ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਦਿਖਣ ਲੱਗੀ ਦਿੱਲੀ ਦੇ ਕਿਸਾਨ ਅੰਦੋਲਨ ਦੀ ਝਲਕ
ਸਰਬਜੀਤ ਸਿੰਘ ਭੰਗੂ/ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਪਟਿਆਲਾ/ਸੰਗਰੂਰ/ਖਨੌਰੀ, 18 ਫਰਵਰੀ
ਸ਼ੰਭੂ ਤੇ ਖਨੌਰੀ ਬਾਰਡਰ ’ਤੇ ਪਿਛਲੇ ਛੇ ਦਿਨਾਂ ਤੋਂ ਡਟੇ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਦੀਆਂ ਲੱਗੀਆਂ ਕਤਾਰਾਂ ਅਤੇ ਚੱਲ ਰਹੇ ਲੰਗਰਾਂ ਨੇ ਇੱਕ ਵਾਰ ਮੁੜ ਦਿੱਲੀ ਕਿਸਾਨ ਅੰਦੋਲਨ ਦੀ ਯਾਦ ਤਾਜ਼ਾ ਕਰ ਦਿੱਤੀ ਹੈ।
ਦੋਵੇਂ ਥਾਵਾਂ ’ਤੇ ਕਿਸਾਨਾਂ ਦੇ ਕਾਫਲਿਆਂ ਦਾ ਆਉਣਾ ਲਗਾਤਾਰ ਜਾਰੀ ਹੈ। ਕਿਸਾਨ ਆਗੂ ਧਰਨਿਆਂ ਵਿੱਚ ਕੇਂਦਰ ਖ਼ਿਲਾਫ਼ ਤਕਰੀਰਾਂ ਦੇ ਰਹੇ ਹਨ। ਇਨ੍ਹਾਂ ਮੋਰਚਿਆਂ ਵਿੱਚ ਵੀ ਦਿੱਲੀ ਅੰਦੋਲਨ ਵਾਂਗ ਲੋਕ ਆਪਣੇ ਬੱਚਿਆਂ ਸਣੇ ਸ਼ਾਮਲ ਹੋ ਰਹੇ ਹਨ। ਦਿੱਲੀ ਕਿਸਾਨ ਅੰਦੋਲਨ ਵਾਂਗ ਹੀ ਖਨੌਰੀ ਬਾਰਡਰ ’ਤੇ ਵੀ ਇੱਕ ਨਵਾਂ ਪਿੰਡ ਉੱਸਰ ਆਇਆ ਲੱਗਦਾ ਹੈ। ਲੋਕਾਂ ਨੂੰ ਸ਼ੰਭੂ ਬਾਰਡਰ ’ਤੇ ਚੱਲ ਰਹੇ ਧਰਨੇ ਵਿਚ ਸ਼ਾਮਲ ਹੋਣ ਦਾ ਕਾਫੀ ਉਤਸ਼ਾਹ ਹੈ ਅਤੇ ਇਥੇ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਕਿਸਾਨਾਂ ਪੁੱਜ ਰਹੇ ਹਨ। ਧਰਨੇ ਵਿਚ ਸ਼ਾਮਲ ਛੋਟੇ ਛੋਟੇ ਬੱਚਿਆਂ ਵਿਚ ਵੀ ਉ਼ਤਸ਼ਾਹ ਹੈ ਤੇ ਉਹ ਲੰਗਰ ਦੀ ਸੇਵਾ ਕਰਦੇ ਦਿਖਾਈ ਦਿੰਦੇ ਹਨ। ਕਿਸਾਨੀ ਸੰਘਰਸ਼ ਲਈ ਜੁੜ ਬੈਠਦੇ ਕਿਸਾਨ ਇੱਕ ਦੂਜੇ ਨਾਲ ਦੁੱਖ-ਸੁੱਖ ਸਾਂਝੇ ਕਰਦੇ ਹੋਏ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਵੱਲੋਂ ਕਿਸਾਨੀ ਮੰਗਾਂ ਮੰਨਵਾਉਣ ਲਈ ‘ਦਿੱਲੀ ਚੱਲੋ’ ਦੇ ਸੱਦੇ ਤਹਿਤ ਪਿਛਲੇ ਛੇ ਦਿਨਾਂ ਤੋਂ ਕਿਸਾਨ ਤਿਆਰ ਬੈਠੇ ਹਨ ਜਿਨ੍ਹਾਂ ਦੇ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਕੀਤੇ ਹੋਏ ਹਨ।
ਪਹਿਲੇ ਦੋ ਦਿਨ ਬੇਸ਼ੱਕ ਮਾਹੌਲ ਹਿੰਸਕ ਤੇ ਤਣਾਅਪੂਰਨ ਸੀ ਪਰ ਹੁਣ ਪਿਛਲੇ ਚਾਰ ਦਿਨਾਂ ਤੋਂ ਮਾਹੌਲ ਅਮਨ ਸ਼ਾਂਤੀ ਵਾਲਾ ਬਣਿਆ ਹੋਇਆ ਹੈ। ਭਾਵੇਂ ਕਿਸਾਨ ਟਰਾਲੀਆਂ ਵਿੱਚ ਆਪਣਾ ਰਾਸ਼ਨ ਪਾਣੀ ਨਾਲ ਲੈ ਕੇ ਆਏ ਹਨ ਪਰ ਸਥਾਨਕ ਲੋਕ ਰੋਜ਼ਾਨਾ ਚਾਹ-ਪਾਣੀ ਅਤੇ ਲੰਗਰ ਦਾ ਪ੍ਰਬੰਧ ਕਰ ਰਹੇ ਹਨ। ਮਿੱਠੀ ਖੀਰ ਅਤੇ ਮਿੱਠੇ ਚੌਲਾਂ ਦੇ ਲੰਗਰ ਵੀ ਲਗਾਏ ਜਾ ਰਹੇ ਹਨ। ਸਮਾਜ ਸੇਵੀ ਸੰਸਥਾਵਾਂ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਮੈਡੀਕਲ ਕੈਂਪ ਲਗਾਏ ਗਏ ਹਨ। ਅਗਲੇ ਕੁੱਝ ਦਿਨਾਂ ’ਚ ਮੀਂਹ ਵਾਲਾ ਮੌਸਮ ਰਹਿਣ ਦੇ ਮੱਦੇਨਜ਼ਰ ਅੱਜ ਕਿਸਾਨ ਆਪਣੀਆਂ ਟਰੈਕਟਰ ਟਰਾਲੀਆਂ ਨੂੰ ਤਰਪਾਲਾਂ ਨਾਲ ਢਕਣ ਵਿੱਚ ਰੁੱਝੇ ਦਿਖਾਈ ਦਿੱਤੇ। ਦੂਜੇ ਪਾਸੇ ਪੰੰਜਾਬ ਸਰਕਾਰ ਵੱਲੋਂ ਬਾਰਡਰਾਂ ’ਤੇ ਐਂਬੂਲੈਂਸਾਂ ਤਾਇਨਾਤ ਕੀਤੀਆਂ ਹੋਈਆਂ ਅਤੇ ਸਰਹੱਦੀ ਖੇਤਰ ਦੇ ਹਸਪਤਾਲਾਂ ਨੂੰ ਅਲਰਟ ’ਤੇ ਰੱਖਿਆ ਹੋਇਆ ਹੈ। ਅੱਜ ਚੰਡੀਗੜ੍ਹ ਵਿੱਚ ਕੇਂਦਰੀ ਵਜ਼ੀਰਾਂ ਨਾਲ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੀ ਸੂਬਾ ਕਮੇਟੀ ਦੀ ਚੌਥੇ ਗੇੜ ਦੀ ਮੀਟਿੰਗ ਦੇ ਮੱਦੇਨਜ਼ਰ ਵੱਡੀ ਗਿਣਤੀ ਕਿਸਾਨ ਮੋਬਾਈਲਾਂ ’ਤੇ ਖ਼ਬਰਾਂ ਸੁਣਦੇ ਨਜ਼ਰ ਆਏ। ਕਿਸਾਨ ਸੂਬਾ ਕਮੇਟੀ ਵੱਲੋਂ ਮਿਲਣ ਵਾਲੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ ਧਰਨੇ ਵਿੱਚ ਸ਼ਾਮਲ ਨੌਜਵਾਨ ਵਾਲੀਵਾਲ ਖੇਡ ਕੇ ਵੀ ਸਮਾਂ ਬਿਤਾ ਰਹੇ ਹਨ।
ਉਧਰ ਅੱਜ ਹਰਿਆਣਾ ਪੁਲੀਸ ਦੇ ਡੀਜੀਪੀ ਨੇ ਪੰਜਾਬ-ਹਰਿਆਣਾ ਹੱਦ ਦਾ ਦੌਰਾ ਕਰਦਿਆਂ ਸਥਿਤੀ ਦਾ ਜਾਇਜ਼ਾ ਲਿਆ ਤੇ ਹਰਿਆਣਾ ਪੁਲੀਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਕੁੱਲ ਮਿਲਾ ਕੇ ਛੇਵੇਂ ਦਿਨ ਖਨੌਰੀ ਬਾਰਡਰ ’ਤੇ ਪੂਰੀ ਅਮਨ ਸ਼ਾਂਤੀ ਬਣੀ ਹੋਈ ਹੈ ਤੇ ਕਿਸਾਨਾਂ ਨੂੰ ਚੌਥੇ ਗੇੜ ਦੀ ਮੀਟਿੰਗ ਦੇ ਫ਼ੈਸਲੇ ਦੀ ਉਡੀਕ ਹੈ। ਜਾਣਕਾਰੀ ਅਨੁਸਾਰ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਵਿੱਚ ਰਾਤ ਕੱਟਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ। ਕਿਸਾਨਾਂ ਨੇ ਟਰਾਲੀਆਂ ਵਿੱਚ ਲਾਈਟਾਂ, ਗੱਦੇ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਸ਼ੰਭੂ ਬਾਰਡਰ ’ਤੇ ਧਰਨੇ ਵਿੱਚ ਸ਼ਾਮਲ ਕਿਸਾਨਾਂ ਕੋਲ ਅਜਿਹੇ ਟਰੈਕਟਰ ਹਨ ਜਿਹੜੇ ਬਹੁਤ ਰੀਝ ਨਾਲ ਤਿਆਰ ਕਰਵਾਏ ਹੋਏ ਹਨ। ਲੋਕ ਉਨ੍ਹਾਂ ਦੇ ਟਰੈਕਟਰਾਂ ਨੂੰ ਰੀਝ ਨਾਲ ਦੇਖਦੇ ਹਨ। ਕਿਸਾਨਾਂ ਵਿੱਚ ਧਰਨੇ ਪ੍ਰਤੀ ਪੂਰਾ ਉਤਸ਼ਾਹ ਹੈ।