ਟਾਂਗਰੀ ਨਦੀ ਵਿੱਚ ਪਿਆ ਸੌ ਫੁੱਟ ਚੌੜਾ ਪਾੜ ਪੂਰਿਆ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 27 ਜੁਲਾਈ
ਟਾਂਗਰੀ ਨਦੀ ਵਿੱਚ ਦੂਧਨਗੂਜਰਾਂ ਵਿੱਚ ਕਰੀਬ 100 ਫੁੱਟ ਚੌੜੇ ਪਏ ਪਾੜ ਨੂੰ ਸਫ਼ਲਤਾਪੂਰਵਕ ਪੂਰ ਦਿੱਤਾ ਗਿਆ ਹੈ। ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਐੱਸਡੀਐੱਮ ਦੂਧਨਸਾਧਾਂ ਕਿਰਪਾਲਵੀਰ ਸਿੰਘ ਦੀ ਅਗਵਾਈ ਅਤੇ ਡਰੇਨੇਜ਼ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਰਜਿੰਦਰ ਘਈ ਦੀਆਂ ਟੀਮਾਂ ਨੇ ਪਿੰਡ ਲੇਹਲਾਂ ਜਗੀਰ, ਰੋਹੜ ਜਗੀਰ ਅਤੇ ਦੂਧਨਗੁਜਰਾਂ ਦੇ ਵਸਨੀਕਾਂ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਟੀਮ ਦੇ ਸਹਿਯੋਗ ਨਾਲ ਕਰੀਬ ਤਿੰਨ ਦਿਨਾਂ ਦੀ ਮੁਸ਼ੱਕਤ ਮਗਰੋਂ ਇਸ ਪਾੜ ਨੂੰ ਪੂਰਨ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ। ਡੀਸੀ ਨੇ ਦੱਸਿਆ ਕਿ ਨੁਕਸਾਨੀਆਂ ਸੜਕਾਂ ’ਤੇ ਪੁਲਾਂ ਦੀ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਹੈ।
ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਦੇ ਐੱਸਡੀਐੱਮਜ਼ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਆਪਣੀਆਂ ਟੀਮਾਂ ਦੇ ਨਾਲ ਸਮਰਪਿਤ ਭਾਵਨਾ ਨਾਲ ਦਿਨ-ਰਾਤ ਕੰਮ ਵਿੱਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਐੱਸ.ਡੀ.ਐੱਮ. ਕਿਰਪਾਲਵੀਰ ਸਿੰਘ ਨੇ ਇਸ ਪਾੜ ਨੂੰ ਪੂਰਨ ਦੇ ਚੁਣੌਤੀਪੂਰਨ ਕੰਮ ਨੂੰ ਪੂਰੀ ਲਗਨ ਅਤੇ ਦ੍ਰਿੜਤਾ ਨਾਲ ਕੀਤਾ ਅਤੇ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਮਗਨਰੇਗਾ ਮਜ਼ਦੂਰਾਂ ਸਮੇਤ ਇਲਾਕੇ ਦੇ ਵਸਨੀਕਾਂ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ ਜਿਸ ਲਈ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ।