ਹੜ੍ਹ ਪੀੜਤਾਂ ਲਈ ਸਿਹਤ ਜਾਂਚ ਕੈਂਪ ਲਾਇਆ
ਪੱਤਰ ਪ੍ਰੇਰਕ
ਰਤੀਆ, 30 ਜੁਲਾਈ
ਲਾਇਨਜ਼ ਕਲੱਬ ਰਤੀਆ ਟਾਊਨ ਵੱਲੋਂ ਬਾਹਮਣਵਾਲਾ ਨਹਿਰ ’ਤੇ ਹੜ੍ਹ ਪ੍ਰਭਾਵਿਤ ਪਿੰਡ ਵਾਸੀਆਂ ਲਈ ਆਰਜ਼ੀ ਤੌਰ ’ਤੇ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਉੱਘੇ ਡਾਕਟਰ ਰਮੇਸ਼ ਗੁਪਤਾ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦੀ ਵੰਡ ਕੀਤੀ। ਕਲੱਬ ਦੇ ਮੁਖੀ ਲਾਇਨ ਵਿਜੇ ਜਿੰਦਲ ਨੇ ਦੱਸਿਆ ਕਿ ਇਲਾਕੇ ਵਿੱਚ ਆਏ ਹੜ੍ਹਾਂ ਕਾਰਨ ਜਿੱਥੇ ਕਈ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਅਸਥਾਈ ਤੌਰ ’ਤੇ ਬੇਘਰ ਹੋਣਾ ਪਿਆ ਹੈ, ਉੱਥੇ ਹੀ ਉਹ ਚਮੜੀ ਦੀਆਂ ਬਿਮਾਰੀਆਂ, ਅੱਖਾਂ ਦੀਆਂ ਬਿਮਾਰੀਆਂ ਆਦਿ ਕਈ ਬਿਮਾਰੀਆਂ ਤੋਂ ਪੀੜਤ ਹਨ, ਜਿਸ ਲਈ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਹੈ। ਕਲੱਬ ਦੇ ਸਕੱਤਰ ਲਾਇਨ ਸ਼ਿਵ ਸੋਨੀ ਅਤੇ ਪ੍ਰੋਜੈਕਟ ਅਫਸਰ ਲਾਇਨ ਡਾ. ਰਮੇਸ਼ ਗੁਪਤਾ ਨੇ ਦੱਸਿਆ ਕਿ ਅਗਿਆਨਤਾ ਕਾਰਨ ਇਨਫੈਕਸ਼ਨ ਜ਼ਿਆਦਾ ਫੈਲ ਰਹੀ ਹੈ ਅਤੇ ਜੇਕਰ ਸਮੇਂ ਸਿਰ ਇਸ ਦੀ ਜਾਂਚ ਨਾ ਕਰਵਾਈ ਜਾਵੇ ਤਾਂ ਇਹ ਬਿਮਾਰੀ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ, ਇਸ ਲਈ ਸਾਨੂੰ ਬਿਮਾਰੀਆਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਕੈਂਪ ਵਿੱਚ ਪ੍ਰਭਾਵਿਤ ਲੋਕਾਂ ਨੂੰ ਖਾਣ ਪੀਣ ਦਾ ਸਾਮਾਨ ਵੀ ਵੰਡਿਆ ਗਿਆ। ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਕਿਸੇ ਵੀ ਬਿਮਾਰੀ ਦੇ ਲੱਛਣ ਦਿਖਣ ਮਗਰੋਂ ਤੁਰੰਤ ਨੇੜਲੇ ਸਿਹਤ ਕੇਂਧਰ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਕਲੱਬ ਦੇ ਪ੍ਰਧਾਨ ਲਾਇਨ ਵਿਜੇ ਜਿੰਦਲ, ਸਕੱਤਰ ਸ਼ਿਵ ਸੋਨੀ, ਖਜ਼ਾਨਚੀ ਸਤਿਆਪ੍ਰਕਾਸ਼ ਜੈਨ, ਪ੍ਰੋਜੈਕਟ ਅਫ਼ਸਰ ਲਾਇਨ ਡਾ: ਰਮੇਸ਼ ਗੁਪਤਾ, ਅਸ਼ੋਕ ਚੋਪੜਾ, ਲਾਲ ਸਿੰਘ, ਸਤਪਾਲ ਜਿੰਦਲ, ਨਰਿੰਦਰ ਗਰੋਵਰ, ਕੁਲਦੀਪ ਸ਼ਰਮਾ, ਅਮਰ ਗੋਇਲ, ਗੁਪਤਾ ਚਿਲਡਰਨ ਹਸਪਤਾਲ ਦੇ ਸਟਾਫ਼ ਮੈਂਬਰ ਡਾ. ਸਮੇਤ ਮੈਂਬਰ ਹਾਜ਼ਰ ਸਨ।