ਗਿੱਦੜਬਾਹਾ ਤੋਂ ਸਾਬਕਾ ਸੈਨਿਕਾਂ ਦਾ ਜਥਾ ਖਨੌਰੀ ਪੁੱਜਿਆ
ਪੱਤਰ ਪ੍ਰੇਰਕ
ਗਿੱਦੜਬਾਹਾ, 22 ਦਸੰਬਰ
ਸਾਬਕਾ ਸੈਨਿਕ ਭਲਾਈ ਵਿੰਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਇਕ ਜੱਥਾ ਅਵਤਾਰ ਸਿੰਘ ਫ਼ਕਰਸਰ, ਕਿਰਪਾਲ ਸਿੰਘ ਬਾਦੀਆਂ ਅਤੇ ਗੁਰਪ੍ਰੀਤ ਸਿੰਘ ਖੋਖਰ ਦੀ ਅਗਵਾਈ ਹੇਠ ਖਨੌਰੀ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੁਰਾਣੇ ਖੇਤੀ ਕਾਨੂੰਨਾਂ ਨੂੰ ਨਵੇਂ ਰੂਪ ਵਿੱਚ ਕਿਸਾਨਾਂ ਤੇ ਥੋਪਣ ਦੀ ਤਿਆਰੀ ਕਰ ਰਹੀ ਹੈ ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ਸਾਨੂੰ ਸਭ ਨੂੰ ਆਪਣੇ ਗਿਲ੍ਹੇ-ਸ਼ਿਕਵੇ ਦੂਰ ਰੱਖ ਕੇ ਇੱਕਜੁਟ ਹੋਣਾ ਚਾਹੀਦਾ ਹੈ ਤਾਂ ਜੋ ਕੇਂਦਰ ਦੇ ਨਵੇਂ ਖ਼ੇਤੀ ਖਰੜੇ ਨੂੰ ਮੁੱਢੋਂ ਰੱਦ ਕਰਵਾਇਆ ਜਾ ਸਕੇ। ਉਨ੍ਹਾਂ ਪੰਜਾਬ ਦੀਆਂ ਸਮੂਹ ਕਿਸਾਨ, ਮਜ਼ਦੂਰ ਜਥੇਬੰਦੀਆਂ ਅਤੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦੇਣ ਅਤੇ ਵੱਡੀ ਗਿਣਤੀ ਵਿਚ ਖਨੌਰੀ ਪੁੱਜਣ। ਇਸ ਮੌਕੇ ਕੈਪਟਨ ਬੂਟਾ ਸਿੰਘ, ਨਰੇਸ਼ ਕੁਮਾਰ ਖੋਖਰ, ਕੁਲਵੰਤ ਸਿੰਘ ਤੂਰ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ, ਬੀਰਬਲ, ਸੰਤੋਖ ਸਿੰਘ, ਗੁਰਮੇਲ ਸਿੰਘ ਸਮਾਘ, ਗੁਰਪਿਆਰ ਸਿੰਘ ਅਤੇ ਕੁਲਵੰਤ ਸਿੰਘ ਕੋਟਲੀ ਮੌਜੂਦ ਸਨ।