ਬਠਿੰਡਾ ’ਚ ਚਾਰ ਰੋਜ਼ਾ ਕਲਾ ਮੇਲੇ ਦਾ ਸ਼ਾਨਦਾਰ ਆਗ਼ਾਜ਼
ਸ਼ਗਨ ਕਟਾਰੀਆ
ਬਠਿੰਡਾ, 28 ਨਵੰਬਰ
ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਵੱਲੋਂ 30ਵੇਂ ਸਾਲਾਨਾ ਚਾਰ ਰੋਜ਼ਾ ਕਲਾ ਉਤਸਵ ਦਾ ਸ਼ਾਨਦਾਰ ਆਗ਼ਾਜ਼ ਅੱਜ ਇੱਥੇ ‘ਟੀਚਰਜ਼ ਹੋਮ’ ਵਿੱਚ ਹੋਇਆ। ਇਹ ਕਲਾ ਮੇਲਾ ਵਿਸ਼ਵ ਪ੍ਰਸਿੱਧ ਆਰਟਿਸਟ ਸਤੀਸ਼ ਗੁਜਰਾਲ ਨੂੰ ਸਮਰਪਿਤ ਹੈ। ਪਹਿਲੇ ਦਿਨ ਦੇ ਮੁੱਖ ਮਹਿਮਾਨ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਅਤੇ ‘ਆਪ’ ਜ਼ਿਲ੍ਹਾ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਜਤਿੰਦਰ ਭੱਲਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪਹਿਲੇ ਦਿਨ ਵੱਡੀ ਗਿਣਤੀ ਦਰਸ਼ਕਾਂ ਨੇ ਮੇਲੇ ’ਚ ਸ਼ਮੂਲੀਅਤ ਕੀਤੀ। ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਇਸ ਕਲਾ ਪ੍ਰਦਰਸ਼ਨੀ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸੋਭਾ ਸਿੰਘ ਸੁਸਾਇਟੀ ਦੀ ਪਿਛਲੇ ਲੰਮੇ ਸਮੇਂ ਤੋਂ ਬਠਿੰਡਾ ਵਿੱਚ ਇੱਕ ਆਰਟ ਗੈਲਰੀ ਅਤੇ ਮਿਊਜ਼ੀਅਮ ਦੀ ਜੋ ਮੰਗ ਚੱਲੀ ਆ ਰਹੀ ਹੈ, ਉਸ ਨੂੰ ਇਪਰੂਵਮੈਂਟ ਟਰੱਸਟ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ। ਸੁਸਾਇਟੀ ਦੇ ਮੈਂਬਰਾਂ ਨੇ ਤਾੜੀਆਂ ਨਾਲ ਇਸ ਐਲਾਨ ਦਾ ਸਵਾਗਤ ਕੀਤਾ। ਇਸ ਕਲਾ ਮੇਲੇ ਵਿੱਚ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਸਮੇਤ ਵੱਖ-ਵੱਖ ਸਥਾਨਾਂ ਤੋਂ ਆਏ 50 ਤੋਂ ਵੱਧ ਚਿੱਤਰਕਾਰਾਂ ਦੀਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਲਾਈ ਗਈ। ਸੁਸਾਇਟੀ ਦੇ ਪ੍ਰਧਾਨ ਡਾ. ਅਮਰੀਕ ਸਿੰਘ ਅਤੇ ਜਨਰਲ ਸਕੱਤਰ ਆਰਟਿਸਟ ਗੁਰਪ੍ਰੀਤ ਬਠਿੰਡਾ ਨੇ ਦੱਸਿਆ ਕਿ ਅੱਜ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਿਸ਼ਿਆਂ ’ਤੇ ਅਧਾਰਿਤ ਕਲਾ ਮੁਕਾਬਲੇ ਕਰਵਾਏ ਗਏ।