ਨਸ਼ੇ, ਬੇਬਸੀ ਅਤੇ ਪਰਵਾਸ ਦੀ ਤਾਂਘ ਦਾ ਰੌਚਿਕ ਬਿਰਤਾਂਤ
ਬਲਦੇਵ ਸਿੰਘ (ਸੜਕਨਾਮਾ)
ਨਾਵਲ ‘ਹੋਇਆ ਦੇਸ ਪਰਾਇਆ’ (ਲੇਖਕ: ਅਵਤਾਰ ਸਿੰਘ ਬਿਲਿੰਗ; ਕੀਮਤ: 450 ਰੁਪਏ; ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ) ਦੇ ਪਹਿਲੇ ਤਿੰਨ ਵਾਕਾਂ ਤੋਂ ਹੀ ਬਿਰਤਾਂਤ ਦੀ ਅਗਲੀ ਯਾਤਰਾ ਦਾ ਆਭਾਸ ਹੋ ਜਾਂਦਾ ਹੈ: ‘ਸਰੂਪੇ ਲਈ ਅੱਜ ਇਹ ਪਿੰਡ ਸੁੰਨਾ ਹੈ। ਪਹਿਲਾਂ ਵਾਲੀ ਰੌਣਕ ਨਹੀਂ ਰਹੀ। ਹਰ ਕੋਈ ਇੱਥੋਂ ਉੱਡ ਜਾਣਾ ਲੋਚਦਾ।’ (ਸਫ਼ਾ 7)
ਪਹਿਲਾਂ ਵਾਲੀ ਰੌਣਕ ਭਾਵ ਸਰੂਪੇ ਦੇ ਬਾਪ ਵੇਲੇ ਦੀ ਜਾਂ ਬਾਪ ਦੇ ਬਾਪ ਵੇਲੇ ਦੀ। ਲੇਖਕ ਜਦ ਪਿਛਲਖੁਰੀ ਤੁਰਦਾ ਹੈ ਤਾਂ ਫਿਰ ਤੁਰਦਾ ਹੀ ਜਾਂਦਾ ਹੈ। ਇਉਂ ਚਾਰ ਪੀੜ੍ਹੀਆਂ ਜਾਂ ਇਸ ਤੋਂ ਵੱਧ ਦਾ ਇਹ ਗਲਪੀ ਬਿਰਤਾਂਤ ਮੌਜੂਦਾ ਪੀੜ੍ਹੀ ਸਰੂਪੇ ਦੇ ਪੋਤੇ ਇਸ਼ਪ੍ਰੀਤ ’ਤੇ ਜਾ ਕੇ ਸਾਹ ਲੈਂਦਾ ਹੈ, ਭਾਵੇਂ ਇਸ ਤੋਂ ਅਗਲੀ ਪੀੜ੍ਹੀ ਨੇ ਵੀ ਜਨਮ ਲੈ ਲਿਆ ਹੈ।
ਅਵਤਾਰ ਸਿੰਘ ਬਿਲਿੰਗ ਨੇ ਸਾਹਿਤ ਵਿੱਚ ਤੇ ਵਿਸ਼ੇਸ਼ ਕਰਕੇ ਗਲਪ ਵਿੱਚ ਆਪਣੀ ਸਨਮਾਨਯੋਗ ਜਗ੍ਹਾ ਰਾਖਵੀਂ ਕਰ ਲਈ ਹੋਈ ਹੈ। ਇਹ ਉਸ ਦਾ ਨੌਵਾਂ ਨਾਵਲ ਹੈ। ਉਸ ਨੇ ਕਹਾਣੀ, ਵਾਰਤਕ, ਬਾਲ ਸਾਹਿਤ ਅਤੇ ਸੰਪਾਦਨਾ ਦਾ ਸਾਹਿਤਕ ਕਾਰਜ ਕੀਤਾ ਹੈ ਤੇ ਉਸ ਨੂੰ ‘ਢਾਹਾਂ ਐਵਾਰਡ’ ਦਾ ਪਹਿਲਾ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ।
ਇਹ ਨਾਵਲ ਢਾਹੇ ਖਿੱਤੇ ਦੇ ਵਸਨੀਕਾਂ ਨਾਲ ਸਬੰਧਿਤ ਹੈ। ਮੈਂ ਤਾਂ ਇਹ ਕਹਾਂਗਾ ਕਿ ਉਸ ਦੇ ਸਾਰੇ ਨਾਵਲ ਢਾਹੇ ਨਾਲ ਸਬੰਧਤ ਹਨ ਤੇ ਇਨ੍ਹਾਂ ਵਿੱਚ ਢਾਹੇ ਦੀ ਆਂਚਲਿਕ ਸ਼ਬਦਾਵਲੀ ਅਤੇ ਬੋਲੀ ਵਧੇਰੇ ਵਰਤੀ ਗਈ ਹੈ। ਨਾਵਲ ‘ਹੋਇਆ ਦੇਸ ਪਰਾਇਆ’ ਵਿੱਚ ਪਹਿਲਾਂ ਵੇਲੇ ਜਾਂ ਭਲੇ ਵੇਲੇ ਦੇ ਨਸ਼ਿਆਂ ਅਤੇ ਫਿਰ ਸਮੇਂ-ਸਮੇਂ ਬਦਲਦੇ ਨਸ਼ੇ ਵਰਤਮਾਨ ਵਿੱਚ ਚਿੱਟੇ ਅਤੇ ਸਮੈਕ ਤੱਕ ਪੁੱਜਣ ਅਤੇ ਉਨ੍ਹਾਂ ਦੇ ਦੁਸ਼-ਪ੍ਰਭਾਵਾਂ ਨੂੰ ਬੜੇ ਵਿਸਥਾਰ ਨਾਲ ਬਿਆਨ ਕੀਤਾ ਗਿਆ ਹੈ। ਪੁਰਾਣੇ ਸਮਿਆਂ ਤੋਂ ਵਰਤਮਾਨ ਸਮੇਂ ਵਿੱਚ ਆਉਣ ਦੇ ਦੌਰਾਨ ਬਿਲਿੰਗ ਨੇ ਨਿੱਕੇ-ਨਿੱਕੇ ਰੌਚਿਕ ਪ੍ਰਸੰਗ ਜੋੜ ਕੇ ਅਖਾਣਾਂ ਅਤੇ ਮੁਹਾਵਰਿਆਂ, ਮਿੱਥਾਂ, ਮੂੰਹ-ਬਚਨੀਆਂ ਨਾਲ ਬਿਰਤਾਂਤ ਨੂੰ ਪੜ੍ਹਨਯੋਗ ਬਣਾਉਣ ਲਈ ਆਪਣੇ ਨਾਵਲੀ-ਹੁਨਰ ਦਾ ਸਫ਼ਲ ਪ੍ਰਯੋਗ ਕੀਤਾ ਹੈ।
ਪੇਂਡੂ ਰਹਿਤਲ, ਅਣਖ, ਬਦਲਾਖੋਰੀ, ਲੜਾਈਆਂ, ਕਤਲ, ਮੌਤਾਂ, ਥਾਣੇ ਕਚਹਿਰੀਆਂ, ਸ਼ਰੀਕੇਬਾਜ਼ੀਆਂ, ਸਜ਼ਾਵਾਂ ਦੇ ਦੌਰ ਪੂਰੇ ਨਾਵਲੀ ਪ੍ਰਸੰਗ ਵਿੱਚ ਕਈ ਵਾਰ ਆਉਂਦੇ ਹਨ। ਬਿਰਤਾਂਤ ਸਰਾਲ ਦੀ ਤੋਰ ਸਰਕਦਾ ਹਰ ਵਸਤ ਦੇ ਅਰਥਾਂ ਨੂੰ ਬਦਲਦਾ, ਅਮੀਰ ਸੱਭਿਆਚਾਰ ਤੇ ਮੰਡੀਕਰਨ ਦਾ ਪ੍ਰਭਾਵ ਪੂਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਜਕੜ ਲੈਂਦਾ ਹੈ।
ਬਿਲਿੰਗ ਨੇ ਆਪਣੀ ਰਵਾਇਤ ਇਸ ਨਾਵਲ ਵਿੱਚ ਵੀ ਨਹੀਂ ਟੁੱਟਣ ਦਿੱਤੀ। ਖੜਕ ਸਿੰਘ ਤੇ ਮਾਇਆ ਦੇ ਨਾਜਾਇਜ਼ ਕਾਮ ਸਬੰਧਾਂ ਤੇ ਮਾਇਆ ਦੀ ਮੌਤ ਤੋਂ ਬਾਅਦ ਇੱਕ ਹੋਰ ਔਰਤ ਨਾਲ ਸਬੰਧਾਂ ਵਿੱਚ ਲੇਖਕ ਨੇ ਕਾਫ਼ੀ ਰੁਚੀ ਵਿਖਾਈ ਹੈ। ਇਸ ਤੋਂ ਬਿਨਾਂ ਦਿਉਰ ਭਰਜਾਈ ਜਾਂ ਜੇਠ ਭਰਜਾਈ ਨਾਲ ਸਬੰਧ ਤਾਂ ਢਾਹੇ ਵੱਲ ਬਹੁਤੇ ਲੋਕ ਆਪਣਾ ਹੱਕ ਸਮਝਦੇ ਹਨ।
ਆਮ ਪੇਂਡੂ ਸਮੱਸਿਆਵਾਂ ਦਾ ਵੀ ਨਾਵਲ ਵਿੱਚ ਖ਼ੂਬ ਜ਼ਿਕਰ ਕੀਤਾ ਹੈ। ਕਦੇ ਕੰਧ ਦਾ ਰੌਲ਼ਾ, ਕਦੇ ਵੱਟ ਦਾ ਰੌਲ਼ਾ, ਲਾਲਿਆਂ, ਬਾਣੀਆਂ ਦੀ ਦੁਚਿੱਤੀ, ਕਿਸੇ ਵੀ ਧਿਰ ਵੱਲ ਸ਼ਰ੍ਹੇਆਮ ਨਾ ਖੜ੍ਹਨਾ, ਜੇ ਕਦੇ ਗਵਾਹੀ ਜਾਂ ਕੁਝ ਕਹਿਣ ਦੀ ਲੋੜ ਪੈ ਗਈ ਤਾਂ ਆਪਣੀ ਚਮੜੀ ਬਚਾਉਣੀ, ‘ਪੰਚਾਇਤ ਨੇ ਸਿਆਣੀ ਗੱਲ ਕੀਤੀ ਹੈ, ਪਰ ਕਮਲਾ ਮੈਨੂੰ ਇਹ ਵੀ ਨਹੀਂ ਲਗਦਾ’ ਜਾਂ ਵਿਆਹ ਤੋਂ ਪਹਿਲਾਂ ਮੰਗੇਤਰ ਵੇਖਣ ਦੀ ਜ਼ਿੱਦ ਆਦਿ ਸਭ ਕੁਝ ਗਲਪੀ ਬਿਰਤਾਂਤ ਨੂੰ ਰੌਚਿਕ ਤਾਂ ਬਣਾਉਂਦੇ ਹੀ ਹਨ, ਪੇਂਡੂ ਵਸੇਬ ਦੀ ਯਥਾਰਥਕ ਝਲਕ ਵੀ ਦਿਖਾਉਂਦੇ ਹਨ।
ਨਾਵਲੀ ਕਥਾ ਵਿੱਚ ਕਦੇ ਸਮਾਜਵਾਦ ਬਾਰੇ, ਕਦੇ ਮਾਰਕਸਵਾਦ ਬਾਰੇ, ਭਾਵੇਂ ਪੜ੍ਹਿਆਂ ਲਿਖਿਆਂ ਤੇ ਘੋਚਰੀਆਂ ਤੋਂ ਸੰਵਾਦ ਕਰਵਾਇਆ ਹੈ, ਪਰ ਰੜਕਦਾ ਹੈ। ਪੰਜਾਬ ਦੇ ਭਵਿੱਖ ਨੂੰ ਦਿਖਾਉਣ ਲਈ ਸੁਪਨਾ ਵਿਧੀ ਦੀ ਵਰਤੋਂ ਕੀਤੀ ਹੈ, ਇੱਥੇ ਗ਼ੈਰ ਪੰਜਾਬੀ ਜਾਂ ਪਰਵਾਸੀ ਵਸਣਗੇ। ਪੰਚ, ਸਰਪੰਚ ਉਹੀ ਹੋਣਗੇ। ਸਾਡੇ ਗੱਭਰੂ ਨਸ਼ੇੜੀ ਹੋਣਗੇ ਜਾਂ ਪਰਵਾਸ ਕਰਨਗੇ। ਜਦ ਕਦੇ ਵਾਪਸ ਆਉਣਗੇ, ਆਪਣਾ ਦੇਸ ਹੀ ਪਰਾਇਆ ਜਾਪੇਗਾ। ਗੁਰੂ ਘਰਾਂ ਵਿੱਚ ਵੀ ਗ਼ੈਰ ਪੰਜਾਬੀ ਹੀ ਸਿੱਖੀ ਸਰੂਪ ਵਿੱਚ ਹੋਣਗੇ।
ਪਿੰਡਾਂ ਵਿੱਚ ਬੰਦਿਆਂ ਦੇ ਨਾਵਾਂ ਵਿੱਚ ਅਤੇ ਪਰਿਵਾਰਾਂ ਬਾਰੇ ਪਈਆਂ ‘ਅੱਲਾਂ’ ਦਾ ਵੀ ਜ਼ਿਕਰ ਹੈ ਜਿਵੇਂ ਰੋਡੂ, ਡੱਫਲ, ਮੁੰਦਰਾਂ ਵਾਲਾ, ਕਲਯੁਗੀ, ਬੰਦੂਖੀ, ਭਾਨੀਮਾਰਾਂ ਦਾ ਟੱਬਰ ਆਦਿ।
ਨਾਵਲ ਦੇ ਆਖ਼ਰੀ ਹਿੱਸੇ ਵਿੱਚ ਸਰੂਪ ਸਿੰਘ ਦਾ ਪੋਤਰਾ ਕੈਨੇਡਾ ਪੜ੍ਹਨ ਜਾਂਦਾ ਹੈ। ਹੋਰ ਵੀ ਜਾਂਦੇ ਹਨ। ਆਪਣੀ ਮਿਹਨਤ ਨਾਲ ਸਫ਼ਲ ਹੁੰਦੇ ਹਨ। ਨਾਵਲ ਵਿੱਚ ਜੇ ਕਿਸਾਨ ਅੰਦੋਲਨ ਦਾ ਜ਼ਿਕਰ ਨਾ ਹੁੰਦਾ ਤਾਂ ਢਾਹਾ ਖਿੱਤੇ ਦੀ ਵਾਰਤਾ ਸਫ਼ਲ ਨਹੀਂ ਸੀ ਹੋਣੀ। ਇੱਥੇ ਵੀ ਮਤਲਬੀ ਲੀਡਰਾਂ ਦਾ ਜ਼ਿਕਰ ਹੈ। ਪਾਠਕ ਸੋਚਦਾ ਹੈ, ਨਾਵਲੀ ਅੰਤ ਸੁਖਾਂਤ ਵੱਲ ਜਾ ਰਿਹਾ ਹੈ, ਬਹੁਤ ਸੰਤਾਪ ਭੋਗ ਲਿਆ ਹੈ, ਪਰ ਨਸ਼ੇੜੀ ਸਮਗਲਰਾਂ ਵੱਲੋਂ ਕੈਨੇਡਾ ਜਾ ਰਹੇ ਕਰਮਪ੍ਰੀਤ ਦਾ ਕਤਲ ਨਾਵਲ ਨੂੰ ਫਿਰ ਦੁਖਾਂਤ ਵੱਲ ਲੈ ਮੁੜਦਾ ਹੈ। ਨਸ਼ੇੜੀਆਂ ਨੂੰ ਤੇ ਕੈਨੇਡਾ ਜਾਣ ਵਾਲੇ ਨੌਜਵਾਨਾਂ ਨੂੰ ਇਹ ਨਾਵਲ ਜ਼ਰੂਰ ਪੜ੍ਹਨਾ ਚਾਹੀਦਾ ਹੈ।
ਸੰਪਰਕ: 98147-83069