ਪ੍ਰਾਈਵੇਟ ਹਸਪਤਾਲ ’ਚ ਇਲਾਜ ਕਰਦੈ ਡਾਕਟਰ ਸਰਕਾਰੀ
ਜਗਜੀਤ ਸਿੰਘ
ਮੁਕੇਰੀਆਂ, 8 ਸਤੰਬਰ
ਇੱਥੋਂ ਦੇ ਸਿਵਲ ਹਸਪਤਾਲ ਦੇ ਦੋ ਡਾਕਟਰਾਂ ਦੀ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਨ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਸਿਵਲ ਸਰਜਨ ਹੁਸ਼ਿਆਰਪੁਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਵੀਡੀਓ ਵਿੱਚ ਦਿਸਦੇ ਡਾਕਟਰਾਂ ’ਚੋਂ ਇੱਕ ਸਰਜਨ ਅਤੇ ਇਕ ਐਨਸਥੀਸੀਆ ਦਾ ਮਾਹਿਰ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇੱਕ ਮਰੀਜ਼ ਸਿਵਲ ਹਸਪਤਾਲ ਮੁਕੇਰੀਆਂ ਵਿੱਚ ਆਪਣੇ ਇਲਾਜ ਲਈ ਆਇਆ ਸੀ। ਇਸ ਡਾਕਟਰ ਨੇ ਹਸਪਤਾਲ ਵਿੱਚ ਮਸ਼ੀਨਰੀ ਦੀ ਘਾਟ ਦੱਸਦਿਆਂ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਕਿਹਾ ਅਤੇ ਤੈਅਸ਼ੁਦਾ ਰਕਮ ਦਾ ਸੌਦਾ ਕਰ ਲਿਆ। ਇਸ ਮਰੀਜ਼ ਦੀ ਇਲਾਜ ਤੋਂ ਪਹਿਲਾਂ ਤੇ ਬਾਅਦ ਦੀ ਰਿਪੋਰਟ ਵੀ ਤਿਆਰ ਕੀਤੀ ਗਈ। ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਅਤੇ ਡਾਕਟਰ ਵੱਲੋਂ ਨਿੱਜੀ ਹਸਪਤਾਲ ਦੀ ਤਿਆਰ ਕੀਤੀ ਫਾਈਲ ਵੀ ਸ਼ਿਕਾਇਤਕਰਤਾ ਨੇ ਸਿਵਲ ਸਰਜਨ ਨੂੰ ਸੌਂਪੀ ਹੈ।
ਸਿਵਲ ਸਰਜਨ ਦਫ਼ਤਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਮੁਕੇਰੀਆਂ ਦੇ ਕਈ ਡਾਕਟਰਾਂ ਵੱਲੋਂ ਬਾਹਰ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਨ ਬਾਰੇ ਸਿਵਲ ਸਰਜਨ ਦਫ਼ਤਰ ਪਹਿਲਾਂ ਹੀ ਜਾਣੂ ਹੈ ਪਰ ਇਸ ਗੋਰਖ ਧੰਦੇ ਦੀ ਕਮਾਈ ਦਾ ਬਕਾਇਦਾ ਹਿੱਸਾ ਹਰ ਪੱਧਰ ਤੱਕ ਪੁੱਜਦਾ ਹੋਣ ਕਰਕੇ ਹੀ ਸਿਵਲ ਹਸਪਤਾਲ ਵਿੱਚ ਡਾਕਟਰਾਂ ਵਲੋਂ ਮਰੀਜ਼ਾਂ ਨਾਲ ਕੀਤੇ ਜਾਂਦੇ ਦੁਰਵਿਹਾਰ ਅਤੇ ਉਨ੍ਹਾਂ ਦਾ ਇਲਾਜ ਕਰਨ ਦੀ ਥਾਂ ਅੱਗੇ ਰੈਫਰ ਕਰਨ ਦੀਆਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਜੇ ਕੋਈ ਸ਼ਿਕਾਇਤਕਰਤਾ ਇਸ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਧਮਕਾਇਆ ਜਾਂਦਾ ਹੈ ਜਾਂ ਫਿਰ ਜਬਰੀ ਆਪਣੇ ਪੱਖ ਵਿੱਚ ਭੁਗਤਾ ਲਿਆ ਜਾਂਦਾ ਹੈ। ਹਾਲ ਹੀ ਵਿੱਚ ਸਿਵਲ ਹਸਪਤਾਲ ਮੁਕੇਰੀਆਂ ਦੇ ਡਾਕਟਰਾਂ ਵਲੋਂ ਜਣੇਪੇ ਲਈ ਆਈ ਇੱਕ ਔਰਤ ਨੂੰ ਵਾਪਸ ਭੇਜ ਦੇਣ ਬਾਰੇ ਉਸ ਦੇ ਪਤੀ ਵਲੋਂ ਕੀਤੀ ਅਜਿਹੀ ਸ਼ਿਕਾਇਤ ਦੀ ਜਾਂਚ ਹਾਲੇ ਚੱਲ ਰਹੀ ਹੈ।
ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਨਿੱਜੀ ਹਸਪਤਾਲ ਵਿੱਚ ਇਲਾਜ ਕਰਨ ਬਾਰੇ ਉਨ੍ਹਾਂ ਨੂੰ ਸ਼ਿਕਾਇਤ ਤੇ ਵੀਡੀਓ ਪ੍ਰਾਪਤ ਹੋਈ ਹੈ। ਇਸ ਦੀ ਜਾਂਚ ਸਿਵਲ ਹਸਪਤਾਲ ਮੁਕੇਰੀਆਂ ਦੇ ਐਸਐਮਓ ਡਾ.ਰਮਨ ਕੁਮਾਰ ਨੂੰ ਸੌਂਪੀ ਗਈ ਹੈ। ਉਨ੍ਹਾਂ ਨੇ ਵੀਡੀਓ ਦੇਖੀ ਹੈ, ਜਿਸ ਵਿੱਚ ਡਾਕਟਰ ਇਲਾਜ ਕਰਦੇ ਨਜ਼ਰ ਆ ਰਹੇ ਹਨ ਪਰ ਸਬੰਧਿਤ ਸਥਾਨ ਅਤੇ ਡਾਕਟਰਾਂ ਦੀ ਪਛਾਣ ਬਾਰੇ ਹਾਲੇ ਸਪਸ਼ਟ ਨਹੀਂ ਹੋਇਆ। ਰਿਪੋਰਟ ਮਿਲਣ ਉਪਰੰਤ ਸਬੰਧਿਤ ਡਾਕਟਰਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।