ਇਕ ਨਜ਼ਰ
ਸੰਵੇਦਨਸ਼ੀਲ ਥਾਵਾਂ ਦੀ ਚੈਕਿੰਗ
ਅੰਮ੍ਰਿਤਸਰ: ਕਮਿਸ਼ਨਰੇਟ ਪੁਲੀਸ ਵੱਲੋਂ ਸ਼ਹਿਰ ਵਿੱਚ ਰਾਤ ਵੇਲੇ ਚਲਾਏ ਜਾ ਰਹੇ ਨਾਈਟ ਡੋਮੀਨੇਸ਼ਨ ਅਪਰੇਸ਼ਨ ਦੀ ਨਿਗਰਾਨੀ ਕਰਦਿਆਂ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਬੀਤੀ ਰਾਤ ਸ਼ਹਿਰ ਵਿੱਚ ਵੱਖ-ਵੱਖ ਨਾਕਿਆਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਚੈਕਿੰਗ ਕੀਤੀ ਹੈ। ਇਸ ਚੈਕਿੰਗ ਦੌਰਾਨ ਪੁਲੀਸ ਕਮਿਸ਼ਨਰ ਰਾਤ ਵੇਲੇ ਜਦੋਂ ਕਿ ਕਾਫੀ ਧੁੰਦ ਵੀ ਪਈ ਹੋਈ ਸੀ, ਉਹ ਰਣਜੀਤ ਐਵਨਿਊ ਵਿਖੇ ਵੱਖ-ਵੱਖ ਥਾਵਾਂ ਤੇ ਲੱਗੇ ਨਾਕਿਆਂ, ਮਜੀਠਾ ਬਾਈਪਾਸ, ਵੇਰਕਾ ਬਾਈਪਾਸ, ਲੁਹਾਰਕਾ ਰੋਡ ਬਾਈਪਾਸ, ਗੁਮਟਾਲਾ ਚੌਂਕ ਬਾਈਪਾਸ ਤੇ ਹੋਰ ਕਈ ਥਾਵਾਂ ਤੇ ਗਏ ਅਤੇ ਡਿਊਟੀ ਦੇ ਤੈਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਹੈ। -ਟਨਸ
ਕੁੱਟਮਾਰ ਕਰਨ ਦਾ ਦੋਸ਼
ਫਗਵਾੜਾ: ਪੁਲੀਸ ਨੇ ਇੱਕ ਵਿਅਕਤੀ ਦੀ ਕੁੱਟਮਾਰ ਦੇ ਦੋਸ਼ ਹੇਠ ਸਤਨਾਮਪੁਰਾ ਵਿੱਚ ਇੱਕ ਮੁਲਜ਼ਮ ਸਣੇ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਉਸਦਾ ਗਰੀਨ ਵੈਲੀ ਲਾਅ ਗੇਟ ਮਹੇੜੂ ਵਿੱਚ ਸਿਮਰ ਐਨਕਲੇਵ ਐਕਸਟੈਸ਼ਨ ’ਚ ਪ੍ਰਾਪਰਟੀ ਸਬੰਧੀ ਦਫ਼ਤਰ ਹੈ ਤੇ ਉਹ ਆਪਣੇ ਦਫ਼ਤਰ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਰਾਜ ਕੁਮਾਰ ਵਲੋਂ ਉਸਦੀ ਕੁੱਟਮਾਰ ਕੀਤੀ ਗਈ ਤੇ ਧਮਕੀਆਂ ਦਿੱਤੀਆਂ ਗਈਆਂ। ਇਸ ਸਬੰਧੀ ਪੁਲੀਸ ਨੇ ਰਾਜ ਕੁਮਾਰ ਉਰਫ਼ ਰਾਜੂ ਵਾਸੀ ਜਲੰਧਰ ਖਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ
ਨਸ਼ੀਲੀਆਂ ਗੋਲੀਆਂ ਸਣੇ ਕਾਬੂ
ਕਪੂਰਥਲਾ: ਸਦਰ ਪੁਲੀਸ ਨੇ ਨਸ਼ੀਲੀਆਂ ਗੋਲੀਆਂ ਸਣੇ ਮੁਲਜ਼ਮ ਨੂੰ ਕਾਬੂ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਥਾਣੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਚੈਕਿੰਗ ਦੌਰਾਨ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਪਾਸੋਂ 55 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਦੀ ਪਛਾਣ ਪਤਰਸ ਉਰਫ਼ ਆਸ਼ੂ ਵਾਸੀ ਕੋਲਪੁਰ ਵਜੋਂ ਹੋਈ ਹੈ। -ਪੱਤਰ ਪ੍ਰੇਰਕ
ਨਾਬਾਲਗ ਵਰਗਲਾਉਣ ਦਾ ਦੋਸ਼
ਫਗਵਾੜਾ: ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਜਾਣ ਸਬੰਧੀ ਸਿਟੀ ਪੁਲੀਸ ਨੇ ਇੱਕ ਨੌਜਵਾਨ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਸਦੀ ਨਾਬਾਲਗ ਲੜਕੀ ਜੋ ਘਰੋਂ ਗਾਇਬ ਹੋ ਗਈ ਤੇ ਉਸਦੀ ਕਾਫ਼ੀ ਭਾਲ ਕੀਤੀ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਰਹਿਮਤ ਵਾਸੀ ਲਾਮਿਆ ਮੁਹੱਲਾ ਸਰਾਫ਼ਾ ਬਾਜ਼ਾਰ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। -ਪੱਤਰ ਪ੍ਰੇਰਕ