ਸਤਲੁਜ ਦਰਿਆ ਦੇ ਪਾਣੀ ’ਚ ਮਕਾਨ ਤੇ ਪਸ਼ੂਆਂ ਵਾਲਾ ਸ਼ੈੱਡ ਰੁੜ੍ਹਿਆ
ਬਲਵਿੰਦਰ ਰੈਤ
ਨੂਰਪੁਰ ਬੇਦੀ, 27 ਜੁਲਾਈ
ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ ਛੱਡੇ ਪਾਣੀ ਨੇ ਪਿੰਡ ਹਰਸਾ ਬੇਲਾ ਦੇ 12 ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਤੋਂ ਬਾਅਦ ਪਿੰਡ ਦੇ ਲੋਕ ਸੁਰੱਖਿਆਤ ਜਗ੍ਹਾ ’ਤੇ ਚਲੇ ਗਏ ਹਨ। ਪਾਣੀ ਦੇ ਤੇਜ਼ ਵਹਾਅ ਨੇ ਪਿੰਡ ਦੇ ਇੱਕ ਨਵੇਂ ਬਣੇ ਮਕਾਨ ਅਤੇ ਇੱਕ ਪਸ਼ੂਆਂ ਵਾਲੇ ਸ਼ੈੱਡ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਹ ਮਕਾਨ ਤੇ ਸ਼ੈੱਡ ਪਿੰਡ ਹਰਸਾ ਬੇਲਾ ਦੇ ਵਸਨੀਕ ਹਰਨੇਕ ਸਿੰਘ ਦੇ ਦੱਸੇ ਗਏ ਹਨ। ਇਸ ਤੋਂ ਇਲਾਵਾ 12 ਘਰ ਪਾਣੀ ਵਿੱਚ ਘਿਰ ਜਾਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਾ ਕੀਤੇ ਜਾਣ ’ਤੇ ਪਿੰਡ ਵਾਸੀਆਂ ਨੇ ਪਿੰਡ ਐਲਗਰਾਂ ਦੇ ਪੁਲ ਨੇੜੇ ਸੜਕ ’ਤੇ ਧਰਨਾ ਲਗਾ ਕੇ ਆਵਾਜਾਈ ਰੋਕ ਦਿੱਤੀ। ਪਿੰਡ ਵਾਸੀਆਂ ਦੀ ਹਮਾਇਤ ’ਚ ਕਿਰਤੀ ਕਿਸਾਨ ਮੋਰਚਾ ਦੇ ਆਗੂ ਧਰਨੇ ਵਾਲੀ ਜਗ੍ਹਾ ’ਤੇ ਪਹੁੰਚੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਹਰਨੇਕ ਸਿੰਘ ਦੇ ਰੁੜ੍ਹੇ ਮਕਾਨ ਦੇ ਨੁਕਾਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ 12 ਘਰਾਂ ਨੂੰ ਪਾਣੀ ਦੇ ਵਹਾਅ ਤੋਂ ਬਚਾਉਣ ਲਈ ਪਾਣੀ ਤੀ ਰੋਕ ਵਾਸਤੇ ਬੰਨ੍ਹ ਲਗਾਇਆ ਜਾਵੇ। ਧਰਨੇ ਵਾਲੀ ਥਾਂ ’ਤੇ ਨੂਰਪੁਰ ਬੇਦੀ ਦੇ ਐਸਐਚਓ ਦਾਨਸ਼ਬੀਰ ਸਿੰਘ ਆਪਣੀ ਟੀਮ ਸਮੇਤ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਸਮਝਾਉਣ ਦਾ ਯਤਨ ਕਰ ਰਹੇ ਸਨ। ਇਸ ਮੋਕੇ ਮਾਈਨਿੰਗ ਅਧਿਕਾਰੀ ਵੀ ਪਹੁੰਚੇ ਹੋਏ ਸਨ। ਸਮਾਜ ਸੇਵੀ ਗੋਰਵ ਰਾਣਾ ਨੇ ਦੱਸਿਆ ਕਿ ਸਤਲੁਜ ਦਰਿਆਂ ਦੇ ਪਾਣੀ ਨਾਲ ਹਰਸਾ ਬੇਲਾ ਦੇ ਵਸਨੀਕ ਹਰਨੇਕ ਸਿੰਘ ਦਾ ਕਾਫੀ ਨੁਕਸਾਨ ਹੋਇਆ ਹੈ ਉਸ ਨੂੰ ਪੰਜਾਬ ਸਰਕਾਰ ਮੁਆਵਜਾ ਦੇਵੇ। ਇਸ ਮੌਕੇ ਕਿਸਾਨ ਸਭਾ ਦੇ ਆਗੂ ਮਾਸਟਰ ਗੁਰਨਾਇਬ ਸਿੰਘ ਜੇਤੇਵਾਲ ਨੇ ਕਿਹਾ ਕਿ ਪਿੰਡ ਹਰਸਾ ਬੇਲਾ ਨੂੰ ਬੰਨ੍ਹ ਲਗਾ ਕੇ ਦਰਿਆ ਦੇ ਪਾਣੀ ਤੋਂ ਬਚਾਇਆ ਜਾਵੇ।
ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ੍ਹ ਲਾਉਣ ਦਾ ਭਰੋਸਾ ਦਿੱਤਾ
ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਪਿੰਡ ਹਰਸਾ ਬੇਲਾ ਦੇ ਘਰਾਂ ਦੇ ਬਚਾਅ ਲਈ ਬੰਨ੍ਹ ਲਾਉਣ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ ਕਿਲ੍ਹਾ ਆਨੰਦਗੜ੍ਹ ਸਾਹਿਬ ਕਾਰ ਸੇਵਾ ਵਾਲਿਆਂ ਬਾਬਿਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਕੋਈ ਹੱਲ ਨਹੀਂ ਕਰਦਾ ਤਾਂ ਉਹ ਕਾਰ ਸੇਵਾ ਰਾਹੀਂ ਬੰਨ੍ਹ ਲਾਉਣਗੇ। ਅਧਿਕਾਰੀਆਂ ਵੱਲੋਂ ਭਰੋਸਾ ਦਿਵਾਉਣ ਤੋਂ ਬਾਅਦ ਲੋਕਾਂ ਨੇ ਧਰਨਾ ਚੁੱਕ ਲਿਆ।