ਤਿੰਨ ਮੰਜ਼ਿਲਾ ਇਮਾਰਤ ’ਚ ਕਬਾੜ ਨੂੰ ਅੱਗ ਲੱਗੀ
ਸਰਬਜੀਤ ਗਿੱਲ
ਫਿਲੌਰ, 4 ਨਵੰਬਰ
ਇੱਥੇ ਮਈਆ ਮੰਦਰ ਕੋਲ ਕੌਮੀ ਮਾਰਗ ’ਤੇ ਤਿੰਨ ਮੰਜ਼ਿਲਾ ਇਮਾਰਤ ’ਚ ਪਏ ਕਬਾੜ ਨੂੰ ਲੰਘੀ ਰਾਤ ਅੱਗ ਲੱਗ ਗਈ ਜਿਸ ਕਾਰਨ ਇਮਾਰਤ ’ਚ ਪਿਆ ਸਾਰਾ ਕਬਾੜ ਸੜ ਕੇ ਸਵਾਹ ਹੋ ਗਿਆ। ਇਸ ਇਮਾਰਤ ਦੇ ਨੇੜੇ ਇੰਡੀਅਨ ਆਇਲ ਦਾ ਪੈਟਰੋਲ ਪੰਪ ਵੀ ਹੈ, ਜਿਸ ਦਾ ਬਚਾਅ ਹੋ ਗਿਆ।
ਪੰਪ ਦੇ ਕਿਸੇ ਕਰਮਚਾਰੀ ਨੇ ਇਸ ਇਮਾਰਤ ਦੇ ਮੁੱਖ ਦਰਵਾਜ਼ੇ ਨੇੜੇ ਅੱਧੀ ਰਾਤ ਵੇਲੇ ਅੱਗ ਵੇਖੀ, ਜਿਸ ਦੀ ਸੂਚਨਾ ਤੁਰੰਤ ਕਬਾੜ ਦੇ ਮਾਲਕ ਨੂੰ ਦਿੱਤੀ। ਸਥਾਨਕ ਅੱਗ ਬੁਝਾਉਣ ਵਾਲੇ ਵਾਹਨ ਨੇ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਜ਼ਿਆਦਾ ਹੋਣ ਕਾਰਨ ਲੁਧਿਆਣਾ ਅਤੇ ਫਗਵਾੜਾ ਤੋਂ ਵੀ ਫਾਇਰ ਬ੍ਰਿਗੇਡ ਮੰਗਵਾਉਣੀਆਂ ਪਈਆਂ। ਇਹ ਇਮਾਰਤ ਪੰਪ ਦੇ ਮਾਲਕ ਦੀ ਦੱਸੀ ਜਾ ਰਹੀ ਹੈ ਜਿਸ ਨੇ ਕਿਸੇ ਕਬਾੜੀਏ ਨੂੰ ਸਾਮਾਨ ਰੱਖਣ ਵਾਸਤੇ ਵਕਤੀ ਤੌਰ ’ਤੇ ਦਿੱਤੀ ਸੀ। ਇਹ ਕਬਾੜੀਆਂ ਕਿਤੇ ਹੋਰ ਸ਼ੈੱਡ ਦੀ ਉਸਾਰੀ ਕਰ ਰਿਹਾ ਸੀ, ਜਿਸ ਕਾਰਨ ਉਸ ਨੇ ਆਪਣਾ ਕਬਾੜ ਇਸ ਇਮਾਰਤ ’ਚ ਪਿਆ ਸੀ। ਪਲਾਸਟਿਕ ਸਮੇਤ ਹੋਰ ਜਲਣਸ਼ੀਲ ਸਾਮਾਨ ਪਿਆ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਅੱਜ ਸ਼ਾਮ ਤੱਕ ਵੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ’ਤੇ ਪਾਣੀ ਪਾ ਰਹੇ ਸਨ। ਅੱਗ ਬਝਾਉਣ ਲਈ ਪੰਜਾਹ ਪਾਣੀ ਦੇ ਟੈਂਕ ਅਤੇ 16 ਫਾਇਰ ਬ੍ਰਿਗੇਡ ਦੀ ਵਰਤੋਂ ਕਰਕੇ ਅੱਗ ’ਤੇ ਕਾਬੂ ਪਾਇਆ ਗਿਆ। ਇਸ ਘਟਨਾ ’ਚ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।