ਇਕ ਨਜ਼ਰ
ਕੰਮ ’ਤੇ ਗਿਆ ਲੜਕਾ ਲਾਪਤਾ
ਲੁਧਿਆਣਾ: ਥਾਣਾ ਮੋਤੀ ਨਗਰ ਦੇ ਇਲਾਕੇ ਵਿੱਚੋਂ ਇੱਕ ਲੜਕਾ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਿਆ ਹੈ। ਇਸ ਸਬੰਧੀ ਜੀਵਨ ਨਗਰ ਵਾਸੀ ਰਾਜੂ ਮਿਸ਼ਰਾ ਨੇ ਦੱਸਿਆ ਕਿ ਉਸ ਦਾ ਲੜਕਾ ਕੁਲਦੀਪ ਮਿਸ਼ਰਾ (19) ਰੋਜ਼ ਵਾਂਗ ਲਵਲੀ ਸਵੀਟ ਸ਼ਾਪ ਮੈਟਰੋ ਰੋਡ ਸਥਿਤ ਬਰਤਨ ਦੀ ਦੁਕਾਨ ’ਤੇ ਕੰਮ ਕਰਨ ਲਈ ਗਿਆ ਸੀ ਜਿੱਥੋ ਉਹ 11 ਵਜੇ ਦੇ ਕਰੀਬ ਬਿਨਾਂ ਕਿਸੇ ਨੂੰ ਦੱਸੇ ਕਿਧਰੇ ਚਲਾ ਗਿਆ। ਉਸ ਦੀ ਕਾਫੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ। ਉਸ ਨੂੰ ਸ਼ੱਕ ਹੈ ਕਿ ਕੁਲਦੀਪ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਨਿੱਜੀ ਸੁਆਰਥ ਲਈ ਕਿਧਰੇ ਲੁਕਾ ਕੇ ਰੱਖਿਆ ਹੋਇਆ ਹੈ। -ਨਿੱਜੀ ਪੱਤਰ ਪ੍ਰੇਰਕ
ਰਸੋਈ ਗੈਸ ਬਲੈਕ ਕਰਨ ਦੇ ਦੋਸ਼ ਹੇਠ ਕਾਬੂ
ਲੁਧਿਆਣਾ: ਥਾਣਾ ਮੋਤੀ ਨਗਰ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਰਸੋਈ ਗੈਸ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਸ਼ੇਰਪੁਰ ਨੇੜੇ ਪਾਣੀ ਵਾਲੀ ਟੈਂਕੀ ਮੌਜੂਦ ਸੀ ਤਾਂ ਬਾਬਾ ਦੀਪ ਸਿੰਘ ਨਗਰ ਵਿੱਖੇ ਸੁਰਿੰਦਰ ਯਾਦਵ ਠੇਕੇਦਾਰ ਨੂੰ ਵੱਡੇ ਗੈਸ ਸਿਲੰਡਰਾਂ ਵਿੱਚੋਂ ਛੋਟੇ ਗੈਸ ਸਿਲੰਡਰਾਂ ਵਿੱਚ ਗੈਸ ਭਰ ਕੇ ਵੇਚਦਿਆਂ ਕਾਬੂ ਕਰਕੇ ਉਸ ਕੋਲੋਂ 3 ਵੱਡੇ ਗੈਸ ਸਿਲੰਡਰ, 1 ਛੋਟਾ ਗੈਸ ਸਿਲੰਡਰ ਅਤੇ 2 ਪਾਈਪਾਂ ਬਰਾਮਦ ਕੀਤੀਆਂ ਗਈਆਂ ਹਨ। -ਨਿੱਜੀ ਪੱਤਰ ਪ੍ਰੇਰਕ
ਵਿਆਹੁਤਾ ਦੀ ਸ਼ਿਕਾਇਤ ’ਤੇ ਪਤੀ ਅਤੇ ਸੱਸ ਖ਼ਿਲਾਫ਼ ਕੇਸ ਦਰਜ
ਲੁਧਿਆਣਾ: ਥਾਣਾ ਵਿਮੈੱਨ ਦੀ ਪੁਲੀਸ ਨੇ ਇੱਕ ਵਿਆਹੁਤਾ ਦੀ ਸ਼ਿਕਾਇਤ ਪਤੀ ਤੇ ਉਸ ਦੀ ਮਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਗੋਬਿੰਦ ਨਗਰ ਨਿਊ ਸ਼ਿਮਲਾਪੁਰੀ ਵਾਸੀ ਹਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 13 ਦਸੰਬਰ 2021 ਨੂੰ ਕੁਲਜੀਤ ਸਿੰਘ ਨਾਲ ਹੋਇਆ ਸੀ। ਸ਼ਾਦੀ ਤੋਂ ਕੁੱਝ ਚਿਰ ਬਾਅਦ ਹੀ ਉਹ ਤੇ ਉਸ ਦੀ ਮਾਤਾ ਉਸ ਨੂੰ ਹੋਰ ਦਾਜ ਲਿਆਉਣ ਲਈ ਸਰੀਰਕ ਅਤੇ ਮਾਨਸਿਕ ਤੌਰ ’ਤੇ ਪ੍ਰੈਸ਼ਾਨ ਕਰਨ ਲੱਗ ਪਏ। ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੁਲਜੀਤ ਸਿੰਘ (ਪਤੀ) ਅਤੇ ਉਸ ਦੀ ਮਾਤਾ ਅਵਤਾਰ ਕੌਰ ਵਾਸੀਆਨ ਨੇੜੇ ਮੱਘਰ ਦੀ ਚੱਕੀ, ਨਿਊ ਅਮਰ ਨਗਰ, ਵਾਹਿਗੁਰੂ ਰੋਡ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਸੜਕ ਹਾਦਸੇ ਵਿੱਚ ਜ਼ਖ਼ਮੀ
ਲੁਧਿਆਣਾ: ਥਾਣਾ ਫੋਕਲ ਪੁਆਇੰਟ ਦੇ ਇਲਾਕੇ ਨੇੜੇ ਫੋਰਜਿੰਗ ਕੱਟ ਫੇਸ-7 ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਸਖ਼ਤ ਜ਼ਖ਼ਮੀ ਹੋ ਗਿਆ ਹੈ। ਇਸ ਸਬੰਧੀ ਦੁੱਰਗਾ ਕਲੋਨਭ੍ਰਢੰਡਾਰੀ ਖੁਰਦ ਵਾਸੀ ਸੁਭਾਸ਼ ਕੁਮਾਰ ਉਰਫ਼ ਮਹੇਸ਼ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਮੁੰਡੀਆਂ ਵੱਲ ਜਾ ਰਿਹਾ ਸੀ। ਜਦੋਂ ਉਹ ਫੋਰਜਿੰਗ ਕੱਟ ਫੇਸ-7 ਫੋਕਲ ਪੁਆਇੰਟ ਤੋਂ ਰੂਟਰ ਕੰਡੇ ਵੱਲ ਨੂੰ ਮੁੜਨ ਲੱਗਿਆ ਤਾਂ ਅਣਪਛਾਤੇ ਵਾਹਨ ਚਾਲਕ ਨੇ ਉਸ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਉਸ ਨੂੰ ਕਾਫ਼ੀ ਸੱਟਾਂ ਲੱਗੀਆਂ ਤੇ ਉਸ ਦਾ ਸੱਜਾ ਪੈਰ ਟੁੱਟ ਗਿਆ ਹੈ। ਇਸ ਵੇਲੇ ਸਿਵਲ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। -ਨਿੱਜੀ ਪੱਤਰ ਪ੍ਰੇਰਕ
ਰਾਹਗੀਰ ਤੋਂ ਮੋਬਾਈਲ ਫੋਨ ਖੋਹਿਆ
ਲੁਧਿਆਣਾ: ਥਾਣਾ ਸਲੇਮ ਟਾਬਰੀ ਦੇ ਇਲਾਕੇ 33 ਫੁੱਟਾ ਰੋਡ ਨੇੜੇ ਚਰਚ ਤੋਂ ਤਿੰਨ ਅਣਪਛਾਤੇ ਵਿਅਕਤੀ ਇੱਕ ਰਾਹਗੀਰ ਤੋਂ ਮੋਬਾਈਲ ਫੋਨ ਖੋਹ ਕੇ ਲੈ ਗਏ। ਇਸ ਸਬੰਧੀ ਨਿਊ ਜਨਕਪੁਰੀ ਵਾਸੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਜਲੰਧਰ ਬਾਈਪਾਸ ਤੋਂ ਪੈਦਲ ਜਾ ਰਿਹਾ ਸੀ ਤਾਂ 33 ਫੁੱਟਾ ਰੋਡ ਨਜ਼ਦੀਕ ਚਰਚ ਕੋਲ ਤਿੰਨ ਅਣਪਛਾਤੇ ਵਿਅਕਤੀ ਬਿਨਾਂ ਨੰਬਰੀ ਐਕਟਿਵਾ ਸਕੂਟਰ ’ਤੇ ਆਏ ਜਿਨ੍ਹਾਂ ਉਸ ਨੂੰ ਘੇਰ ਕੇ ਦਾਹ ਨਾਲ ਵਾਰ ਕੀਤਾ ਅਤੇ ਉਸ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। -ਨਿੱਜੀ ਪੱਤਰ ਪ੍ਰੇਰਕ
ਮੋਟਰਸਾਈਕਲ ਚੋਰੀ
ਲੁਧਿਆਣਾ: ਥਾਣਾ ਡਿਵੀਜ਼ਨ ਨੰਫਰ 8 ਅਧੀਨ ਇੱਕ ਬੈਂਕ ਬਾਹਰੋਂ ਅਣਪਛਾਤੇ ਵਿਅਕਤੀ ਇੱਕ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਇਸ ਸਬੰਧੀ ਆਨੰਦਪੁਰੀ ਕਲੋਨੀ ਨੂਰਵਾਲਾ ਰੋਡ ਵਾਸੀ ਧੀਰਜ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਕੋਟਕ ਮਹਿੰਦਰਾ ਬੈਂਕ ਦੇ ਬਾਹਰ ਖੜ੍ਹਾ ਕੀਤਾ ਸੀ ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੌਰੀ ਕਰ ਕੇ ਲੈ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਗੱਲ। -ਨਿੱਜੀ ਪੱਤਰ ਪ੍ਰੇਰਕ
ਚੋਰੀ ਦੇ ਮੋਟਰਸਾਈਕਲਾਂ ਸਣੇ ਤਿੰਨ ਕਾਬੂ
ਲੁਧਿਆਣਾ: ਥਾਣਾ ਲਾਡੋਵਾਲ ਦੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਮੇਨ ਚੌਕ ਹੰਬੜਾ ’ਤੇ ਗਸ਼ਤ ਕਰ ਰਹੀ ਸੀ ਤਾਂ ਮਨਦੀਪ ਸਿੰਘ ਵਾਸੀ ਪਿੰਡ ਝੁੱਗੀਆ ਮਹਾ ਸਿੰਘ ਨਗਰ ਜਲੰਧਰ ਅਤੇ ਜਗਜੀਤ ਮਾਹੀ ਵਾਸੀ ਪਿੰਡ ਕਤਪਾਲੋਂ ਥਾਣਾ ਫਿਲੌਰ ਨੂੰ ਬਿਨਾਂ ਨੰਬਰਾਂ ਵਾਲੇ ਚੋਰੀ ਦੇ ਮੋਟਰਸਾਈਕਲ ਨਾਲ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਜਮਾਲਪੁਰ ਦੇ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਤ੍ਰਿਕੋਨੀ ਪਾਰਕ ਜਮਾਲਪੁਰ ਤੋਂ ਪ੍ਰਗਟ ਸਿੰਘ ਵਾਸੀ ਭਾਮੀਆਂ ਕਲਾਂਂ ਨੂੰ ਬਿਨਾਂ ਨੰਬਰ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ