ਭਾਰਤੀ ਸਮਾਜ ਦੇ ਕੋਝੇ ਪੱਖ ਦੀ ਝਲਕ ‘ਆਪੇ ਦੀ ਭਾਲ਼’
ਰਛਪਾਲ ਸਹੋਤਾ ਦਾ ਨਾਵਲ ‘ਆਪੇ ਦੀ ਭਾਲ਼’ ਭਾਰਤੀ ਸਮਾਜ ਦੇ ਕੋਝੇ ਪੱਖ ਨੂੰ ਪੇਸ਼ ਕਰਨ ਵਾਲਾ ਦਸਤਾਵੇਜ਼ ਹੈ। ਇਹ ਮਨੁੱਖੀ ਕਦਰਾਂ ਕੀਮਤਾਂ ਦੇ ਘਾਣ ਦੀ ਅਤੇ ਸੱਧਰਾਂ ਦੇ ਦਮਨ ਦੀ ਦਾਸਤਾਨ ਹੈ। ਇਹ ਨਾਵਲ ਜਾਤ-ਪਾਤ ਦਾ ਸੰਤਾਪ ਹੰਢਾਉਂਦੇ ਹੋਏ ਇੱਕ ਕਾਬਲ ਇਨਸਾਨ ਦੀ ਕਹਾਣੀ ਹੈ ਜੋ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬ ਹੋਣ ਦੇ ਬਾਵਜੂਦ ਜਾਤ ਦੀ ਵਜ੍ਹਾ ਨਾਲ ਦੁਰਕਾਰਿਆ ਜਾਂਦਾ ਹੈ, ਨਕਾਰਿਆ ਜਾਂਦਾ ਹੈ। ਜਾਤ-ਵਿਤਕਰੇ ਦੀਆਂ ਜੜਾਂ ਭਾਰਤੀ ਸਮਾਜ ਵਿੱਚ ਬਹੁਤ ਡੂੰਘੀਆਂ ਹਨ। ਭਾਰਤੀ ਸੰਵਿਧਾਨ ਵਿੱਚ ਜਾਤੀ-ਸੂਚਕ ਸ਼ਬਦ ਵਰਤਣ ’ਤੇ ਮਨਾਹੀ ਹੈ, ਇਸ ਲਈ ਲੇਖਕ ਨੇ ਆਪਣੇ ਮੁੱਖ-ਪਾਤਰਾਂ ਦੀ ਜਾਤ ਲਈ ਖ਼ੁਦ ਇੱਕ ਜਾਤ ਦਾ ਨਾਂ ਘੜਿਆ ਹੈ ਜਿਸ ਨੂੰ ਕੀਰੇ ਆਖਿਆ ਗਿਆ ਹੈ। ਕੀਰੇ ਲੋਕ ਸਭ ਤੋਂ ਨੀਵੀਂ ਜਾਤ ਦੇ ਲੋਕ ਹਨ ਅਤੇ ਬਾਕੀ ਦੀਆਂ ਜਾਤਾਂ ਉਨ੍ਹਾਂ ਵੱਲ ਨਫ਼ਰਤ ਨਾਲ ਦੇਖਦੀਆਂ ਹਨ।
ਕਹਾਣੀ ਕੀਰਿਆਂ ਦੇ ਘਰ ਜੰਮੀ ਇੱਕ ਕੁੜੀ ਬਿੰਦੋ ਤੋਂ ਸ਼ੁਰੂ ਹੁੰਦੀ ਹੈ। ਬਿੰਦੋ ਪੜ੍ਹਾਈ ਲਿਖਾਈ ਦੀ ਮਹੱਤਤਾ ਸਮਝਦੀ ਹੈ ਅਤੇ ਜਿਸ ਦੇ ਸੁਪਨੇ ਬਹੁਤ ਉੱਚੇ ਹਨ, ਪਰ ਗ਼ੁਰਬਤ ਦੀ ਮਾਰ ਝੱਲਦਿਆਂ ਉਸ ਨੂੰ ਆਪਣੇ ਸੁਪਨਿਆਂ ਦਾ ਗਲ਼ ਘੁੱਟਣਾ ਪੈਂਦਾ ਹੈ। ਕੀਰਾ ਬਰਾਦਰੀ ਦੇ ਲਿਹਾਜ਼ ਨਾਲ ਥੋੜ੍ਹੇ ਸਰਦੇ-ਪੁੱਜਦੇ ਘਰ ਵਿਆਹੀ ਜਾਣ ਪਿੱਛੋਂ ਉਹ ਆਪਣੇ ਸੁਪਨੇ ਆਪਣੇ ਪੁੱਤਰ ਜੱਗੀ ਰਾਹੀਂ ਪੂਰੇ ਕਰਨ ਦੀ ਠਾਣ ਲੈਂਦੀ ਹੈ। ਬਾਕੀ ਦਾ ਸਾਰਾ ਨਾਵਲ ਇਸ ਮੁੱਖ ਪਾਤਰ ਜੱਗੀ ਦੁਆਲੇ ਹੀ ਘੁੰਮਦਾ ਹੈ। ਜੱਗੀ ਬਹੁਤ ਸੋਹਣਾ ਅਤੇ ਹੋਣਹਾਰ ਬੱਚਾ ਹੈ। ਉਸ ਨੂੰ ਨਿੱਕੇ ਹੁੰਦਿਆਂ ਤੋਂ ਹੀ ਬੋਲਣ ਲੱਗਿਆਂ ਹਕਲ਼ਾਅ ਪੈਂਦਾ ਹੈ ਅਤੇ ਜ਼ਿਆਦਾ ਘਬਰਾਹਟ ਦੀ ਹਾਲਤ ਵਿੱਚ ਇਹ ਹਕਲ਼ਾਅ ਹੋਰ ਵੱਧ ਪੈਂਦਾ ਹੈ। ਥਥਲਾ ਕੇ ਬੋਲਣ ਦੀ ਵਜ੍ਹਾ ਨਾਲ ਸਕੂਲ ਵਿੱਚ ਉਸ ਦਾ ਮਜ਼ਾਕ ਬਣਦਾ ਹੈ ਅਤੇ ਉਹ ਬੋਲਣ ਤੋਂ ਝਿਜਕਦਾ, ਕਿਸੇ ਵੀ ਸਵਾਲ ਦਾ ਜਵਾਬ ਦੇਣ ਨਾਲੋਂ ਸਜ਼ਾ ਭੁਗਤਣ ਨੂੰ ਤਰਜੀਹ ਦਿੰਦਾ ਹੈ। ਪਿੰਡ ਵਿੱਚ ਸਿਰਫ਼ ਇੱਕ ਜੱਟਾਂ ਦਾ ਪਰਿਵਾਰ ਹੈ ਜਿਸ ਨਾਲ ਕੀਰਿਆਂ ਦੇ ਇਸ ਪਰਿਵਾਰ ਦਾ ਬਹੁਤ ਲਿਹਾਜ਼ ਹੈ। ਇਸੇ ਪਰਿਵਾਰ ਦੀ ਇੱਕ ਕੁੜੀ ਰਾਣੀ ਜੋ ਜੱਗੀ ਦੀ ਹਾਨਣ ਵੀ ਹੈ, ਜੱਗੀ ਦਾ ਬਹੁਤ ਖ਼ਿਆਲ ਰੱਖਦੀ ਹੈ, ਉਸ ਨੂੰ ਵੀਰਾ ਆਖਦੀ ਹੈ ਅਤੇ ਇੱਕ ਚੰਗੀ ਭੈਣ ਵਾਂਗ ਹਰ ਔਖੇ ਸਮੇਂ ਉਸ ਦੇ ਨਾਲ ਖੜ੍ਹਦੀ ਹੈ।
ਉਮਰ ਬੀਤਣ ਨਾਲ ਅਤੇ ਆਪਣੇ ਆਤਮਵਿਸ਼ਵਾਸ ਨਾਲ ਜੱਗੀ ਆਪਣੇ ਹਕਲਾਹਟ ਦੇ ਕਜ ਤੋਂ ਤਾਂ ਛੁਟਕਾਰਾ ਪਾ ਲੈਂਦਾ ਹੈ, ਪਰ ਜਾਤ-ਪਾਤ ਦਾ ਵਿਤਕਰਾ ਤਾ-ਉਮਰ ਉਸ ਦਾ ਪਿੱਛਾ ਨਹੀਂ ਛੱਡਦਾ। ਇਸੇ ਦੌਰਾਨ ਅਮਰੀਕਾ ਰਹਿੰਦੇ ਮਾਮੇ ਦੀ ਕਾਮਯਾਬੀ ਅਤੇ ਅਮਰੀਕਾ ਦਾ ਜਾਤ-ਰਹਿਤ ਸਮਾਜ ਜੱਗੀ ਨੂੰ ਵੀ ਅਮਰੀਕਾ ਜਾਣ ਲਈ ਪ੍ਰੇਰਦੇ ਹਨ। ਉਸ ਦੇ ਅੰਦਰ ਅਮਰੀਕਾ ਜਾਣ ਦਾ ਸੁਪਨਾ ਅੰਗੜਾਈ ਲੈਣ ਲੱਗਦਾ ਹੈ। ਪੜ੍ਹਾਈ ਦੌਰਾਨ ਉਸ ਨੂੰ ਹਰ ਥਾਂ ਨਸਲੀ ਵਿਤਕਰਾ ਝੱਲਣਾ ਪੈਂਦਾ ਹੈ।
ਯੂਨੀਵਰਸਿਟੀ ਪੜ੍ਹਦਿਆਂ ਉਸ ਨੂੰ ਨਵੀ ਨਾਂ ਦੀ ਇੱਕ ਕੁੜੀ ਨਾਲ ਪਿਆਰ ਹੁੰਦਾ ਜੋ ਖੱਤਰੀਆਂ ਦੀ ਕੁੜੀ ਹੈ। ਇਹ ਕੁੜੀ ਜੱਗੀ ਦੀ ਜਾਤ ਦੀ ਪਰਵਾਹ ਨਹੀਂ ਕਰਦੀ ਅਤੇ ਉਸ ਨਾਲ ਤੋੜ ਨਿਭਾਉਣ ਦੀ ਸਿਰਤੋੜ ਕੋਸ਼ਿਸ਼ ਕਰਦੀ ਹੈ। ਉਹ ਆਪਣੇ ਬਾਪ ਨਾਲ ਬਗ਼ਾਵਤ ਕਰਦੀ ਹੈ ਅਤੇ ਇਸ ਰਿਸ਼ਤੇ ਨੂੰ ਨਿਭਾਉਣ ਲਈ ਬਜਿੱਦ ਹੈ। ਹਾਲੇ ਵਿਆਹ ਦਾ ਫ਼ੈਸਲਾ ਕਿਸੇ ਪਾਸੇ ਲੱਗਾ ਨਹੀਂ ਸੀ ਕਿ ਨਵੀ ਬਿਮਾਰ ਹੋ ਜਾਂਦੀ ਹੈ ਅਤੇ ਡਾਕਟਰ ਐਲਾਨ ਕਰ ਦਿੰਦੇ ਹਨ ਕਿ ਉਸ ਦਾ ਬਚਣਾ ਤਾਂ ਹੀ ਸੰਭਵ ਹੋ ਸਕਦੈ ਜੇ ਕੋਈ ਉਸ ਨੂੰ ਆਪਣਾ ਲਿਵਰ ਦਾਨ ਕਰੇ। ਘਰਦਿਆਂ ਵਿੱਚੋਂ ਕੋਈ ਵੀ ਲਿਵਰ ਦੇਣ ਲਈ ਅੱਗੇ ਨਹੀਂ ਆਉਂਦਾ ਜਦੋਂ ਕਿ ਸ਼ਰਤ ਇਹ ਸੀ ਕਿ ਕੋਈ ਪਰਿਵਾਰਕ ਮੈਂਬਰ ਹੀ ਲਿਵਰ ਦੇ ਸਕਦਾ ਹੈ। ਅੰਤ ਨੂੰ ਜੱਗੀ ਆਪਣਾ ਲਿਵਰ ਦੇਣ ਲਈ ਤਿਆਰ ਹੋ ਜਾਂਦਾ ਹੈ, ਪਰ ਪਰਿਵਾਰਕ ਮੈਂਬਰ ਵਾਲੀ ਸ਼ਰਤ ਪੂਰੀ ਕਰਨ ਲਈ ਉਸ ਨੂੰ ਪਹਿਲਾਂ ਨਵੀ ਨਾਲ ਵਿਆਹ ਕਰਾਉਣਾ ਪੈਣਾ ਸੀ। ਆਪਣੀ ਧੀ ਦੀ ਜਾਨ ਬਚਾਉਣ ਲਈ ਨਵੀ ਦਾ ਪਰਿਵਾਰ ਇਸ ਵਿਆਹ ਲਈ ਤਿਆਰ ਹੋ ਜਾਂਦਾ ਅਤੇ ਨਵੀ ਅਤੇ ਜੱਗੀ ਦਾ ਵਿਆਹ ਹੋ ਜਾਂਦਾ। ਜੱਗੀ ਆਪਣਾ ਅੱਧਾ ਜਿਗਰ ਨਵੀ ਨੂੰ ਦੇ ਦਿੰਦਾ ਅਤੇ ਦੋਵੇਂ ਤੰਦਰੁਸਤ ਹੋ ਜਾਂਦੇ ਹਨ। ਕੁਦਰਤ ਫਿਰ ਜੱਗੀ ਨਾਲ ਮਜ਼ਾਕ ਕਰਦੀ ਹੈ ਅਤੇ ਨਵੀ ਦੁਬਾਰਾ ਬਿਮਾਰ ਹੋ ਜਾਂਦੀ ਹੈ।
ਇਸ ਤਰ੍ਹਾਂ ਨਾਵਲ ਦੀ ਕਹਾਣੀ ਅੱਗੇ ਵਧਦੀ ਹੈ।
ਨਾਵਲ ਦੀ ਕਹਾਣੀ ਸੋਹਣੀ ਤੁਰਦੀ ਹੈ ਅਤੇ ਲੇਖਕ, ਮੁੱਖ ਪਾਤਰ ਨਾਲ ਜੁੜੀਆਂ ਛੋਟੀਆਂ ਤੋਂ ਛੋਟੀਆਂ ਘਟਨਾਵਾਂ ਦਾ ਵੀ ਜ਼ਿਕਰ ਕਰਨੋਂ ਨਹੀਂ ਖੁੰਝਦਾ। ਕਦੀ-ਕਦੀ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਤੁਸੀਂ ਜੱਗੀ ਨਾਂ ਦੇ ਕਿਸੇ ਬੰਦੇ ਦੀ ਬਾਇਓਗ੍ਰਾਫ਼ੀ ਪੜ੍ਹ ਰਹੇ ਹੋਵੋ। ਕਦੇ-ਕਦੇ ਮੈਨੂੰ ਇੰਝ ਵੀ ਮਹਿਸੂਸ ਹੋਇਆ ਕਿ ਨਾਵਲ ਵਿੱਚ ਜਾਤ-ਵਿਤਕਰੇ ਦੇ ਜੋ ਹਾਲਾਤ ਦਿਖਾਏ ਗਏ ਹਨ, ਉਹ ਸ਼ਾਇਦ ਅੱਜ ਨਾਲੋਂ ਦੋ-ਤਿੰਨ ਦਹਾਕੇ ਪਹਿਲਾਂ ਦੇ ਹਨ। ਅੱਜ ਹਾਲਾਤ ਕਾਫ਼ੀ ਬਦਲ ਚੁੱਕੇ ਹਨ। ਨਾਵਲ ਵਿਚਲੇ ਕੁਝ ਪੱਖ ਖ਼ਾਸ ਧਿਆਨ ਖਿੱਚਦੇ ਹਨ। ਪਹਿਲਾ ਇਹ ਹੈ ਕਿ ਨਸਲੀ ਵਿਤਕਰਾ ਪੜ੍ਹੇ ਲਿਖੇ ਲੋਕਾਂ ਵਿੱਚ ਵੀ ਮੌਜੂਦ ਹੈ। ਕੀ ਅਜੋਕੀ ਸਿੱਖਿਆ ਇਸ ਵਿਤਕਰੇ ਨੂੰ ਦੂਰ ਕਰਨ ਤੋਂ ਅਸਮਰੱਥ ਹੈ? ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਅਧਿਆਪਨ ਕਾਰਜ ਨਾਲ ਜੁੜੇ ਲੋਕ ਵੀ ਇਸ ਵਿੱਚ ਸ਼ਾਮਲ ਹਨ। ਇੱਕ ਹੋਰ ਨੁਕਤਾ ਵੀ ਗ਼ੌਰ ਕਰਨ ਯੋਗ ਹੈ ਕਿ ਨਸਲੀ ਵਿਤਕਰਾ ਅਖੌਤੀ ਉੱਚ ਜਾਤਾਂ ਵਾਲੇ ਹੀ ਨਹੀਂ ਕਰਦੇ ਸਗੋਂ ਨੀਵੀਂ ਜਾਤ ਵਾਲਿਆਂ ਦਾ ਜ਼ੋਰ ਭਰੇ ਤਾਂ ਉਹ ਵੀ ਕਰਦੇ ਹਨ।
ਇਸ ਤੋਂ ਇਲਾਵਾ ਕਹਾਣੀ ਬਾਰੇ ਕੁਝ ਸਵਾਲ ਲੇਖਕ ਤੱਕ ਵੀ ਹਨ। ਜਿਨ੍ਹਾਂ ਵਿੱਚ ਪਹਿਲਾ ਸਵਾਲ ਇਹ ਹੈ ਕਿ ਜੱਗੀ ਦੇ ਮਨ ਵਿੱਚ ਬਚਪਨ ਤੋਂ ਹੀ ਇਹ ਸੁਪਨਾ ਬੀਜਿਆ ਗਿਆ ਸੀ ਕਿ ਉਹ ਵੱਡਾ ਹੋ ਕੇ ਅਮਰੀਕਾ ਜਾਏਗਾ। ਵੱਖਰੀ ਗੱਲ ਹੈ ਕਿ ਯੂਨੀਵਰਸਿਟੀ ਪੜ੍ਹਦਿਆਂ ਉਸ ਨੂੰ ਪ੍ਰੇਮਿਕਾ ਵੀ ਅਜਿਹੀ ਮਿਲ ਜਾਂਦੀ ਹੈ ਜੋ ਪਹਿਲਾਂ ਹੀ ਅਮਰੀਕਾ ਜਾਣ ਵਾਸਤੇ ਤਿਆਰੀ ਕਰ ਰਹੀ ਹੈ। ਪਰ ਉਸ ਦੀ ਪ੍ਰੇਮਿਕਾ ਦੀ ਮੌਤ ਤੋਂ ਬਾਅਦ ਜਦੋਂ ਉਸ ਨੂੰ ਅਮਰੀਕਾ ਵਿੱਚ ਪੜ੍ਹਾਈ ਦੀ ਪੇਸ਼ਕਸ਼ ਆਉਂਦੀ ਹੈ ਤਾਂ ਉਹ ਇਹ ਕਹਿ ਕੇ ਮਨ੍ਹਾ ਕਰ ਦਿੰਦਾ ਕਿ ਨਵੀ ਤੋਂ ਬਿਨਾਂ ਇਕੱਲਿਆਂ ਜਾਣ ਨੂੰ ਉਸ ਦਾ ਦਿਲ ਨਹੀਂ ਕਰਦਾ। ਜਦ ਕਿ ਇਸ ਹਾਲਤ ਵਿੱਚ ਆਮ ਬੰਦਾ ਅਜਿਹੀ ਥਾਂ ਛੱਡਣ ਨੂੰ ਤਰਜੀਹ ਦਿੰਦਾ ਜਿਸ ਥਾਂ ਨੇ ਉਸ ਨੂੰ ਦੁੱਖ ਦਿੱਤੇ ਹੋਣ ਅਤੇ ਜਿਸ ਥਾਂ ’ਤੇ ਉਸ ਨਾਲ ਭੇਦ-ਭਾਵ ਕੀਤਾ ਜਾਂਦਾ ਹੋਵੇ। ਜੱਗੀ ਦਾ ਅਮਰੀਕਾ ਨਾ ਜਾ ਕੇ ਧਰਮਸ਼ਾਲਾ ਵਿੱਚ ਨੌਕਰੀ ਕਰਨ ਦਾ ਫ਼ੈਸਲਾ ਥੋੜ੍ਹਾ ਹੈਰਾਨ ਕਰਨ ਵਾਲਾ ਸੀ।
ਦੂਜਾ ਸਵਾਲ ਇਹ ਹੈ ਕਿ ਨਾਵਲ ਦੇ ਤਿੰਨ ਸੌ ਨੱਬੇ ਸਫ਼ਿਆਂ ਤੱਕ ਜਿਹੜਾ ਰਿਸ਼ਤਾ ਭੈਣ-ਭਰਾ ਦਾ ਨਜ਼ਰ ਆਉਂਦਾ ਹੈ, ਉਸ ਨੂੰ ਇਕਦਮ ਬਦਲ ਕੇ ਪ੍ਰੇਮੀ-ਪ੍ਰੇਮਿਕਾ ਦਾ ਕਰ ਦਿੱਤਾ ਗਿਆ ਹੈ। ਇਹ ਗੱਲ ਯਕੀਨੀ ਤੌਰ ’ਤੇ ਸਮਾਜ ਵਿੱਚ ਗੁੱਸਾ ਭਰਨ ਵਾਲੀ ਹੈ। ਇਹ ਗੱਲ ਪਾਠਕਾਂ ਨੂੰ ਵੀ ਥੋੜ੍ਹਾ ਤੰਗ ਕਰੇਗੀ। ਜੇ ਰਿਸ਼ਤੇ ਵਿੱਚ ਅਜਿਹਾ ਮੋੜ ਲਿਆਉਣਾ ਸੀ ਤਾਂ ਪਾਠਕ ਨੂੰ ਇਸ ਦੀ ਸੂਹ ਨਾਵਲ ਵਿੱਚ ਪਹਿਲਾਂ ਹੀ ਕਿਤਿਓਂ ਮਿਲ ਜਾਂਦੀ ਤਾਂ ਜ਼ਿਆਦਾ ਚੰਗਾ ਹੁੰਦਾ। ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਰਛਪਾਲ ਸਹੋਤਾ ਨੇ ਜ਼ਿੰਦਗੀ ਦੇ ਅਨੁਭਵਾਂ ਵਿੱਚੋਂ ਇਸ ਕਹਾਣੀ ਨੂੰ ਸਿਰਜਿਆ ਹੈ। ਉਹ ਬਹੁਤ ਹੀ ਕਲਾਤਮਿਕ ਤਰੀਕੇ ਨਾਲ ਆਪਣੀ ਗੱਲ ਕਹਿਣ ਵਿੱਚ ਕਾਮਯਾਬ ਹੋਇਆ ਹੈ।
ਈਮੇਲ: Rajwant_bagri@hotmail.com