ਇਕ ਨਜ਼ਰ
ਸੜਕ ਹਾਦਸੇ ’ਚ ਵਿਅਕਤੀ ਦੀ ਮੌਤ
ਲੁਧਿਆਣਾ: ਥਾਣਾ ਡੇਹਲੋਂ ਦੇ ਇਲਾਕੇ ਆਸੀ ਕਲਾਂ ਸਥਿਤ ਜੌਹਲ ਢਾਬਾ ਕੋਲ ਇੱਕ ਕੈਂਟਰ ਦੀ ਫੇਟ ਵੱਜਣ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਇਸ ਸਬੰਧੀ ਨਿਊ ਜਨਤਾ ਕਲੋਨੀ ਪਿੰਡ ਗਿੱਲ ਵਾਸੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਮਨਜਿੰਦਰ ਸਿੰਘ ਨਾਲ ਆਪਣੇ ਮੋਟਰਸਾਈਕਲ ’ਤੇ ਆਪਣੇ ਨਾਨਕੇ ਪਿੰਡ ਜਾ ਰਿਹਾ ਸੀ। ਇਸ ਦੌਰਾਨ ਜੌਹਲ ਢਾਬਾ ਆਸੀ ਕਲਾਂ ਪਾਸ ਪੁੱਜਣ ’ਤੇ ਅਨੰਦ ਕੁਮਾਰ ਨੇ ਆਪਣਾ ਕੈਂਟਰ ਤੇਜ਼ ਰਫ਼ਤਾਰੀ ਤੇ ਲਾਪ੍ਰਵਾਹੀ ਨਾਲ ਚਲਾ ਕੇ ਮੋਟਰਸਾਈਕਲ ਨੂੰ ਫੇਟ ਮਾਰੀ ਜਿਸ ਕਾਰਨ ਦੋਵੇਂ ਜਣੇ ਹੇਠਾਂ ਡਿੱਗ ਪਏ। ਉਹ ਦੂਸਰੀ ਸਾਈਡ ’ਤੇ ਡਿੱਗ ਗਿਆ ਜਦਕਿ ਭਰਾ ਮਨਜਿੰਦਰ ਸਿੰਘ ਕੈਂਟਰ ਵਾਲੀ ਸਾਈਡ ਵੱਲ ਡਿੱਗ ਗਿਆ, ਜਿਸਨੂੰ ਕੈਂਟਰ ਚਾਲਕ ਕਾਫੀ ਦੂਰ ਤੱਕ ਘੜੀਸ ਕੇ ਲੈ ਗਿਆ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸਨੂੰ ਸਿਵਲ ਹਸਪਤਾਲ ਡੇਹਲੋਂ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੈਂਟਰ ਚਾਲਕ ਅਨੰਦ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।-ਨਿੱਜੀ ਪੱਤਰ ਪ੍ਰੇਰਕ
ਗਾਂਜੇ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਮੋਤੀ ਨਗਰ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਨੇੜੇ ਮਲਹੋਤਰਾ ਚੌਕ ਮੌਜੂਦ ਸੀ ਤਾਂ ਗੁਲਸ਼ਨ ਵਾਸੀ ਮੁਸਲਿਮ ਕਲੋਨੀ ਸ਼ੇਰਪੁਰ ਨੂੰ ਸੇਕਰਡ ਹਾਰਟ ਸਕੂਲ ਸੈਕਟਰ 39 ਦੇ ਸਾਹਮਣੇ ਪਾਰਕ ਪਾਸ ਖੜ੍ਹ ਕੇ ਗਾਂਜਾ ਵੇਚਣ ਲਈ ਆਪਣੇ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰ ਕੇ ਉਸ ਪਾਸੋਂ 1 ਕਿਲੋ 500 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
ਮੋਟਰਸਾਈਕਲ ਚੋਰੀ
ਲੁਧਿਆਣਾ: ਦਰੇਸੀ ਰੋਡ ਸਥਿਤ ਕ੍ਰਿਸ਼ਨਾ ਗਲੀ ਵਿੱਚੋਂ ਅਣਪਛਾਤੇ ਵਿਅਕਤੀ ਇੱਕ ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ ਹਨ। ਇਸ ਸਬੰਧੀ ਜਤਿਨ ਜੈਨ ਨੇ ਦੱਸਿਆ ਕਿ ਉਸਨੇ ਆਪਣਾ ਮੋਟਰਸਾਈਕਲ ਸਪਲੈਂਡਰ ਪਰੋ ਆਪਣੇ ਘਰ ਦੇ ਬਾਹਰ ਗਲੀ ਵਿੱਚ ਤਾਲਾ ਲਾ ਕੇ ਖੜ੍ਹਾ ਕੀਤਾ ਸੀ ਜਿਸਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਥਾਣੇਦਾਰ ਗੁਰਦੀਪ ਰਾਜ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 6 ਦੇ ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਢੋਲੇਵਾਲ ਚੌਕ ਮੌਜੂਦ ਸੀ ਤਾਂ ਅਭਿਸ਼ੇਕ ਵਾਸੀ ਚੇਤ ਸਿੰਘ ਨਗਰ ਨੂੰ ਦੁਕਾਨ ਵਿੱਚ ਸ਼ਰਾਬ ਰੱਖਕੇ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰ ਕੇ ਉਸ ਪਾਸੋਂ ਇੱਕ ਪੇਟੀ ਸ਼ਰਾਬ ਡਾਲਰ ਬਰਾਮਦ ਕੀਤੀ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਹੈਰੋਇਨ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਜਮਾਲਪੁਰ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਤਿੰਨ ਦੇ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਘਈ ਮਾਰਕੀਟ ਚੌਕ 33 ਫੁੱਟਾ ਰੋਡ ਮੌਜੂਦ ਸੀ ਤਾਂ ਮੁਹੰਮਦ ਫੈਜੀ ਸਦੀਕੀ ਵਾਸੀ ਰਾਧਾ ਵਿਹਾਰ ਕਲੋਨੀ ਮੂੰਡੀਆਂ ਕਲਾਂ ਨੂੰ ਬਰੇਲ ਭਵਨ ਦੀ ਬੈਕ ਸਾਈਡ ਖੜ੍ਹ ਕੇ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰ ਕੇ ਉਸ ਪਾਸੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ