ਟਰੱਕ ਦੀ ਟੱਕਰ ਨਾਲ ਹੋਮਗਾਰਡ ਜਵਾਨ ਦੀ ਮੌਤ
ਪੱਤਰ ਪ੍ਰੇਰਕ
ਪੰਚਕੂਲਾ 23 ਅਕਤੂਬਰ
ਚੰਡੀਮੰਦਰ ਨੇੜੇ ਲੰਘੀ ਰਾਤ ਮੋਟਰਸਾਈਕਲ ਸਵਾਰ ਹੋਮਗਾਰਡ ਜਵਾਨ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਹੋਮਗਾਰਡ ਦਾ ਜਵਾਨ ਗੰਭੀਰ ਜ਼ਖਮੀ ਹੋ ਗਿਆ। ਉਸ ਦੇ ਸਾਥੀਆਂ ਨੇ ਰਾਹਗੀਰਾਂ ਦੀ ਮਦਦ ਨਾਲ ਹੋਮਗਾਰਡ ਜਵਾਨ ਨੂੰ ਪੰਚਕੂਲਾ ਦੇ ਸੈਕਟਰ-6 ਸਥਿਤ ਸਿਵਲ ਹਸਪਤਾਲ ਪਹੁੰਚਾਇਆ। ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹੋਮਗਾਰਡ ਜਵਾਨ ਦੀ ਪਤਨੀ ਪੂਜਾ ਦੀ ਸ਼ਿਕਾਇਤ ’ਤੇ ਚੰਡੀਮੰਦਰ ਪੁਲੀਸ ਨੇ ਕੇਸ ਦਰਜ ਕਰ ਕੇ ਡਰਾਈਵਰ ਨੂੰ ਗ੍ਰਿਸ਼ਤਾਰ ਕਰ ਲਿਆ ਹੈ। ਹੋਮਗਾਰਡ ਜਵਾਨ ਸੰਦੀਪ ਕੁਮਾਰ ਆਪਣੀ ਡਿਊਟੀ ਲਈ ਚੂਨਾ ਭੱਟੀ ਚੰਡੀਮੰਦਰ ਤੋਂ ਪੰਚਕੂਲਾ ਜਾ ਰਿਹਾ ਸੀ। ਇਸੇ ਦੌਰਾਨ ਚੰਡੀਮੰਦਰ ਹਾਈਵੇਅ ’ਤੇ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਹੋਮਗਾਰਡ ਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ।
ਸੜਕ ਹਾਦਸੇ ਵਿੱਚ 85 ਸਾਲਾ ਔਰਤ ਹਲਾਕ
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਨੇੜਲੇ ਪਿੰਡ ਮੁਬਾਰਕਪੁਰ ਵਿੱਚ ਸਥਿਤ ਰੇਲਵੇ ਸਟੇਸ਼ਨ ਦੇ ਬਾਹਰ ਇਕ ਟਿੱਪਰ ਦੀ ਲਪੇਟ ਵਿੱਚ ਆ ਕੇ ਮੋਟਰਸਾਈਕਲ ਸਵਾਰ ਇਕ ਬਿਰਧ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 85 ਸਾਲਾ ਬਿਮਲਾ ਦੇਵੀ ਪਤਨੀ ਸੁੰਦਰ ਲਾਲ ਵਾਸੀ ਅੰਬਾਲਾ ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਅਣਪਛਾਤੇ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਬਿਮਲਾ ਦੇਵੀ ਘੱਗਰ ਰੇਲਵੇ ਸਟੇਸ਼ਨ ਤੋਂ ਆਪਣੇ ਇਕ ਰਿਸਤੇਦਾਰ ਦੇ ਮੋਟਰਸਾਈਕਲ ’ਤੇ ਮੁਬਾਰਕਪੁਰ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਮੁਬਾਰਕਪੁਰ ਪਹੁੰਚੀ ਤਾਂ ਇਕ ਤੇਜ਼ ਰਫ਼ਤਾਰ ਟਿੱਪਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਬਿਮਲਾ ਦੇਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ।