For the best experience, open
https://m.punjabitribuneonline.com
on your mobile browser.
Advertisement

ਮੁਹਾਲੀ ਵਿੱਚ ਪਿਸਤੌਲ ਦੀ ਨੋਕ ’ਤੇ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ ਲੁੱਟੀ

06:28 AM Jun 28, 2024 IST
ਮੁਹਾਲੀ ਵਿੱਚ ਪਿਸਤੌਲ ਦੀ ਨੋਕ ’ਤੇ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਲੁੱਟੀ
ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਵਿੱਕੀ ਘਾਰੂ
Advertisement

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 27 ਜੂਨ
ਇੱਥੋਂ ਦੇ ਫੇਜ਼-10 ਵਿੱਚ ਅੱਜ ਦੋ ਅਣਪਛਾਤੇ ਲੁਟੇਰਿਆਂ ਨੇ ਦਿਨ-ਦਿਹਾੜੇ ਇਕ ਸੁਨਿਆਰੇ ਦੀ ਦੁਕਾਨ ਵਿੱਚ ਦਾਖ਼ਲ ਹੋ ਕੇ ਪਿਸਤੌਲ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮਾਰਕੀਟ ਦੇ ਦੁਕਾਨਦਾਰ ਇਕੱਠੇ ਹੋਣ ’ਤੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਭੱਜਣ ਸਮੇਂ ਉਨ੍ਹਾਂ ਦਾ ਐਕਟਿਵਾ ਸਕੂਟਰ ਸਟਾਰਟ ਨਾ ਹੋਇਆ ਤਾਂ ਉਹ ਵਾਹਨ ਛੱਡ ਕੇ ਫ਼ਰਾਰ ਹੋ ਗਏ।
ਪੀੜਤ ਮਹਿਲਾ ਗੀਤਾਂਜਲੀ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 4 ਵਜੇ ਇੱਕ ਨੌਜਵਾਨ ਜਿਸ ਨੇ ਨਕਲੀ ਦਾੜ੍ਹੀ ਲਗਾਈ ਹੋਈ ਸੀ, ਦੁਕਾਨ ਵਿੱਚ ਆਇਆ ਅਤੇ ਉਸ ਦੇ ਪੁੱਤਰ ਬਾਰੇ ਪੁੱਛਣ ਲੱਗਾ ਤੇ ਉੱਥੇ ਹੀ ਬੈਠ ਗਿਆ। ਇਸ ਦੌਰਾਨ ਇੱਕ ਹੋਰ ਨੌਜਵਾਨ ਜਿਸ ਨੇ ਟੋਪੀ ਪਹਿਨੀ ਹੋਈ ਸੀ, ਦੁਕਾਨ ਵਿੱਚ ਆਇਆ। ਇਨ੍ਹਾਂ ਦੋਵਾਂ ਨੌਜਵਾਨਾਂ ਨੇ ਆਪਸ ਵਿੱਚ ਇਸ਼ਾਰੇ ਨਾਲ ਗੱਲ ਕਰ ਕੇ ਦੁਕਾਨ ’ਚੋਂ ਗਹਿਣੇ ਚੁੱਕਣੇ ਸ਼ੁਰੂ ਕਰ ਦਿੱਤੇ। ਜਦੋਂ ਉਸ ਨੇ ਨੌਜਵਾਨ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਸ ਦੇ ਦੂਜੇ ਸਾਥੀ ਨੇ ਪਿਸਤੌਲ ਕੱਢ ਲਈ ਅਤੇ ਗੱਲਾ ਖੋਲ੍ਹਣ ਲਈ ਕਿਹਾ। ਉਸ ਦੇ ਰੌਲਾ ਪਾਉਣ ’ਤੇ ਜਦੋਂ ਗੁਆਂਢੀ ਦੁਕਾਨਦਾਰ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਲੁਟੇਰਿਆਂ ਦਾ ਦੁਕਾਨ ਦੇ ਪਿੱਛੇ ਖੜ੍ਹਾ ਐਕਟਿਵਾ ਸਕੂਟਰ ਸਟਾਰਟ ਨਾ ਹੋਣ ’ਤੇ ਉਹ ਆਪਣਾ ਵਾਹਨ ਉੱਥੇ ਹੀ ਛੱਡ ਕੇ ਭੱਜਣ ਵਿੱਚ ਸਫਲ ਹੋ ਗਏ। ਇਹ ਵਾਰਦਾਤ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਉੱਧਰ, ਮੁਹਾਲੀ ਜਿਊਲਰੀ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਪੁਲੀਸ ਵੱਲੋਂ ਜਿਊਲਰਾਂ ਨੂੰ ਲੋੜੀਂਦੀ ਸੁਰੱਖਿਆ ਨਾ ਦੇਣ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਫੇਜ਼-10 ਵਿੱਚ ਪਹਿਲਾਂ ਵੀ ਸੁਨਿਆਰੇ ਨੂੰ ਲੁੱਟਿਆ ਜਾ ਚੁੱਕਾ ਹੈ। ਇਸ ਸਬੰਧੀ ਉਨ੍ਹਾਂ ਨੇ ਐੱਸਐੱਸਪੀ ਨੂੰ ਮੰਗ ਪੱਤਰ ਦੇ ਕੇ ਸੁਨਿਆਰਿਆਂ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਵੀ ਕੀਤੀ ਸੀ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਅੱਜ ਫਿਰ ਲੁਟੇਰਿਆਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

Advertisement

ਲੁਟੇਰਿਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ: ਥਾਣਾ ਮੁਖੀ

ਥਾਣਾ ਫੇਜ਼-11 ਦੇ ਐੱਸਐੱਚਓ ਨਵੀਨਪਾਲ ਸਿੰਘ ਲਹਿਲ ਨੇ ਕਿਹਾ ਕਿ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲੁਟੇਰਿਆਂ ਦਾ ਐਕਟਿਵਾ ਸਕੂਟਰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਵਾਹਨ ਚਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ। ਲੁਟੇਰਿਆਂ ਨੇ ਦੁਕਾਨ ਵਿੱਚ ਮਹਿਲਾ ਨੂੰ ਇਕੱਲੀ ਦੇਖ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੁਟੇਰਿਆਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।

Advertisement
Author Image

joginder kumar

View all posts

Advertisement
Advertisement
×