ਹੈ ਅਤੇ ਉਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ।