ਤੇਜ਼ ਰਫ਼ਤਾਰ ਕਾਰ ਨੇ ਲਈ ਹੋਮਗਾਰਡ ਜਵਾਨ ਦੀ ਜਾਨ
ਇਕਬਾਲ ਸਿੰਘ ਸ਼ਾਂਤ
ਲੰਬੀ, 18 ਫਰਵਰੀ
ਡੱਬਵਾਲੀ-ਮਲੋਟ ਨੈਸ਼ਨਲ ਹਾਈਵੇ-9 ’ਤੇ ਲੰਬੀ ਨੇੜੇ ਅੱਜ ਰਾਤ ਤੇਜ਼ ਰਫ਼ਤਾਰ ਕਾਰ ਹਾਦਸੇ ਮਗਰੋਂ ਡਿਊਟੀ ’ਤੇ ਤਾਇਨਾਤ ਹੋਮਗਾਰਡ ਮੁਲਾਜ਼ਮ ਚਰਨਜੀਤ ਸਿੰਘ ’ਤੇ ਪਲਟ ਗਈ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹੋਮਗਾਰਡ ਮੁਲਾਜ਼ਮ ਲੰਬੀ ਵਿਖੇ ਨੈਸ਼ਨਲ ਹਾਈਵੇਅ ’ਤੇ ਲੱਗੇ ਸ਼ਹੀਦ ਕਿਸਾਨ ਪਰਿਵਾਰਾਂ ਦੇ ਧਰਨੇ ਕਾਰਨ ਸ਼ਾਹੀ ਪੈਲੇਸ ਨੇੜੇ ਟਰੈਫਿਕ ਨੂੰ ਬਦਲਵੇਂ ਰਾਹ ਲੰਘਾਉਣ ਲਈ ਤਾਇਨਾਤ ਸੀ। ਹਾਦਸੇ ਦੌਰਾਨ ਇੱਕ ਤੇਜ਼ ਰਫ਼ਤਾਰ ਸਵਿਫ਼ਟ ਡਿਜ਼ਾਇਰ ਕਾਰ ਬੇਕਾਬੂ ਹੋ ਕੇ ਸੜਕ ਵਿਚਕਾਰਲੇ ਲੋਹੇ ਦੇ ਡੀਵਾਈਡਰ ਤੇ ਸੋਲਰ ਲਾਈਟ ਨਾਲ ਟਕਰਾ ਗਈ। ਕਾਰ ਪਲਟ ਕੇ ਹੋਮਗਾਰਡ ਮੁਲਾਜ਼ਮ ਚਰਨਜੀਤ ਸਿੰਘ (48) ਦੇ ਉੱਪਰ ਡਿੱਗ ਪਈ। ਨਤੀਜੇ ਵਜੋਂ ਹੋਮਗਾਰਡ ਮੁਲਾਜ਼ਮ ਨੇ ਮੌਕੇ ’ਤੇ ਦਮ ਤੋੜ ਦਿੱਤਾ। ਹਾਦਸੇ ਸਮੇਂ ਚਰਨਜੀਤ ਸਿੰਘ ਦੇ ਨਾਲ ਤਾਇਨਾਤ ਸਾਥੀ ਮੁਲਾਜ਼ਮ ਕਾਰ ਦੀ ਚਪੇਟ ਵਿੱਚ ਆਉਣੋਂ ਵਾਲ-ਵਾਲ ਬਚ ਗਏ। ਹਾਦਸੇ ਉਪਰੰਤ ਕਾਰ ਸਵਾਰ ਹਾਦਸਾਗ੍ਰਸਤ ਕਾਰ ਨੂੰ ਘਟਨਾ ਸਥਾਨ ’ਤੇ ਛੱਡ ਕੇ ਫ਼ਰਾਰ ਹੋ ਗਏ। ਮ੍ਰਿਤਕ ਹੋਮਗਾਰਡ ਮੁਲਾਜ਼ਮ ਚਰਨਜੀਤ ਸਿੰਘ ਪਿੰਡ ਥਰਾਜਵਾਲਾ ਦਾ ਰਹਿਣ ਵਾਲਾ ਸੀ। ਥਾਣਾ ਲੰਬੀ ਦੇ ਮੁਖੀ ਗੁਰਤੇਜ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਧੌਣ ਦਾ ਮਣਕਾ ਟੁੱਟਣ ਕਰਕੇ ਹੋਮਗਾਰਡ ਮੁਲਾਜ਼ਮ ਚਰਨਜੀਤ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਆਗਾਮੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਘਟਨਾ ਕਾਰਨ ਪੁਲੀਸ ਅਮਲੇ ਵਿੱਚ ਸੋਗ ਦੀ ਲਹਿਰ ਹੈ।