For the best experience, open
https://m.punjabitribuneonline.com
on your mobile browser.
Advertisement

ਮੀਲਾਂ ਦਾ ਸਫ਼ਰ

07:33 AM Jul 06, 2024 IST
ਮੀਲਾਂ ਦਾ ਸਫ਼ਰ
Advertisement

ਡਾ. ਪ੍ਰਵੀਨ ਬੇਗਮ
ਸਵੇਰ ਦੀ ਸਭਾ ਦੀ ਘੰਟੀ ਵੱਜੀ ਤਾਂ ਵਿਦਿਆਰਥੀ ਪ੍ਰਾਰਥਨਾ ਗਰਾਊਂਡ ਵਿੱਚ ਜਾ ਖਲੋਤੇ। ਸਕੂਲ ਦਾ ਮੁੱਖ ਗੇਟ ਬੰਦ ਹੋ ਚੁੱਕਿਆ ਸੀ। ਪੰਜ ਸੱਤ ਮਿੰਟ ਬਾਅਦ ਚੱਲਦੀ ਸਭਾ ਵਿੱਚ ਮੇਰਾ ਧਿਆਨ ਮੁੱਖ ਗੇਟ ਦੇ ਹੇਠਾਂ ਲੱਗੀਆਂ ਲੋਹੇ ਦੀਆਂ ਜਾਲੀਆਂ ਵੱਲ ਗਿਆ। ਸ਼ਾਇਦ ਉੱਥੇ ਕੋਈ ਵਿਦਿਆਰਥੀ ਖਲੋਤਾ ਸੀ। ਗੇਟ ਖੁੱਲ੍ਹਵਾ ਕੇ ਉਸ ਨੂੰ ਰੋਜ਼ ਦੇਰੀ ਨਾਲ ਆਉਣ ਦਾ ਕਾਰਨ ਥੋੜ੍ਹੇ ਤਲਖ ਲਹਿਜੇ ਵਿੱਚ ਪੁੱਛਿਆ, ਨਾਲ ਹੀ ਅੱਗੇ ਤੋਂ ਦੇਰੀ ਨਾਲ ਨਾ ਆਉਣ ਦੀ ਤਾੜਨਾ ਕੀਤੀ। ਭਰੀਆਂ ਅੱਖਾਂ ਨਾਲ ਬੜੇ ਮਾਯੂਸ ਲਹਿਜੇ ਵਿੱਚ ਉਹਨੇ ਦੱਸਿਆ, “ਪਿੰਡੋਂ ਕਈ ਕਿਲੋਮੀਟਰ ਤੁਰ ਕੇ ਨਹਿਰੋ-ਨਹਿਰ ਆਉਂਦੀ ਆਂ।” ਸੁਣ ਕੇ ਮੈਂ ਸੁੰਨ ਹੋ ਗਈ। ਸੁੰਨਾ ਨਹਿਰੀ ਰਸਤਾ। ਉਸ ਨਾਲ ਹਮਦਰਦੀ ਜਤਾਉਂਦਿਆਂ ਪਿਆਰ ਨਾਲ ਉਹਨੂੰ ਪ੍ਰਾਰਥਨਾ ਵਿੱਚ ਜਾ ਕੇ ਖੜ੍ਹਨ ਲਈ ਕਿਹਾ।
ਪ੍ਰਾਰਥਨਾ ਵਿੱਚ ਖੜ੍ਹੇ-ਖੜ੍ਹੇ ਵੀ ਉਸ ਬਾਲੜੀ ਦੀ ਫ਼ਿਕਰ ਹੋਈ। ਇਕੱਲੇ ਤੁਰ ਕੇ ਸੁੰਨੀ ਜਗ੍ਹਾ ਤੋਂ ਆਉਣਾ ਤੇ ਉਪਰੋਂ ‘ਕੁੜੀਆਂ ਦੀ ਸੁਰੱਖਿਆ ਦੀ ਘਾਟ’ ਤਾਂ ਸਾਡੇ ਸਮਾਜ ਦਾ ਅੱਲ੍ਹਾ ਫੱਟ ਹੈ। ਸਵੇਰੇ ਪੜ੍ਹੀ ਅਖ਼ਬਾਰ ਦੀ ਦਰਦਨਾਇਕ ਖ਼ਬਰ- ਸਕੂਲੋਂ ਘਰ ਵਾਪਸ ਜਾ ਰਹੀ ਬੱਚੀ ਲਾਪਤਾ’ ਬਾਰੇ ਸੋਚ ਕੇ ਮਨ ਨੂੰ ਡੋਬੂ ਪੈਣ ਲੱਗੇ, ਨਾਲ ਹੀ ਦੁਆ ਆਪਮੁਹਾਰੇ ਨਿਕਲੀ- ਸ਼ਾਲਾ! ਖੈਰ ਕਰੀਂ।
ਸੋਚ ਰਹੀ ਸੀ, ਜ਼ਮਾਨਾ ਕਿੰਨਾ ਬਦਲ ਗਿਆ। ਚੇਤਿਆਂ ਵਿੱਚ ਮੈਨੂੰ ਵੀ ਆਪਣੇ ਪੰਜ ਸੱਤ ਸਾਲਾਂ ਦਾ ਉਹ ਸਫ਼ਰ ਚੇਤੇ ਆ ਗਿਆ ਜਿਹੜਾ ਮੈਂ ਵੀ ਸੁੰਨੇ ਰਾਹਾਂ ਤੇ ਧੁੱਪੇ ਛਾਵੇਂ ਤੁਰ ਕੇ ਹੰਢਾਇਆ ਸੀ। ਪਿੰਡੋਂ ਕਾਲਜ ਜਾਣ ਲਈ 30 ਕਿਲੋਮੀਟਰ ਤੇ ਲਗਭਗ ਦਸ ਕਿਲੋਮੀਟਰ ਪੈਦਲ। ਪਿੰਡ ਮੁੱਖ ਸੜਕ ਤੋਂ ਹਟਵਾਂ ਹੋਣ ਕਾਰਨ ਪੈਦਲ ਤੁਰ ਕੇ ਹੀ ਬੱਸ ਅੱਡੇ ਜਾਣਾ ਪੈਂਦਾ ਸੀ। ਉਹ ਉਮਰ ਹੀ ਅਜਿਹੀ ਸੀ ਕਿ ਨਾ ਜੇਠ ਹਾੜ੍ਹ ਦੀਆਂ ਧੁੱਪਾਂ ਦੀ ਤਪਸ਼ ਨਾ ਪੋਹ ਮਾਘ ਦੀਆਂ ਧੁੰਦਾਂ ਦਾ ਕੋਈ ਅਸਰ ਹੁੰਦਾ ਸੀ। ਕਿੰਨੇ ਸਾਲ ਗੰਨੇ ਦੇ ਕਮਾਦ ਅਤੇ ਝੋਨੇ ਤੇ ਕਣਕ ਦੀਆਂ ਪਹੀਆਂ ਸਾਥੀ ਰਹੇ। ਸਾਉਣ ਭਾਦੋਂ ਦੀਆਂ ਝੜੀਆਂ ਵੀ ਪੜ੍ਹਾਈ ਦਾ ਜਨੂਨ ਠੰਢਾ ਨਾ ਕਰ ਸਕੀਆਂ। ਰਾਹ ਵਿੱਚ ਸ਼ਮਸ਼ਾਨ ਹੋਣ ਕਾਰਨ ਕਈ ਵਾਰੀ ਭੈਅ ਵੀ ਆਉਂਦਾ ਪਰ ਮਨ ਵਿੱਚ ਉਹੀ ਵਲਵਲਾ ਕਿ ਤੇਰੀ ਆਪਣੀ ਮੰਜ਼ਿਲ ਹੈ, ਜੇ ਢੇਰੀ ਢਾਹ ਲਈ ਤਾਂ ਘਰਦਿਆਂ ਨੇ ਘਰ ਬਿਠਾ ਲੈਣਾ।...
ਖੇਤਾਂ ਵਿੱਚ ਕਾਮਿਆਂ ਨਾਲ ਕੰਮ ਕਰਦੇ ਬਚਨੇ ਤਾਏ ਨੂੰ ਜੇਠ ਹਾੜ੍ਹ ਦੀਆਂ ਟਿਕੀਆਂ ਧੁੱਪਾਂ ਵਿੱਚ ਕੰਮ ਕਰਦੇ ਦੇਖ ਇਕੱਲੇ ਨਾ ਹੋਣ ਦੀ ਤਸੱਲੀ ਹੋਣੀ ਤੇ ਮਸਤੀ ਨਾਲ ਨਿਡਰ ਹੋ ਕੇ ਤੁਰੀ ਜਾਣਾ। ਵਰ੍ਹਦੀ ਅੱਗ ਵਿੱਚ ਮੁੜਕੋ-ਮੁੜਕੀ ਹੋਈ ਨੇ ਜਦੋਂ ਦੋ ਪਲ ਤੂਤਾਂ ਦੀ ਛਾਵੇਂ ਖਲੋ ਚਲਦੀ ਮੋਟਰ ਤੋਂ ਪਾਣੀ ਪੀ ਤਰੋਤਾਜ਼ਾ ਹੋ, ਰੁਮਕਦੀਆਂ ਪੌਣਾਂ ਨਾਲ ਛੇੜਖਾਨੀ ਕਰਨੀ, ਬੜਾ ਸਕੂਨ ਮਿਲਦਾ। ਖੈਰ! ਉਸ ਵਕਤ ਵੱਧ ਰਹੀ ਤਕਨਾਲੋਜੀ ਦੇ ਸਰਾਪ ਤੋਂ ਬਚੇ ਹੋਣ ਕਾਰਨ ਸਮਾਜਿਕ ਕਦਰਾਂ ਕੀਮਤਾਂ ਇੰਨੀਆਂ ਵੀ ਨਹੀਂ ਸਨ ਮਰੀਆ ਕਿ ਕਾਲਜੋਂ ਆ ਜਾ ਰਹੀ ਪਿੰਡ ਦੀ ਕੁੜੀ ਨੂੰ ਕੋਈ ਕੁਝ ਕਹਿ ਸੁਣ ਲਵੇ।
ਉਂਝ, ਕਈ ਵਾਰ ਕਾਲਜ ਦੇ ਪਹਿਲੇ ਪੀਰੀਅਡ ਹੀ ਦੇਰੀ ਨਾਲ ਪਹੁੰਚਣ ’ਤੇ ਅਧਿਆਪਕਾਂ ਤੋਂ ਝਾੜ-ਝੰਬ ਕਰਵਾਉਣੀ ਪੈਂਦੀ ਸੀ। ਮੈਂ ਵੀ ਭਰੀਆਂ ਅੱਖਾਂ ਨਾਲ ਕਿਸੇ ਖੁੰਜੇ ਲੱਗ ਜਾ ਬਹਿੰਦੀ ਤੇ ਸੋਚਦੀ- ਇਹਨਾਂ ਨੂੰ ਕੀ ਪਤਾ, ਮੈਂ ਕਿਵੇਂ ਮੀਲਾਂ ਦਾ ਸਫ਼ਰ ਪੈਦਲ ਮੁਕਾ ਕੇ ਮਸਾਂ ਇੱਥੇ ਪਹੁੰਚਦੀ ਹਾਂ।... ਅੱਜ ਉਹ ਵਿਦਿਆਰਥਣ ਵੀ ਖੁਦ ਵਾਂਗ ਲਾਚਾਰ ਲੱਗੀ ਜਿਸ ਦਾ ਕੋਈ ਕਸੂਰ ਨਾ ਹੋਣ ’ਤੇ ਵੀ ਉਸ ਨੂੰ ਅਧਿਆਪਕ ਦੇ ਗੁਸੈਲੇ ਬੋਲ ਸਹਿਣੇ ਪਏ। ਮੈਨੂੰ ਆਪਣੇ ਚਿਹਰੇ ’ਤੇ ਤਰਸ ਅਤੇ ਨਿਮਰਤਾ ਦੇ ਰਲੇ ਮਿਲੇ ਭਾਵਾਂ ਦੀ ਲੋਅ ਮਹਿਸੂਸ ਹੋਈ; ਲੱਗਿਆ, ਇਹ ਕੁੜੀ ਵੀ ਮੀਲਾਂ ਦਾ ਸਫ਼ਰ ਕਰ ਕੇ ਫਿਕਰਾਂ ਵਿੱਚ ਡੁੱਬੇ ਮਨ ਨਾਲ ਭੈਅਭੀਤ ਹੋਈ ਪਤਾ ਨਹੀਂ ਕਿਵੇਂ ਅੱਜ ਦੇ ਸਮੇਂ ਵਿੱਚ ਲੋਹੇ ਵਰਗੀ ਹਿੰਮਤ ਸਦਕਾ ਸਕੂਲ ਪਹੁੰਚਦੀ ਆ...।
ਸੰਪਰਕ: 89689-48018

Advertisement

Advertisement
Advertisement
Author Image

sanam grng

View all posts

Advertisement