PMK ਸੰਸਥਾਪਕ ਰਾਮਦਾਸ ਅਤੇ ਪੁੱਤ ਵਿਚਾਲੇ ਤਿੱਖੀ ਬਹਿਸ
ਪੀਐੱਮਕੇ ਪਾਰਟੀ ਦੇ ਪ੍ਰਧਾਨ ਅੰਬੂਮਣੀ ਨੇ ਅੱਜ ਇੱਥੇ ਪਾਰਟੀ ਮੀਟਿੰਗ ’ਚ ਆਪਣੇ ਪਿਤਾ ਅਤੇ ਪਾਰਟੀ ਸੰਸਥਾਪਕ ਐੱਸ ਰਾਮਦਾਸ ਦੇ ਇੱਕ ਫ਼ੈਸਲੇ ਦਾ ਵਿਰੋਧ ਕੀਤਾ, ਜਿਸ ਮਗਰੋਂ ਸੀਨੀਅਰ ਨੇਤਾ ਨੇ ਗੁੱਸੇ ’ਚ ਕਿਹਾ ਕਿ ਜੋ ਲੋਕ ਉਨ੍ਹਾਂ ਦੇ ਨਿਰਦੇਸ਼ ਦਾ ਪਾਲਣ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ।
ਮੁਕੁੰਦਨ ਨੂੰ ਸੂਬਾਈ ਯੂਥ ਇਕਾਈ ਦਾ ਪ੍ਰਧਾਨ ਨਿਯੁਕਤ ਦਾ ਵਿਰੋਧ
ਦਰਅਸਲ ਜਦੋਂ ਪਾਰਟੀ ਦੇ ਸੰਸਥਾਪਕ ਰਾਮਦਾਸ ਨੇ ਐਲਾਨ ਕੀਤਾ ਕਿ ਪਾਰਟੀ ਦੇ ਇੱਕ ਮੈਂਬਰ ਮੁਕੁੰਦਨ ਨੂੰ ਸੂਬਾਈ ਯੂਥ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤਾਂ ਅੰਬੂਮਣੀ ਨੇ ਵਿਰੋਧ ਜਤਾਇਆ ਅਤੇ ਪਿਓ-ਪੁੱਤ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ। ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਅੰਬੂਮਣੀ ਨੇ ਕਿਹਾ ਕਿ ਮੁਕੁੰਦਨ ਪਾਰਟੀ ਵਿੱਚ ਸਿਰਫ਼ ਇੱਕ ਮਹੀਨਾ ਪੁਰਾਣਾ ਹੈ। ਉਨ੍ਹਾਂ ਇਸ ਨਿਯੁਕਤੀ ’ਤੇ ਆਪਣਾ ਰੋਸ ਜ਼ਾਹਿਰ ਕੀਤਾ। ਪਾਰਟੀ ਮੀਟਿੰਗ ਵਿੱਚ ਰਾਮਦਾਸ ਨੇ ਜ਼ੋਰ ਦੇ ਕੇ ਕਿਹਾ, ‘‘ਭਾਵੇਂ ਕੁੱਝ ਵੀ ਹੋਵੇ, ਮੈਂ ਜੋ ਕਹਿੰਦਾ ਹਾਂ ਉਸ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ।’’
ਰਾਮਦਾਸ ਨੇ ਕਿਹਾ ਕਿ ਇਸ ਪਾਰਟੀ ਦੀ ਸਥਾਪਨਾ ਉਨ੍ਹਾਂ ਕੀਤੀ ਹੈ ਅਤੇ ਉਨ੍ਹਾਂ ਦੇ ਨਿਰਦੇਸ਼ ਦਾ ਪਾਲਣ ਨਾ ਕਰਨ ਵਾਲਾ ਪਾਰਟੀ ’ਚ ਨਹੀਂ ਰਹਿ ਸਕਦਾ। ਇਸ ’ਤੇ ਨਾਰਾਜ਼ ਹੋ ਕੇ ਅੰਬੂਮਣੀ ਨੇ ਹੱਥ ’ਚ ਫੜਿਆ ਮਾਈਕ ਜ਼ੋਰ ਨਾਲ ਮੇਜ਼ ’ਤੇ ਰੱਖ ਦਿੱਤਾ।
ਮੁਕੁੰਦਨ ਨੂੰ ਇਸ ਅਹੁਦੇ ’ਤੇ ਨਿਯੁਕਤ ਕਰਨ ਦੇ ਆਪਣੇ ਰੁਖ਼ ’ਤੇ ਕਾਇਮ ਰਹਿੰਦਿਆਂ ਰਾਮਦਾਨ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਭਾਵੇਂ ਕੋਈ ਵੀ ਹੋਵੇ, ਜੇਕਰ ਉਹ ਉਨ੍ਹਾਂ ਦੇ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦਾ ਤਾਂ ਉਸ ਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ। -ਪੀਟੀਆਈ