ਕੇਂਦਰੀ ਜੇਲ੍ਹ ਵਿੱਚੋਂ ਚੱਲ ਰਿਹਾ ਸੀ ਹੈਰੋਇਨ ਤਸਕਰੀ ਦਾ ਰੈਕੇਟ
ਗਗਨਦੀਪ ਅਰੋੜਾ
ਲੁਧਿਆਣਾ, 20 ਦਸੰਬਰ
ਐੱਨਸੀਬੀ ਵੱਲੋਂ ਹੈਰੋਇਨ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸ਼ਹਿਰ ਦਾ ਕਾਰੋਬਾਰੀ ਅਕਸ਼ੈ ਛਾਬੜਾ ਜੇਲ੍ਹ ਜਾਣ ਮਗਰੋਂ ਵੀ ਆਪਣਾ ਤਸਕਰੀ ਦਾ ਧੰਦਾ ਚਲਾਉਂਦਾ ਰਿਹਾ। ਇਹ ਖੁਲਾਸਾ ਐੱਸਟੀਐਫ਼ ਨੇ ਕੀਤਾ ਹੈ। ਐੱਸਟੀਐਫ਼ ਨੂੰ ਇਸ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਸਾਢੇ ਚਾਰ ਕਿੱਲੋ ਹੈਰੋਇਨ ਸਣੇ ਇੱਕ ਔਰਤ ਅਤੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਅਕਸ਼ੈ ਛਾਬੜਾ ਕੇਂਦਰੀ ਜੇਲ੍ਹ ਵਿੱਚੋਂ ਹੀ ਆਪਣਾ ਕਾਰੋਬਾਰ ਚਲਾ ਰਿਹਾ ਸੀ। ਐੱਸਟੀਐੱਫ ਦੀ ਟੀਮ ਨੇ ਛਾਬੜਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿਛ ਕੀਤੀ ਹੈ। ਐੱਸਟੀਐਫ਼ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਜਦੋਂ ਟੀਮ ਨੇ ਪਿਛਲੇ ਦਿਨੀਂ ਹੈਰੋਇਨ ਸਣੇ ਹਰਮਨਦੀਪ ਸਿੰਘ ਉਰਫ਼ ਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਪੁੱਛਗਿਛ ਦੌਰਾਨ ਉਸ ਨੇ ਕਈ ਖੁਲਾਸੇ ਕੀਤੇ ਸਨ। ਇਸ ਦੌਰਾਨ ਪਤਾ ਲੱਗਿਆ ਸੀ ਕਿ ਜਸਪਾਲ ਗੋਲਡੀ ਅਤੇ ਅਮਨਦੀਪ ਜੇਠੀ ਨਸ਼ਾ ਤਸਕਰੀ ਦੇ ਦੋਸ਼ ’ਚ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਇਹ ਧੰਦਾ ਕਰ ਰਹੇ ਹਨ। ਉਹ ਹਰਮਨਦੀਪ ਨੂੰ ਵੱਧ ਪੈਸਿਆਂ ਦਾ ਲਾਲਚ ਦੇ ਕੇ ਹੈਰੋਇਨ ਦੀ ਸਪਲਾਈ ਕਰਵਾ ਰਹੇ ਸਨ। ਇਸ ਦੌਰਾਨ ਅਮਨਦੀਪ ਜੇਠੀ ਦੀ ਪਤਨੀ ਦਾ ਨਾਮ ਵੀ ਸਾਹਮਣੇ ਆਇਆ। ਉਸ ਨੂੰ ਵੀ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਗਿਆ। ਉਸ ਨੇ ਵੀ ਪੁੱਛਗਿਛ ਦੌਰਾਨ ਮੰਨਿਆ ਕਿ ਉਹ ਜੇਠੀ ਦੇ ਕਹਿਣ ’ਤੇ ਹੈਰੋਇਨ ਸਪਲਾਈ ਕਰਦੀ ਸੀ। ਮਗਰੋਂ ਖੁਲਾਸਾ ਹੋਇਆ ਕਿ ਨਸ਼ੇ ਦੇ ਇਸ ਗੌਰਖਧੰਦੇ ਦਾ ਮਾਸਟਰਮਾਈਂਡ ਸ਼ਰਾਬ ਕਾਰੋਬਾਰੀ ਤੇ ਨਸ਼ਾ ਤਸਕਰੀ ਦੇ ਦੋਸ਼ ਹੇਠ ਜੇਲ੍ਹ ’ਚ ਬੰਦ ਅਕਸ਼ੈ ਛਾਬੜਾ ਹੈ। ਉਹ ਜੇਲ੍ਹ ’ਚੋਂ ਫੋਨ ਰਾਹੀਂ ਸਾਰਾ ਕਾਰੋਬਾਰ ਚਲਾ ਰਿਹਾ ਹੈ। ਐੱਸਟੀਐੱਫ ਨੇ ਅਕਸ਼ੈ ਛਾਬੜਾ ਨੂੰ ਇਸ ਸਬੰਧੀ ਨਾਮਜ਼ਦ ਕਰ ਕੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਇਸ ਦੌਰਾਨ ਤਿੰਨਾਂ ਦੇ ਕਬਜ਼ੇ ’ਚੋਂ ਜੇਲ੍ਹ ਵਿੱਚੋਂ ਚਲਾਏ ਜਾ ਰਹੇ ਫੋਨ ਵੀ ਬਰਾਮਦ ਹੋਏ।
ਖੇਤਾਂ ਵਿੱਚੋਂ ਡਰੋਨ ਤੇ ਹੈਰੋਇਨ ਬਰਾਮਦ
ਤਰਨ ਤਾਰਨ (ਗੁਰਬਖਸ਼ਪੁਰੀ): ਖਾਲੜਾ ਇਲਾਕੇ ਵਿੱਚ ਅੱਜ ਪੰਜਾਬ ਪੁਲੀਸ ਅਤੇ ਬੀਐੱਸਐੱਫ ਵੱਲੋਂ ਚਲਾਈ ਗਈ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਪਿੰਡ ਡਾਲਿਰੀ ਦੇ ਕਿਸਾਨ ਪਰਗਟ ਸਿੰਘ ਦੇ ਖੇਤਾਂ ’ਚੋਂ ਇਕ ਡਰੋਨ ਤੇ ਢਾਈ ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਭਿੱਖੀਵਿੰਡ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ ਦਾ ਕਹਿਣਾ ਸੀ ਕਿ ਇੰਝ ਲੱਗਦਾ ਹੈ ਕਿ ਇਹ ਡਰੋਨ ਪਾਕਿਸਤਾਨ ਵੱਲੋਂ ਹੈਰੋਇਨ ਦੀ ਖੇਪ ਲੈ ਕੇ ਆਇਆ ਸੀ। ਪੁਲੀਸ ਨੇ ਇਹ ਖੇਪ ਮੰਗਵਾਉਣ ਵਾਲੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਖਾਲੜਾ ਪੁਲੀਸ ਨੇ ਐੱਨਡੀਪੀਐੱਸ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ|
ਐੱਸਟੀਐੱਫ ਵੱਲੋਂ ਡੇਢ ਕਿੱਲੋ ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਐੱਸਟੀਐੱਫ ਦੀ ਟੀਮ ਨੇ ਅੱਜ ਮਿਲਟਰੀ ਹਸਪਤਾਲ ਫ਼ਿਰੋਜ਼ਪੁਰ ਵਿੱਚ ਪ੍ਰਾਈਵੇਟ ਤੌਰ ’ਤੇ ਕੰਮ ਕਰਨ ਵਾਲੀ ਇਕ ਨਰਸ ਨੂੰ ਉਸ ਦੇ ਦੋ ਸਾਥੀਆਂ ਸਣੇ ਹੈਰੋਇਨ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਔਰਤ ਫਿਰੋਜ਼ਪੁਰ ਤੋਂ ਆਪਣੇ ਦੋ ਸਾਥੀਆਂ ਨਾਲ ਹੈਰੋਇਨ ਲੈ ਕੇ ਦੁੱਗਰੀ ਦੇ ਨਿਰਮਲ ਨਗਰ ਇਲਾਕੇ ’ਚ ਪੁੱਜੀ ਸੀ। ਗੁਪਤ ਸੂਚਨਾ ਮਿਲਣ ਤੋਂ ਬਾਅਦ ਐੱਸਟੀਐਫ਼ ਦੀ ਟੀਮ ਨੇ ਤਿੰਨਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੇ ਕਬਜ਼ੇ ’ਚੋਂ ਡੇਢ ਕਿੱਲੋ ਹੈਰੋਇਨ ਅਤੇ ਕਾਰ ਬਰਾਮਦ ਹੋਈ। ਇਸ ਮਾਮਲੇ ’ਚ ਪੁਲੀਸ ਨੇ ਫਿਰੋਜ਼ਪੁਰ ਦੇ ਗਾਂਧੀ ਨਗਰ ਦੇ ਰਹਿਣ ਵਾਲੇ ਆਸ਼ੀਸ਼ ਉਰਫ਼ ਆਸ਼ੂ, ਸੁਖਵਿੰਦਰ ਸਿੰਘ ਉਰਫ਼ ਲਾਡੀ ਅਤੇ ਵੰਦਨਾ ਖ਼ਿਲਾਫ਼ ਮੁਹਾਲੀ ਦੇ ਐੱਸਟੀਐੱਫ਼ ਥਾਣੇ ’ਚ ਕੇਸ ਦਰਜ ਕੀਤਾ ਹੈ।