ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ 30 ਜਥੇਬੰਦੀਆਂ ਦੀ ਸਾਂਝੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਫਰਵਰੀ
ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵੱਲੋਂ ਦਿੱਤੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਤਿਆਰੀਆਂ ਵਿੱਢਣ ਖਾਤਰ ਤੇਜਾ ਸਿੰਘ ਸੁਤੰਤਰ ਭਵਨ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਵਰਗਾਂ ਨਾਲ ਸਬੰਧਤ ਜਥੇਬੰਦੀਆਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਕਿਸਾਨਾਂ, ਪੇਂਡੂ/ਖੇਤ ਮਜ਼ਦੂਰ, ਉਸਾਰੀ ਅਤੇ ਮਨਰੇਗਾ ਕਾਮੇ, ਬਿਜਲੀ, ਰੋਡਵੇਜ਼, ਅਧਿਆਪਕ , ਆਂਗਣਵਾੜੀ ਵਰਕਰ, ਪੈਨਸ਼ਨਰ ਅਤੇ ਹੋਰ ਮੁਲਾਜ਼ਮ ਜੱਥੇਬੰਦੀਆਂ, ਵਿਦਿਆਰਥੀ, ਨੌਜਵਾਨ ਅਤੇ ਔਰਤਾਂ ਦੀਆਂ 30 ਲਗਭਗ ਜਥੇਬੰਦੀਆਂ ਨੇ ਸ਼ਮੂਲੀਅਤ ਕਰਕੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦਾ ਅਹਿਦ ਲਿਆ। ਮੀਟਿੰਗ ਦੇ ਪ੍ਰਧਾਨਗੀ ਮੰਡਲ ਵਿੱਚ ਸੁਖਦੇਵ ਸ਼ਰਮਾ, ਗੁਰਮੀਤ ਸਿੰਘ ਕਪਿਆਲ, ਭੁਪਿੰਦਰ ਸਿੰਘ ਲੌਂਗੋਵਾਲ, ਇੰਦਰਪਾਲ ਸਿੰਘ, ਜਰਨੈਲ ਸਿੰਘ ਜਨਾਲ, ਭਰਪੂਰ ਸਿੰਘ ਬੁਲਾਪੁਰ ਸ਼ਾਮਲ ਸਨ। ਸ਼ੁਰੂਆਤੀ ਤੌਰ ’ਤੇ ਮੇਜਰ ਸਿੰਘ ਪੁੰਨਾਂਵਾਲ ਅਤੇ ਐਡਵੋਕੇਟ ਕਿਰਨਜੀਤ ਸਿੰਘ ਸੇਖੋਂ ਨੇ ਸਾਰੀਆਂ ਜਥੇਬੰਦੀਆਂ ਸਾਹਮਣੇ ਏਜੰਡਾ ਪੇਸ਼ ਕਰਦਿਆਂ ਕਿਹਾ ਕਿ 16 ਫਰਵਰੀ ਦਾ ਭਾਰਤ ਬੰਦ ਦੇਸ਼ ਦੇ ਖੇਤੀ, ਸਿੱਖਿਆ, ਟਰਾਂਸਪੋਰਟ, ਬਿਜਲੀ ਸਮੇਤ ਪਬਲਿਕ ਸੈਕਟਰ ਉੱਪਰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਅਤੇ ਤਾਨਾਸ਼ਾਹ ਨੀਤੀਆਂ ਵਿਰੁੱਧ ਰੋਹ ਦਾ ਪ੍ਰਗਟਾਵਾ ਕਰਨ ਲਈ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 5 ਫਰਵਰੀ ਨੂੰ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿੱਚ ਸੰਗਰੂਰ, ਧੂਰੀ, ਸੁਨਾਮ, ਲਹਿਰਾਗਾਗਾ,ਮੂਨਕ, ਦਿੜ੍ਹਬਾ, ਸ਼ੇਰਪੁਰ, ਭਵਾਨੀਗੜ੍ਹ ਅਤੇ ਲੌਂਗੋਵਾਲ ਵਿਚ ਤਾਲਮੇਲ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਸੰਬੰਧੀ ਤਾਲਮੇਲ ਲਈ 17 ਮੈਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ। ਮੀਟਿੰਗ ਨੇ ਸਾਂਝੇ ਰੂਪ ਵਿੱਚ ਫੈਸਲਾ ਕੀਤਾ ਕਿ 16 ਫਰਵਰੀ ਨੂੰ ਸਵੇਰ ਤੋਂ ਲੈਕੇ ਸ਼ਾਮ ਦੇ ਚਾਰ ਵਜੇ ਤੱਕ ਮੁਕੰਮਲ ਤੌਰ ’ਤੇ ਬੰਦ ਕੀਤਾ ਜਾਵੇਗਾ। ਇਸ ਬੰਦ ਦੌਰਾਨ ਬਰਾਤਾਂ, ਐਂਬੂਲੈਂਸ ਅਤੇ ਮਰਗ ਨਾਲ ਸਬੰਧਤ ਗੱਡੀਆਂ ਨੂੰ ਛੋਟ ਦੇਣ ਦਾ ਫੈਸਲਾ ਵੀ ਕੀਤਾ ਗਿਆ।