ਜ਼ਿੰਮੇਵਾਰ ਨਾਗਰਿਕਾਂ ’ਤੇ ਨਿਰਭਰ ਕਰਦਾ ਹੈ ਸਿਹਤਮੰਦ ਲੋਕਤੰਤਰ: ਜਸਟਿਸ ਬਿੰਦਲ
ਪੱਤਰ ਪ੍ਰੇਰਕ
ਚੰਡੀਗੜ੍ਹ, 28 ਅਕਤੂਬਰ
ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ ਵੱਲੋਂ ਸਰਦਾਰ ਅਜੀਤ ਸਿੰਘ ਸਰਹੱਦੀ ਯਾਦਗਾਰੀ ਭਾਸ਼ਣ ਅੱਜ ਇੱਥੇ ਵਿਭਾਗ ਦੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੁਪਰੀਮ ਕੋਰਟ ਦੇ ਜੱਜ ਜਸਟਿਸ ਰਾਜੇਸ਼ ਬਿੰਦਲ ਨੇ ਸੰਬੋਧਨ ਕੀਤਾ। ਉਨ੍ਹਾਂ ਭਾਰਤੀ ਸੰਵਿਧਾਨ ਦੇ ਅਨੁਛੇਦ-21 ’ਤੇ ਧਿਆਨ ਕੇਂਦਰਤ ਕੀਤਾ। ਉਨ੍ਹਾਂ ਸੰਵਿਧਾਨ ਦੀ ਰਚਨਾ ਬਾਰੇ ਚਰਚਾ ਕੀਤੀ, ਸਮਾਜ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਅਨੁਕੂਲ ਹੋਣ ਵਾਲੇ ਲਚਕਦਾਰ ਸੰਵਿਧਾਨ ਦੀ ਲੋੜ ਬਾਰੇ ਡਰਾਫਟ ਕਮੇਟੀ ਦੇ ਅੰਦਰ ਮਹੱਤਵਪੂਰਨ ਬਹਿਸਾਂ ਦਾ ਵੇਰਵਾ ਦਿੱਤਾ।
ਜਸਟਿਸ ਬਿੰਦਲ ਨੇ ਸੰਵਿਧਾਨ ਦੀ ਸ਼ੁਰੂਆਤ ਤੋਂ ਲੈ ਕੇ ਸਮਕਾਲੀ ਸਮੇਂ ਤੱਕ ਇਸ ਵਿਚਲੀਆਂ ਸੋਧਾਂ ਬਾਰੇ ਗੱਲ ਕੀਤੀ। ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇੱਕ ਸਿਹਤਮੰਦ ਲੋਕਤੰਤਰ ਨਾਗਰਿਕਾਂ ’ਤੇ ਨਿਰਭਰ ਕਰਦਾ ਹੈ ਜੋ ਉਨ੍ਹਾਂ ਦੇ ਅਧਿਕਾਰਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੂੰ ਪਛਾਣਦੇ ਹਨ।
ਪੀਯੂ ਲਾਅ ਵਿਭਾਗ ਦੀ ਚੇਅਰਪਰਸਨ ਪ੍ਰੋ. (ਡਾ.) ਵੰਦਨਾ ਏ. ਕੁਮਾਰ ਨੇ ਸੁਆਗਤੀ ਭਾਸ਼ਣ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਵਿਆਪਕ ਭਾਈਚਾਰੇ ਵਿੱਚ ਕਾਨੂੰਨੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਸਾਲਾਨਾ ਲੈਕਚਰ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪੀਯੂ ਦੇ ਰਜਿਸਟਰਾਰ ਯਜਵਿੰਦਰ ਪਾਲ ਵਰਮਾ ਨੇ ਭਵਿੱਖ ਦੇ ਕਾਨੂੰਨੀ ਪ੍ਰੈਕਟੀਸ਼ਨਰਾਂ ਨੂੰ ਤਿਆਰ ਕਰਨ ਵਿੱਚ ਸਿੱਖਿਆ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ।