ਇਕ ਨਜ਼ਰ
ਨਾਬਾਲਗ ਲੜਕੀ ਅਗਵਾ
ਲੁਧਿਆਣਾ: ਥਾਣਾ ਮੇਹਰਬਾਨ ਦੇ ਇਲਾਕੇ ਵਿੱਚ ਪੈਂਦੇ ਪਿੰਡ ਬੂਥਗੜ੍ਹ ਦੇ ਬੱਸ ਅੱਡੇ ਤੋਂ ਇੱਕ ਕਾਰ ਸਵਾਰ ਔਰਤ ਅਤੇ ਮਰਦ ਇੱਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਲੈ ਗਏ ਹਨ। ਇਸ ਸਬੰਧੀ ਮਮਤਾ ਵਾਸੀ ਪਿੰਡ ਰਾਵਤ ਨੇ ਦੱਸਿਆ ਕਿ ਉਹ ਆਪਣੀ ਛੋਟੀ ਭੈਣ ਅਕਵਿੰਦਰ (15) ਨਾਲ ਪਿੰਡ ਰਾਵਤ ਤੋਂ ਬਾਲਣ ਚੁੱਗਣ ਲਈ ਰਾਹੋਂ ਰੋਡ ’ਤੇ ਗਈਆਂ ਸੀ। ਇਸ ਦੌਰਾਨ ਪਿੰਡ ਬੂਥਗੜ੍ਹ ਦੇ ਬੱਸ ਅੱਡੇ ਕੋਲ ਇੱਕ ਚਿੱਟੇ ਰੰਗ ਦੀ ਕਾਰ ਉਨ੍ਹਾਂ ਕੋਲ ਆ ਕੇ ਰੁਕੀ ਜਿਸ ਵਿੱਚ ਇੱਕ ਔਰਤ ਅਤੇ ਇੱਕ ਲੜਕਾ ਬੈਠੇ ਸੀ। ਉਹ ਅਕਿਵੰਦਰ ਨੂੰ ਗੱਡੀ ਵਿੱਚ ਬਠਾ ਕੇ ਕਿਧਰੇ ਲੈ ਗਏ। ਥਾਣੇਦਾਰ ਜੋਗਿੰਦਰ ਪਾਲ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ
ਦੋ ਮੁਲਜ਼ਮ ਲੁੱਟ ਦੇ ਸਾਮਾਨ ਸਣੇ ਕਾਬੂ; ਸਾਥੀ ਫਰਾਰ
ਲੁਧਿਆਣਾ: ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਲੁੱਟ ਦੇ ਸਾਮਾਨ ਸਣੇ ਕਾਬੂ ਕੀਤਾ ਹੈ। ਇਸ ਸਬੰਧੀ ਦੀਪਿਕਾ ਪੁੱਤਰੀ ਸੰਜੈ ਕੁਮਾਰ ਵਾਸੀ ਗਗਨਦੀਪ ਕਲੋਨੀ, ਭੱਟੀਆਂ ਨੇ ਦੱਸਿਆ ਕਿ ਉਹ ਲੋਕਲ ਬੱਸ ਅੱਡੇ ਤੋਂ ਇਕ ਆਟੋ ਬਿਨਾਂ ਨੰਬਰੀ ਦੇ ਚਾਲਕ ਲੱਕੀ ਨੇ ਸੋਨੂੰ ਅਤੇ ਗੁਰਦਿਆਲ ਸਮੇਤ ਉਸ ਕੋਲੋਂ ਮੋਬਾਈਲ ਫੋਨ ਖੋਹ ਲਿਆ। ਥਾਣੇਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਪੜਤਾਲ ਦੌਰਾਨ ਗੁਰਦਿਆਲ ਉਰਫ਼ ਲਾਡੀ ਵਾਸੀ ਸਰਪੰਚ ਕਲੋਨੀ ਪਿੰਡ ਕੱਕਾ ਅਤੇ ਸੋਨੂੰ ਵਾਸੀ ਪ੍ਰੇਮ ਨਗਰ ਟਿੱਬਾ ਰੋਡ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਇੱਕ ਈ-ਰਿਕਸ਼ਾ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ ਜਦਕਿ ਉਨ੍ਹਾਂ ਦੇ ਸਾਥੀ ਲੱਕੀ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਬੇਕਾਬੂ ਟਰੱਕ ਸ਼ਰਾਬ ਦੇ ਠੇਕੇ ਵਿੱਚ ਵੱਜਿਆ
ਲੁਧਿਆਣਾ: ਥਾਣਾ ਡੇਹਲੋਂ ਦੇ ਇਲਾਕੇ ਨੇੜੇ ਜੜਤੌਲੀ ਚੌਕ ਸਥਿਤ ਸ਼ਰਾਬ ਦੇ ਠੇਕੇ ਵਿੱਚ ਇੱਕ ਟਰੱਕ ਆ ਵੜਿਆ ਜਿਸ ਕਾਰਨ ਠੇਕੇ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧੀ ਖੁਸਮੀਤ ਸਿੰਘ ਵਾਸੀ ਪਿੰਡ ਕਿਲਾ ਰਾਏਪੁਰ ਨੇ ਦੱਸਿਆ ਕਿ ਉਹ ਸ਼ਰਾਬ ਦੇ ਠੇਕੇ ਜੜਤੋਲੀ ਚੌਕ, ਪਿੰਡ ਕਿਲਾ ਰਾਏਪੁਰ ਮੌਜੂਦ ਸੀ ਤਾਂ ਇੱਕ ਟਰੱਕ ਚਾਲਕ ਤੇਜ਼ ਰਫ਼ਤਾਰ ਨਾਲ ਆਇਆ ਤੇ ਠੇਕੇ ਦੀ ਇਮਾਰਤ ਵਿੱਚ ਵੱਜਿਆ ਜਿਸ ਨਾਲ ਅੰਦਰ ਪਈਆਂ ਸ਼ਰਾਬ ਦੀਆਂ ਬੋਤਲਾਂ, ਫਰਿੱਜਾਂ, ਫਰਨੀਚਰ, ਖਾਣ ਪੀਣ ਦਾ ਸਾਮਾਨ ਤੇ ਅਹਾਤੇ ਦੀ ਇਮਾਰਤ ਦਾ ਕਾਫ਼ੀ ਨੁਕਸਾਨ ਹੋਇਆ ਹੈ। ਹੌਲਦਾਰ ਕਰਨਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਟਰੱਕ ਦੇ ਡਰਾਈਵਰ ਜੋਗਿੰਦਰ ਯਾਦਵ ਵਾਸੀ ਪਿੰਡ ਬਲਦੀ ਥਾਣਾ ਗੰਭੀਰਪੁਰ ਜ਼ਿਲ੍ਹਾ ਆਜਮਗੜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ
ਰੇਲਵੇ ਸਟੇਸ਼ਨ ਬਾਹਰੋਂ ਆਟੋ ਰਿਕਸ਼ਾ ਚੋਰੀ
ਲੁਧਿਆਣਾ: ਥਾਣਾ ਸਦਰ ਦੇ ਇਲਾਕੇ ਪਿੰਡ ਗਿੱਲ ਰੇਲਵੇ ਸਟੇਸ਼ਨ ਦੇ ਬਾਹਰੋਂ ਅਣਪਛਾਤੇ ਵਿਅਕਤੀ ਇੱਕ ਆਟੋ ਰਿਕਸ਼ਾ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਅਜਾਦ ਕੁਮਾਰ ਵਰਮਾ ਵਾਸੀ ਮੁਹਲਾ ਚੇਤ ਸਿੰਘ ਨਗਰ ਨੇ ਦੱਸਿਆ ਹੈ ਕਿ ਉਸ ਨੇ ਆਪਣਾ ਆਟੋ ਰਿਕਸ਼ਾ ਪਿੰਡ ਗਿੱਲ ਦੇ ਰੇਲਵੇ ਸਟੇਸ਼ਨ ਕੋਲ ਖੜ੍ਹਾ ਕੀਤਾ ਸੀ ਪਰ ਜਦੋਂ ਉਹ ਵਾਪਸ ਆਇਆ ਤਾਂ ਆਟੋ ਰਿਕਸ਼ਾ ਗਾਇਬ ਸੀ। -ਨਿੱਜੀ ਪੱਤਰ ਪ੍ਰੇਰਕ
ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਪਿਆਰਾ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲੀਸ ਪਾਰਟੀ ਨੇ ਸ਼ਮਸ਼ਾਨ ਘਾਟ ਢੋਲੇਵਾਲ ਮੇਨ ਜੀਟੀ ਰੋਡ ਕੋਲ ਢੋਲੇਵਾਲ ਵੱਲੋਂ ਇਕ ਟਰੱਕ ਆਉਂਦਾ ਦੇਖਿਆ। ਜਦੋਂ ਟਰੱਕ ਚਾਲਕ ਨੂੰ ਰੋਕਿਆ ਗਿਆ ਤਾਂ ਟਰੱਕ ਡਰਾਈਵਰ ਵੀਰ ਸਿੰਘ ਵਾਸੀ ਦੀਪ ਨਗਰ ਅਤੇ ਕਾਲੇ ਉਰਫ਼ ਕਾਲੂ ਵਾਸੀ ਮੇਛੀ ਢਾਬੇ ਵਾਲੀ ਗਲੀ ਦੀਪ ਨਗਰ ਕੋਲੋਂ 17½ ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। ਪੁਲੀਸ ਵੱਲੋਂ ਟਰੱਕ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ