ਤਿੰਨ ਨੌਜਵਾਨਾਂ ਵੱਲੋਂ ਕਰਿਆਨਾ ਵਪਾਰੀ ਦਾ ਕਤਲ
ਹਤਿੰਦਰ ਮਹਿਤਾ
ਜਲੰਧਰ, 26 ਜੂਨ
ਇਥੋਂ ਦੇ ਬਸਤੀ ਗੂਜਾਂ ‘ਚ ਅੱਜ ਸਵੇਰੇ ਮੁੱਖ ਬਾਜ਼ਾਰ ਵਿਚ ਤਿੰਨ ਨੌਜਵਾਨਾਂ ਨੇ ਪਰਮਜੀਤ ਅਰੋੜਾ ਬਿੱਲਾ ਨਾਮਕ ਕਰਿਆਨਾ ਵਪਾਰੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰ ਜਦ ਪਰਮਜੀਤ ਅਰੋੜਾ ਬਿੱਲਾ ਦੁਕਾਨ ਵਿਚ ਬੈਠਾ ਸੀ ਤਾਂ ਤਿੰਨ ਨੌਜਵਾਨਾਂ ਨੇ ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਮਲਾਵਰ ਜਾਂਦੇ ਹੋਏ ਉਸ ਦੀ ਜੇਬ ਵਿਚ ਪਏ ਅੱਠ ਹਜ਼ਾਰ ਰੁਪਏ ਵੀ ਆਪਣੇ ਨਾਲ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰਿਆਂ ਵਿਚ ਤਿੰਨ ਨਕਾਬਪੋਸ਼ ਹਮਲਾਵਰ ਦਿਖਾਈ ਦੇ ਰਹੇ ਹਨ ਜਿਨ੍ਹਾਂ ਨੇ ਪਰਮਜੀਤ ਅਰੋੜਾ ਬਿੱਲੇ ‘ਤੇ ਹਮਲਾ ਕੀਤਾ ਸੀ।
ਪੁਲੀਸ ਅਧਿਕਾਰੀਆਂ ਅਨੁਸਾਰ ਹਮਲਾਵਰ ਨਸ਼ੇੜੀ ਲੱਗ ਰਹੇ ਹਨ ਤੇ ਉਹ ਲੁੱਟ ਦੀ ਨੀਅਤ ਨਾਲ ਦੁਕਾਨ ‘ਤੇ ਆਏ ਸਨ। ਜਦੋਂ ਉਨ੍ਹਾਂ ਨੇ ਪਰਮਜੀਤ ਅਰੋੜਾ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਲੋਂ ਵਿਰੋਧ ਕਰਨ ‘ਤੇ ਉਨ੍ਹਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਜੋ ਉਸ ਲਈ ਜਾਨਲੇਵਾ ਸਾਬਤ ਹੋਇਆ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਇਹ ਕਤਲ ਲੁੱਟ ਲਈ ਕੀਤਾ ਲੱਗਦਾ ਹੈ ਪਰ ਪੁਲੀਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਹਮਲਾਵਰਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ ਜਿਸ ਲਈ ਪੁਲੀਸ ਨੇ ਮੁਹਿੰਮ ਵਿੱਢ ਦਿੱਤੀ ਹੈ।