ਸਾਹਿਤ ਸਿਰਜਣ ਪ੍ਰਕਿਰਿਆ ਆਰ-ਪਾਰ ਦਾ ਸਫ਼ਰ
ਜਲੌਰ ਸਿੰਘ ਖੀਵਾ
ਸਾਹਿਤ ਸਿਰਜਣਾ ਇਕ ਅਜਿਹਾ ਕਰਤਾਰੀ ਕਾਰਜ ਹੈ ਜਿਸ ਵਿਚ ਕਰਤਾ (ਲੇਖਕ) ਦੇ ਆਰ-ਪਾਰ (ਅੰਦਰ-ਬਾਹਰ) ਫੈਲੇ ਹੋਏ ਸੰਸਾਰ ਦਾ ਕੋਈ ਨਾ ਕੋਈ ਰੰਗ ਰੂਪ ਸਾਕਾਰ ਹੋ ਕੇ ਸਾਹਿਤ-ਕਿਰਤ ਨੂੰ ਸਕਾਰਾਤਮਕ ਬਣਾਉਂਦਾ ਹੈ। ਕਰਤਾ ਉਦੋਂ ‘ਕਰਤਾਰ’ ਬਣਦਾ ਹੈ ਜਦੋਂ ਉਹ ਆਪਣੇ ਆਪੇ ਤੋਂ ਬਾਹਰ ਆ ਕੇ ਆਪਣੀ ਕਿਰਤ ਰਾਹੀਂ ਸਾਕਾਰ ਹੁੰਦਾ ਹੈ। ਕਿਰਤ ਤੇ ਅੰਗਰੇਜ਼ੀ ਸ਼ਬਦ ਕ੍ਰੀਏਟ (Create) ਸਮਭਾਵੀ ਹਨ। ਕਰਤਾ ਜੋ ਕ੍ਰੀਏਟ ਕਰਦਾ ਹੈ, ਸਿਰਜਦਾ ਹੈ ਉਹ ਉਹਦੀ ਕਿਰਤ ਹੈ। ਸਿਰਜਣ ਕਾਰਜ ਵਿਚ ਮਿਹਨਤ ਕਰਨੀ ਪੈਂਦੀ ਹੈ। ਇਸ ਲਈ ਅਸੀਂ ਕਿਰਤ ਨੂੰ ਮਿਹਨਤ ਦੇ ਅਰਥਾਂ ਵਿਚ ਲੈਂਦੇ ਹਾਂ ਪਰ ਕਿਰਤ ਤੇ ਕੰਮ ਵਿਚ ਅੰਤਰ ਹੈ। ਕੰਮ ਕਿਰਤ ਦਾ ਹਿੱਸਾ ਹੈ ਜਾਂ ਇਉਂ ਕਹਿ ਲਵੋ ਕੰਮ ਕਿਰਤ ਦਾ ਆਧਾਰ ਹੈ। ਕੰਮ ਦਾ ਸਬੰਧ ਕਿਰਿਆ ਨਾਲ ਹੈ ਅਤੇ ਕਿਰਿਆ ਦਾ ਸਬੰਧ ਕਰਨ (do) ਨਾਲ ਹੈ ਜੋ ਸਿਰਜਣਾ ਸਮੇਂ ਕਰਨਾ ਪੈਂਦਾ ਹੈ। ਭਾਵ ਕਰਤਾ ਨੂੰ ਕਿਰਿਆਸ਼ੀਲ ਹੋਣਾ ਪੈਂਦਾ ਹੈ। ਇਉਂ ਸਾਹਿਤ ਸਿਰਜਣਾ ਦੇ ਕਰਤਾਰੀ ਕਾਰਜ ਵਿਚ ਕਰਤਾ, ਕਰਤਾ ਦੇ ਆਰ-ਪਾਰ ਫੈਲਿਆ ਸੰਸਾਰ, ਕਰਤਾ ਦੀ ਉਸ ਵਿਚੋਂ ਚੋਣ ਤੇ ਕਰਤਾ ਦੀ ਕਿਰਿਆਸ਼ੀਲਤਾ ਆਦਿ ਸੰਯੁਕਤ ਰੂਪ ਵਿਚ ਕਾਰਜਸ਼ੀਲ ਹੁੰਦੇ ਹਨ। ਸਾਹਿਤ-ਕਿਰਤ ਦੀ ਪਰਖ ਪੜਚੋਲ ਸਮੇਂ ਇਹ ਵੇਖਣਾ/ਜਾਣਨਾ ਜ਼ਰੂਰੀ ਹੁੰਦਾ ਹੈ ਕਿ ਕਰਤਾ ਨੇ ਆਪਣੇ ਆਰ-ਪਾਰ ਫੈਲੇ ਹੋਏ ਸੰਸਾਰ ਵਿਚ ਕਿਸ ਰੰਗ ਦੀ ਚੋਣ ਕੀਤੀ ਹੈ ਅਤੇ ਉਸ ਨੂੰ ਉਘਾੜਨ (ਰੂਪਮਾਨ) ਸਮੇਂ ਕਿਸ ਪ੍ਰਕਾਰ ਦੀ ਕਿਰਿਆਸ਼ੀਲਤਾ ਵਿਚੋਂ ਗੁਜ਼ਰਿਆ ਹੈ।
ਨਿਰਸੰਦੇਹ, ਲੇਖਕ ਦੇ ਆਰ-ਪਾਰ ਫੈਲੇ ਸੰਸਾਰ ਵਿਚ ਲੇਖਕ ਦੇ ਆਰ (ਅੰਦਰਲੇੇ) ਦੀਆਂ ਸੱਤ ਪ੍ਰਵਿਰਤੀਆਂ, ਸੱਤ ਦ੍ਰਿਸ਼ਟੀਆਂ, ਸੱਤ ਜੀਵਨ ਪੱਧਰਾਂ ਦੇ ਨਾਲ-ਨਾਲ ਪਾਰ (ਬਾਹਰ) ਫੈਲੇ ਹੋਏ ਸੱਤ ਆਕਾਸ਼, ਸੱਤ ਸਮੁੰਦਰ, ਸੱਤ ਰੰਗ, ਸੱਤ ਸੁਰਾਂ ਆਦਿ ਵਿਦਮਾਨ ਹਨ। ਇੱਥੇ ‘ਸੱਤ’ ਸ਼ਬਦ ਸਿਰਫ਼ ਗਿਣਤੀਵਾਚਕ ਹੀ ਨਹੀਂ ਗੁਣਵਾਚਕ ਵੀ ਹੈ। ਭਾਵ ਜੋ ਲੇਖਕ ਦੇ ਆਰ-ਪਾਰ ਫੈਲਿਆ ਹੋਇਆ ਹੈ ਉਹ ਕੋਈ ਭਰਮ ਜਾਂ ਮਿੱਥ ਨਹੀਂ ਸਤਿ ਹੈ, ਅਸਲੀਅਤ ਹੈ, ਯਥਾਰਥ ਹੈ। ਲੇਖਕ ਨੇ ਭਰਮ ਨੂੰ ਹੀ ਤੋੜਨਾ ਹੁੰਦਾ ਹੈ ਅਤੇ ਅਸਲੀਅਤ ਨੂੰ ਰੂਪਮਾਨ ਕਰਕੇ ਆਪਣੀ ਰਚਨਾ ਨੂੰ ਯਥਾਰਥਕ ਬਣਾਉਣਾ ਹੁੰਦਾ ਹੈ। ਤੋੜਨ ਲਈ ਸੱਟ ਮਾਰਨੀ ਜ਼ਰੂਰੀ ਹੈ ਅਤੇ ਸੱਟ ਮਾਰਨ ਲਈ ਕੋਈ ਹਥਿਆਰ ਚਾਹੀਦਾ ਹੈ। ਹਥਿਆਰ ਵੀ ਕਲਪਿਤ ਨਹੀਂ, ਯਥਾਰਥਕ ਹੁੰਦਾ ਹੈ। ਸੋ ਲੇਖਕ ਨੂੰ ਆਪਣਾ ਹਥਿਆਰ ਵੀ ‘ਸਤਿ’ ਵਿਚੋਂ ਚੁਣਨਾ ਜਾਂ ਘੜਨਾ ਪੈਂਦਾ ਹੈ ਜੋ ਨਿਸ਼ਚੇ ਹੀ ਉਸ ਦੀਆਂ ਕਲਾ-ਜੁਗਤਾਂ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ, ਭਾਵ ਕਿਰਿਆਸ਼ੀਲ ਹੁੰਦਾ ਹੈ।
ਦੂਸਰੀ ਗੱਲ, ਲੇਖਕ ਦੇ ਆਰ-ਪਾਰ ਨੂੰ ਇਕ-ਦੂਜੇ ਤੋਂ ਨਿਖੇੜ ਕੇ ਨਹੀਂ ਸਮਝਿਆ ਜਾ ਸਕਦਾ। ‘ਜੋ ਬ੍ਰਹਮੰਡੇ ਸੋਈ ਪਿੰਡੇ’ ਦੀ ਧਾਰਨਾ ਅਨੁਸਾਰ ਆਰ ਤੇ ਪਾਰ ਅੰਤਰ-ਸਬੰਧਿਤ ਹਨ। ਇਨ੍ਹਾਂ ਦੇ ਆਪਸ ਵਿਚ ਸੰਬਾਦਿਕ ਸਬੰਧ ਹਨ। ਇਹ ਸੰਬਾਦੀ ਸਬੰਧ ਲੇਖਕ ਦੀ ਰਚਨਾ ਦੇ ਵਸਤੂ ਤੇ ਰੂਪ ਦੇ ਸੰਬਾਦੀ ਸਬੰਧਾਂ ਰਾਹੀਂ ਹੀ ਪ੍ਰਗਟ ਹੁੰਦੇ ਹਨ। ਜਦੋਂ ਲੇਖਕ ਆਪਣੇ ਸਵੈ ਨੂੰ ਪ੍ਰਗਟਾ ਰਿਹਾ ਹੁੰਦਾ ਹੈ ਤਾਂ ਉਹ ਆਪਣੇ ‘ਆਰ’ ਨੂੰ ‘ਪਾਰ’ ਦਾ ਰੂਪ ਦੇ ਰਿਹਾ ਹੁੰਦਾ ਹੈ, ਆਪਣੇ ‘ਨਿੱਜ’ ਨੂੰ ‘ਪਰ’ ਨਾਲ ਜੋੜ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਲੇਖਕ ‘ਪਾਰ’ ਨੂੰ ਚਿਤਰ ਰਿਹਾ ਹੁੰਦਾ ਹੈ ਤਾਂ ਉਹ ਆਪਣੇ ਪਾਰ ਨੂੰ ‘ਚਿਤ’ ਰਾਹੀਂ ਚਿਤਵ ਕੇ ਆਪਣੇ ‘ਆਰ’ ਵਿਚ ਰਚਾ ਰਿਹਾ ਹੁੰਦਾ ਹੈ। ਸਪੱਸ਼ਟ ਹੈ ਕਿ ਪਾਰ ਨੂੰ ਆਰ ਵਿਚ ਰਚਾਏ ਬਿਨਾਂ ਅਤੇ ਆਰ ਨੂੰ ਪਾਰ ਵਿਚੋਂ ਲੰਘਾਏ ਬਿਨਾਂ ਰਚਨਾ ਰਚੀ ਹੀ ਨਹੀਂ ਜਾ ਸਕਦੀ।
ਦਰਅਸਲ, ਆਰ ਤੇ ਪਾਰ ਇਕੋ ਨਦੀ ਦੇ ਦੋ ਕਿਨਾਰੇ ਹਨ। ਰਚਨਾ ਕਰਨ ਸਮੇਂ ਲੇਖਕ ਜਦੋਂ ਆਪਣੀ ਕਿਰਿਆਸ਼ੀਲਤਾ ਦੀ ਬੇੜੀ ਵਿਚ ਸਵਾਰ ਹੁੰਦਾ ਹੈ ਤਾਂ ਉਸ ਨੂੰ ਆਪਣਾ ਸਫ਼ਰ ਇਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਕਰਨਾ ਪੈਂਦਾ ਹੈ। ਜੇ ਉਹ ਆਪਣਾ ਸਫ਼ਰ ਆਰ (ਸਵੈ) ਤੋਂ ਸ਼ੁਰੂ ਕਰਦਾ ਹੈ ਤਾਂ ਨਿਸ਼ਚੇ ਹੀ ਉਸ ਦੀ ਬੇੜੀ ਪਾਰ (ਪਰ) ਵੱਲ ਠਿੱਲੇਗੀ ਅਤੇ ਜਿਉਂ ਜਿਉਂ ਉਹ ਪਾਰ ਵੱਲ ਵਧਦੀ ਜਾਵੇਗੀ ਤਿਉਂ-ਤਿਉਂ ਲੇਖਕ ਆਰ ਤੋਂ ਦੂਰ ਅਤੇ ਪਾਰ ਦੇ ਨਜ਼ਦੀਕ ਹੁੰਦਾ ਜਾਵੇਗਾ। ਇਹ ਨਜ਼ਦੀਕੀਆਂ ਤੇ ਦੂਰੀਆਂ ਵੀ ਅੰਤਰ-ਸਬੰਧਤ ਹੁੰਦੀਆਂ ਹਨ। ਖ਼ੈਰ... ਪਾਰ ਪਹੁੰਚ ਕੇ ਲੇਖਕ ਨੇ ਆਪਣੀ ਬੇੜੀ ਵਿਚੋਂ ਬਾਹਰ ਆਉਣਾ ਹੁੰਦਾ ਹੈ। ਬਾਹਰ ਆਏ ਬਿਨਾਂ ਲੇਖਕ ਤੇ ਉਸ ਦੀ ਰਚਨਾ ਸਾਕਾਰ ਹੋ ਹੀ ਨਹੀਂ ਸਕਦੀ। ਲੇਖਕ ਦਾ ਦੀਦਾਰ ਤੇ ਉਸ ਦੀ ਰਚਨਾ ਦਾ ਆਕਾਰ (ਰੂਪ) ਇੱਥੇ ਆ ਕੇ ਅਭੇਦ ਹੋ ਜਾਂਦੇ ਹਨ। ਇਸੇ ਲਈ ਤਾਂ ‘ਲਸਟ ਫਾਰ ਲਾਈਫ’ ਦਾ ਕਲਮਕਾਰ ਇਰਵਿੰਗ ਸਟੋਨ ਕਹਿੰਦਾ ਹੈ, ‘‘ਲੇਖਕ ਨੂੰ ਉਸ ਦੇ ਘਰ ਵਿਚੋਂ ਨਹੀਂ, ਉਸ ਦੀ ਰਚਨਾ ਵਿਚੋਂ ਲੱਭੋ।’’
ਆਰ-ਪਾਰ ਦੇ ਸਫ਼ਰ ਵਿਚ ਇਹ ਵੇਖਣਾ ਵੀ ਜ਼ਰੂਰੀ ਹੈ ਕਿ ਲੇਖਕ ਪਾਰ ਜਾ ਕੇ ਆਰ ਵੱਲ ਪਰਤਦਾ ਵੀ ਹੈ ਕਿ ਨਹੀਂ? ਜੇ ਪਰਤਦਾ ਹੈ ਤਾਂ ਕਿਵੇਂ? ਇਹ ਭੇਤ ਲਿਬਨਾਨ ਦਾ ਵਿਸ਼ਵ ਪ੍ਰਸਿੱਧ ਚਿੰਤਕ ਖ਼ਲੀਲ ਜਿਬਰਾਨ ਆਪਣੀ ਮਹਾਂ ਰਚਨਾ ‘ਪੈਗੰਬਰ’ ਵਿਚ ਬਾਖ਼ੂਬੀ ਖੋਲ੍ਹਦਾ ਹੈ। ਜਦੋਂ ਉਹ ਆਪਣੀ ਜਲਾਵਤਨੀ ਪੂਰੀ ਹੋਣ ਉਪਰੰਤ ਆਪਣੇ ਵਤਨ ਪਰਤਣ ਲਈ ਤਿਆਰ ਹੁੰਦਾ ਹੈ ਤਾਂ ਉੱਥੋਂ ਦੇ ਲੋਕ ਉਸ ਪਾਸ ਆਉਂਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਭੇਤਾਂ ਨੂੰ ਸਮਝਣ ਲਈ ਉਸ ਨੂੰ ਸਵਾਲ ਕਰਦੇ ਹਨ। ਖ਼ਲੀਲ ਜਿਬਰਾਨ ਸਭ ਦੇ ਉੱਤਰ ਦੇ ਕੇ ਉਨ੍ਹਾਂ ਨੂੰ ਸੰਤੁਸ਼ਟ ਕਰ ਦਿੰਦਾ ਹੈ। ਜਦੋਂ ਖ਼ਲੀਲ ਜਿਬਰਾਨ ਸਮੁੰਦਰੀ ਜਹਾਜ਼ ਵਿਚ ਸਵਾਰ ਹੋ ਕੇ ਵਿਦਾ ਹੋਣ ਲੱਗਦਾ ਹੈ ਤਾਂ ਲੋਕ ਉਸ ਨੂੰ ਆਪਣੇ ਵੱਲੋਂ ਤੋਹਫ਼ੇ ਭੇਟ ਕਰਦੇ ਹਨ। ਇਉਂ ਉਹ ਉਨ੍ਹਾਂ ਦੇ ਤੋਹਫ਼ਿਆਂ ਸਮੇਤ ਆਪਣੇ ਘਰ (ਆਰ) ਪਰਤ ਆਉਂਦਾ ਹੈ ਅਤੇ ਪਾਰ ਦੇ ਲੋਕਾਂ ਲਈ ਆਪਣੇ ਪ੍ਰਵਚਨ ਛੱਡ ਆਉਂਦਾ ਹੈ। ਲੇਖਕ ਦੇ ਆਰ-ਪਾਰ ਦੇ ਸਫ਼ਰ ਦੌਰਾਨ ਵੀ ਇਸੇ ਤਰ੍ਹਾਂ ਵਾਪਰਦਾ ਹੈ ਜਿਸ ਨੂੰ ਅਸੀਂ ਸੋਹਣੀ-ਮਹੀਵਾਲ ਦੀ ਪ੍ਰੀਤ ਕਥਾ ਰਾਹੀਂ ਹੋਰ ਵਧੇਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਬਲਖ ਦੇ ਵਪਾਰੀ ਇੱਜ਼ਤ ਬੇਗ਼ ਦਾ ਹੀਰਿਆਂ ਦੇ ਵਪਾਰ ਲਈ ਗੁਜਰਾਤ (ਪੁਰਾਣਾ ਪੰਜਾਬ) ਆਉਣਾ, ਇੱਥੇ ਸੋਹਣੀ ਦੀ ਸੂਰਤ ਤੇ ਕਲਾ ਉੱਤੇੇ ਮੋਹਿਤ ਹੋ ਕੇ ਵਪਾਰ ਛੱਡ ਮਹੀਵਾਲ ਬਣਨਾ, ਝਨਾਂ ਦੇ ਪਾਰ ਡੇਰਾ ਲਾਉਣਾ, ਹਰ ਰਾਤ ਸੋਹਣੀ ਨੂੰ ਮਿਲਣ ਆਉਣਾ ਤੇ ਉਸ ਲਈ ਮੱਛੀ ਦਾ ਕਬਾਬ ਲਿਆਉਣਾ। ਇਕ ਰਾਤ ਮੱਛੀ ਦੀ ਥਾਂ ਪੱਟ ਦਾ ਕਬਾਬ ਲਿਆਉਣਾ ਤੇ ਉਸ ਤੋਂ ਬਾਅਦ ਤਰਨ ਤੋਂ ਆਰੀ ਹੋ ਕੇ ਆਪਣੀ ਕੁੱਲੀ ਵਿਚ ਹੀ ਡੇਰਾ ਲਾ ਲੈਣਾ, ਬਦਲ ਵਜੋਂ ਹੁਣ ਸੋਹਣੀ ਵੱਲੋਂ ਰੋਜ਼ ਰਾਤ ਘੜੇ ਉੱਤੇ ਤਰ ਕੇ ਆਪਣੇ ਮਹੀਵਾਲ ਪਾਸ ਜਾਣਾ, ਪੱਕੇ ਦੀ ਥਾਂ ਕੱਚੇ ਘੜੇ ਨੂੰ ਲੈ ਕੇ ਝਨਾਂ ਵਿਚ ਠਿੱਲਣਾ, ਘੜੇ ਦਾ ਖੁਰ ਜਾਣਾ ਤੇ ਸੋਹਣੀ ਦਾ ਮਹੀਵਾਲ... ਮਹੀਵਾਲ ਪੁਕਾਰਨਾ, ਮਹੀਵਾਲ ਦਾ ਆਉਣਾ ਤੇ ਦੋਵਾਂ ਦਾ ਝਨਾਂ ਦੀਆਂ ਲਹਿਰਾਂ ਵਿਚ ਸਮਾ ਜਾਣਾ ਆਦਿ ਘਟਨਾਵਾਂ ਦੋਹਾਂ ਦੀ ਪ੍ਰੀਤ ਕਥਾ ਦੇ ਮੋਟਿਵ ਤੇ ਜੁਗਤਾਂ ਹਨ ਜਿਨ੍ਹਾਂ ਨੂੰ ਕਥਾਕਾਰ ਨੇ ਵਿਸ਼ੇਸ਼ ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ ਰਾਹੀਂ ਆਪਸ ਵਿਚ ਜੋੜਿਆ ਤੇ ਚਿਤਰਿਆ ਹੈ। ਮਹੀਵਾਲ ਵੱਲੋਂ ਆਪਣਾ ਪੱਟ ਚੀਰ ਕੇ ਕਬਾਬ ਬਣਾਉਣਾ ਇਕ ਜੁਗਤ ਹੈ ਤਾਂ ਜੋ ਇਕਪਾਸੜ ਸਫ਼ਰ ਵਿਚ ਵਿਘਨ ਪਾ ਕੇ ਦੂਜੇ ਪਾਸਿਓਂ ਸਫ਼ਰ ਸ਼ੁਰੂ ਹੋ ਸਕੇ। ਇੱਥੇ ਕਥਾਕਾਰ ਇਹ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਪ੍ਰੀਤ ਕਥਾ ਦੁਵੱਲੀ ਪ੍ਰਕਿਰਿਆ ਹੁੰਦੀ ਹੈ। ਪ੍ਰੇਮੀ ਤੇ ਪ੍ਰੇਮਿਕਾ ਇਕ ਦੂਜੇ ਦੇ ਪੂਰਕ ਹੁੰਦੇ ਹਨ ਅਤੇ ਆਪਣੀ ਆਖ਼ਰੀ ਅਵਸਥਾ (ਮੰਜ਼ਿਲ) ਉੱਤੇ ਪਹੁੰਚ ਕੇ ਉਨ੍ਹਾਂ ਨੇ ਆਪਸ ਵਿਚ ਅਭੇਦ ਹੋਣਾ ਹੁੰਦਾ ਹੈ। ਆਰ ਤੇ ਪਾਰ ਨੇ ਇਕ ਦੂਜੇ ਵਿਚ ਰੂਪਾਂਤਰਿਤ ਹੋਣਾ ਹੁੰਦਾ ਹੈ। ਰਾਂਝਾ ਰਾਂਝਾ ਕਰਦੀ ਨੇ ਆਪੇ ਰਾਂਝਾ ਬਣਨਾ ਹੁੰਦਾ ਹੈ। ਆਰ-ਪਾਰ ਦੇ ਸਫ਼ਰ ਵਿਚ ਲੇਖਕ ਨਾਲ ਵੀ ਇਹੋ ਕੁਝ ਵਾਪਰਦਾ ਹੈ। ਫ਼ਰਕ ਇਹ ਹੈ ਕਿ ਪ੍ਰੇਮੀ-ਪ੍ਰੇਮਿਕਾ ਨੇ ਦੋ ਹੋ ਕੇ ਵੀ ਇਕ ਹੋਣਾ ਹੁੰਦਾ ਹੈ ਅਤੇ ਲੇਖਕ ਨੇ ਇਕ ਹੋ ਕੋ ਦੋ ਬਣਨਾ ਹੁੰਦਾ ਹੈ, ਨਿੱਜ ਤੇ ਪਰ ਵਿਚ ਪਹਿਲਾਂ ਵਿਭਾਜਤ ਹੋਣਾ ਹੁੰਦਾ ਹੈ ਅਤੇ ਫਿਰ ਨਿੱਜ ਨੂੰ ਪਰ ਵਿਚ ਤੇ ਪਰ ਨੂੰ ਨਿੱਜ ਵਿਚ ਬਦਲਣਾ ਹੁੰਦਾ ਹੈ। ਇਹੀ ਤਾਂ ਆਰ-ਪਾਰ ਦੀ ਪ੍ਰਕਿਰਿਆ ਹੈ।
ਆਖ਼ਰੀ ਗੱਲ, ਆਰ-ਪਾਰ ਦਾ ਸਫ਼ਰ ਸਿੱਧਾ, ਸਪਾਟ ਤੇ ਸੌਖਾ ਨਹੀਂ ਹੁੰਦਾ। ਲੇਖਕ ਨੇ ਕਈ ਮੋੜ ਕੱਟਣੇ ਹੁੰਦੇ ਹਨ। ਕਈ ਰੁਕਾਵਟਾਂ ਪਾਰ ਕਰਨੀਆਂ ਹੁੰਦੀਆਂ ਹਨ ਅਤੇ ਬਹੁਤ ਕੁਝ ਤਿਆਗਣਾ ਤੇ ਅਪਨਾਉਣਾ ਹੁੰਦਾ ਹੈ। ਫਲਸਰੂਪ, ਉਸ ਦੇ ਸਫ਼ਰ ਵਿਚ ਵਕਤ ਤੇ ਵਕਫ਼ਾ ਦ੍ਰਿਸ਼ਟੀਗੋਚਰ ਹੁੰਦੇ ਹਨ। ਇੱਥੇ ਵਕਤ ਤੇ ਵਕਫ਼ਾ ਵੀ ਅੰਤਰ ਸਬੰਧਤ ਹੁੰਦੇ ਹਨ। ਵਕਤ ਨੇ ਸਫ਼ਰ ਨੂੰ ਨਿਰਧਾਰਤ ਕਰਨਾ ਹੁੰਦਾ ਹੈ ਅਤੇ ਵਕਫ਼ੇ ਨੇ ਸਫ਼ਰ ਨੂੰ ਆਸੇ-ਪਾਸੇ ਨਾਲ ਸਬੰਧਤ ਕਰਨਾ ਹੁੰਦਾ ਹੈ। ਸਫ਼ਰ ਨੂੰ ਅਰਥ ਭਰਪੂਰ ਬਣਾਉਣਾ ਹੁੰਦਾ ਹੈ। ਇੱਥੇ ਲੇਖਕ ਨਾਲ ਦੂਸਰੀ ਧਿਰ ‘ਪਾਠਕ’ ਵੀ ਆ ਜੁੜਦਾ ਹੈ। ਜਦੋਂ ਲੇਖਕ ਆਰ-ਪਾਰ ਦੇ ਸਫ਼ਰ ਤੋਂ ਸੁਰਖਰੂ ਹੋ ਜਾਂਦਾ ਹੈ ਤਾਂ ਰਚਨਾ ਪਾਠਕ ਦੇ ਰੂ-ਬ-ਰੂ ਹੋ ਜਾਂਦੀ ਹੈ। ਕਈ ਹਾਲਤਾਂ ਵਿਚ ਤਾਂ ਰਚਨਾ ਪਾਠਕ ਦੀ ਹੋ ਜਾਂਦੀ ਹੈ ਅਤੇ ਲੇਖਕ ਲੋਪ ਹੋ ਜਾਂਦਾ ਹੈ। ਉੱਤਰ-ਆਧੁਨਿਕਵਾਦੀਆਂ ਨੇ ਇਸ ਨੂੰ ਹੀ ‘ਲੇਖਕ ਦੀ ਮੌਤ’ ਐਲਾਨਿਆ ਹੈ। ਹੁਣ ਆਰ-ਪਾਰ ਦੇ ਸਫ਼ਰ ਦੌਰਾਨ ਜੋ ਕੁਝ ਲੇਖਕ ਨਾਲ ਵਾਪਰਿਆ ਹੁੰਦਾ ਹੈ ਉਹੀ ਕੁਝ ਪਾਠਕ ਨਾਲ ਵਾਪਰਨਾ ਸ਼ੁਰੂ ਹੋ ਜਾਂਦਾ ਹੈ। ਫ਼ਰਕ ਸਿਰਫ਼ ਇਹ ਹੁੰਦਾ ਹੈ ਕਿ ਲੇਖਕ ਆਪਣੀ ਰਚਨਾ ਦੇ ਵਿਸ਼ੇ, ਉਦੇਸ਼ ਤੇ ਤਕਨੀਕ ਪ੍ਰਤੀ ਪੂਰਵ ਸੁਚੇਤ ਹੁੰਦਾ ਹੈ, ਪਰ ਪਾਠਕ ਨੇ ਸੁਚੇਤ ਹੋਣਾ ਹੁੰਦਾ ਹੈ। ਇੱਥੇ ਹੀ ਬੱਸ ਨਹੀਂ, ਪਾਠਕ ਨੇ ਆਪਣੀ ਸਮਝ ਤੇ ਲੋੜ ਅਨੁਸਾਰ ਰਚਨਾ ਨੂੰ ਸਮਝਣਾ ਹੁੰਦਾ ਹੈ। ਆਰ (ਮੁੱਢ) ਤੋਂ ਪਾਰ (ਅੰਤ) ਤੱਕ ਜਾਣਾ ਹੁੰਦਾ ਹੈ ਪਰ ਜ਼ਰੂਰੀ ਨਹੀਂ ਉਹ ਪਾਰ ਤੋਂ ਬਾਹਰ ਵੀ ਨਿਕਲ ਸਕੇ।
ਕਈ ਵਾਰ ਉਹ ਮੰਝਧਾਰ ਵਿਚ ਵੀ ਡੁੱਬ ਜਾਂਦਾ ਹੈ ਅਤੇ ਉਸ ਨੂੰ ਕੋਈ ਬਚਾਉਣ ਵਾਲਾ ਵੀ ਨਹੀਂ ਬਹੁੜਦਾ। ਹਾਂ... ਆਲੋਚਕ ਜ਼ਰੂਰ ਬਹੁੜਦਾ ਹੈ, ਪਰ ਦੁਖਾਂਤ ਭਾ’ਜੀ ਗੁਰਸ਼ਰਨ ਸਿੰਘ ਦੇ ਨਾਟਕ ‘ਟੋਆ’ ਵਾਲਾ ਵਾਪਰਦਾ ਹੈ। ਆਲੋਚਕ ਪਾਠਕ ਨੂੰ ਬਾਹਰ ਕੱਢਣ ਦੀ ਬਜਾਏ ਉਸ ਨੂੰ ਹੋਰ ਡੋਬ ਦਿੰਦਾ ਹੈ। ਅਸਲੀਅਤ ਜ਼ਾਹਰ ਹੋਣ ਉਪਰੰਤ ਲੇਖਕ ਨੂੰ ਜ਼ਰੂਰ ਡੋਬੂ ਪੈਣ ਲੱਗ ਪੈਂਦੇ ਹਨ। ਉਸ ਦੀ ਰਚਨਾ ਤੇ ਉਸ ਦੇ ਆਰ-ਪਾਰ ਦੇ ਸਫ਼ਰ ’ਤੇ ਪ੍ਰਸ਼ਨ ਚਿੰਨ੍ਹ ਲੱਗਣੇ ਸ਼ੁਰੂ ਹੋ ਜਾਂਦੇ ਹਨ। ਰਚਨਾ ਵਿਚਾਰੀ ਕੂਕਦੀ ਰਹਿ ਜਾਂਦੀ ਹੈ:
ਤੁਰਦੀ ਸਾਂ ਢਾਕ ਮਰੋੜ ਕੇ,
ਬੂਝੜ ਦੇ ਲੜ ਲਾਈ।
ਸੰਪਰਕ: 98723-83236