ਪਿੰਡ ਝੂੰਬਾ ’ਚ ਛੇ ਕਰੋੜ ਦੀ ਲਾਗਤ ਨਾਲ ਸਰਕਾਰੀ ਗਊਸ਼ਾਲਾ ਤਿਆਰ
ਸ਼ਗਨ ਕਟਾਰੀਆ
ਬਠਿੰਡਾ, 27 ਅਗਸਤ
ਡਿਪਟੀ ਕਮਿਸ਼ਨਰ ਬਠਿੰਡਾ ਜਸਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਪਿੰਡ ਝੂੰਬਾ ਵਿੱਚ ਸਾਢੇ ਸੱਤ ਏਕੜ ’ਚ 6 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਸਰਕਾਰੀ ਗਊਸ਼ਾਲਾ ਦਾ ਦੌਰਾ ਕਰ ਕੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਕਮਿਸ਼ਨਰ ਨਗਰ ਨਿਗਮ ਰਾਹੁਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ ਕਰੀਬ 900 ਗਊਆਂ ਦਾ ਰੱਖ-ਰਖਾਵ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਗਊਸ਼ਾਲਾ ’ਚ ਪਸ਼ੂਆਂ ਦੇ ਠਹਿਰਾਅ ਲਈ 6 ਵੱਡੇ ਸ਼ੈੱਡ ਬਣਾਏ ਗਏ ਹਨ ਅਤੇ 2 ਸ਼ੈੱਡ ਤੂੜੀ ਲਈ ਵੱਖਰੇ ਬਣਾਏ ਗਏ ਹਨ। ਇਸ ਤੋਂ ਇਲਾਵਾ ਗਊਆਂ ਦੀ ਸਾਂਭ-ਸੰਭਾਲ ਕਰਨ ਵਾਲੇ ਸਟਾਫ ਲਈ ਕਮਰੇ ਅਤੇ ਇੱਕ ਦਫਤਰ ਵੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗਊਸ਼ਾਲਾ ਦੇ ਬਣਨ ਨਾਲ ਇਥੇ ਲਾਵਾਰਿਸ ਪਸ਼ੂਆਂ ਦੀ ਸਾਂਭ-ਸੰਭਾਲ ਕੀਤੀ ਜਾਵੇਗੀ। ਇਸ ਨਾਲ ਜਿੱਥੇ ਆਲੇ-ਦੁਆਲੇ ਦੇ ਲੋਕਾਂ ਨੂੰ ਕਾਫੀ ਵੱਡਾ ਲਾਹਾ ਮਿਲੇਗਾ, ਉਥੇ ਹੀ ਸੜਕ ਦੁਰਘਟਨਾਵਾਂ ਵੀ ਘਟਣਗੀਆਂ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਪ੍ਰਤਾਪ ਸਿੰਘ ਗਿੱਲ ਹਾਜ਼ਰ ਸਨ।