ਦਰਬਾਰ ਸਾਹਿਬ ਗਲਿਆਰੇ ਨੇੜੇ ਉਸਾਰੀ ਅਧੀਨ ਹੋਟਲ ਢਾਹਿਆ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 26 ਅਗਸਤ
ਸ੍ਰੀ ਦਰਬਾਰ ਸਾਹਿਬ ਗਲਿਆਰਾ ਕੋਲ ਬਣ ਰਹੇ ਹੋਟਲ ’ਤੇ ਕਾਰਵਾਈ ਕਰਦਿਆਂ ਨਗਰ ਨਿਗਮ ਦੇ ਐਮ.ਟੀ.ਪੀ ਵਿਭਾਗ ਨੇ ਹਥੌੜਿਆਂ ਨਾਲ ਪੁਰਾਣਾ ਲੈਂਟਰ ਤੋੜ ਦਿੱਤਾ। ਇਸ 35 ਸਾਲ ਪੁਰਾਣੀ ਇਮਾਰਤ ਦਾ ਮਾਲਕ ਪੁਰਾਣੀਆਂ ਇਮਾਰਤਾਂ ਦੇ ਉੱਪਰ ਲੈਂਟਰ ਕਰਵਾ ਰਿਹਾ ਸੀ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਸੀ। ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਹੁਕਮਾਂ ’ਤੇ ਅੱਜ ਸਵੇਰੇ 6.00 ਵਜੇ ਤੋਂ ਨਿਗਮ ਦੇ ਐਮ.ਟੀ.ਪੀ ਵਿਭਾਗ ਵੱਲੋਂ ਨਵੇਂ ਲੈਂਟਰ ਨੂੰ ਤੋੜਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜੋ ਦੁਪਹਿਰ 2-00 ਵਜੇ ਤੱਕ ਜਾਰੀ ਰਿਹਾ।
ਇਸ ਨਵੇਂ ਬਣੇ ਹੋਟਲ ਨੂੰ ਢਾਹੁਣ ਦਾ ਕੰਮ ਐਮ.ਟੀ.ਪੀ. ਮੇਹਰਬਾਨ ਸਿੰਘ, ਏ.ਟੀ.ਪੀ. ਪਰਮਜੀਤ ਦੱਤਾ, ਏ.ਟੀ.ਪੀ. ਪਰਮਿੰਦਰਜੀਤ ਸਿੰਘ, ਬਿਲਡਿੰਗ ਇੰਸਪੈਕਟਰ ਨਵਜੋਤ ਕੌਰ, ਬਿਲਡਿੰਗ ਇੰਸਪੈਕਟਰ ਮਨੀਸ਼ ਕੁਮਾਰ, ਨਗਰ ਨਿਗਮ ਪੁਲੀਸ ਅਤੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਵੱਲੋਂ ਕੀਤਾ ਗਿਆ। ਐਮ.ਟੀ.ਪੀ. ਮੇਹਰਬਾਨ ਸਿੰਘ ਨੇ ਦੱਸਿਆ ਕਿ ਇਸ 35 ਸਾਲ ਪੁਰਾਣੀ ਇਮਾਰਤ ਦਾ ਮਾਲਕ ਪੁਰਾਣੀ ਇਮਾਰਤ ਦੇ ਉਪਰ ਲੈਂਟਰ ਪਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਦੇ ਮਾਲਕ ਨੂੰ ਪਹਿਲਾਂ ਵੀ ਨੋਟਿਸ ਦਿੱਤੇ ਗਏ ਸਨ ਅਤੇ ਕੰਮ ਵੀ ਰੋਕ ਦਿੱਤਾ ਗਿਆ ਸੀ ਪਰ ਨੋਟਿਸ ਦਾ ਕੋਈ ਜਵਾਬ ਨਾ ਮਿਲਣ ਕਾਰਨ ਅੱਜ ਸਵੇਰ ਤੋਂ ਹੀ ਕਾਰਵਾਈ ਕੀਤੀ ਗਈ ਅਤੇ ਨਵੇਂ ਲੈਂਟਰ ਨੂੰ ਤੋੜਿਆ ਗਿਆ। ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਾਜਾਇਜ਼ ਉਸਾਰੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਨਗਰ ਨਿਗਮ ਪਾਸੋਂ ਨਕਸ਼ਾ ਮਨਜ਼ੂਰ ਕਰਵਾ ਕੇ ਹੀ ਉਸਾਰੀ ਸ਼ੁਰੂ ਕੀਤੀ ਜਾਵੇ।