ਇਕ ਨਜ਼ਰ
ਮੁਲਜ਼ਮ 16 ਕਿਲੋ ਭੁੱਕੀ ਸਣੇ ਕਾਬੂ
ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਦੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗੈਰ-ਸਮਾਜੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ 16 ਕਿਲੋ ਭੁੱਕੀ ਤੇ 6.70 ਲੱਖ ਰੁਪਏ ਦੀ ਨਕਦੀ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਸਲਮ ਵਾਸੀ ਧਨਾਸ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਧਨਾਸ ਵਿਖੇ ਨਾਕਾਬੰਦੀ ਦੌਰਾਨ ਥ੍ਰੀ-ਵ੍ਹੀਲਰ ਵਿੱਚ ਸਵਾਰ ਮੁਲਜ਼ਮ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ 16 ਕਿਲੋ ਭੁੱਕੀ ਤੇ 6.70 ਲੱਖ ਰੁਪਏ ਬਰਾਮਦ ਕੀਤੇ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਦੁੱਧ ਦਾ ਕਾਰੋਬਾਰ ਕਰਦਾ ਹੈ, ਜੋ ਕਿ ਭੁੱਕੀ ਖਾਣ ਦਾ ਆਦਿ ਹੈ। ਥਾਣਾ ਕ੍ਰਾਈਮ ਬ੍ਰਾਂਚ ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟਨਸ
ਦੋ ਨਾਬਾਲਗ ਸੁਧਾਰ ਘਰ ਭੇਜੇ
ਪੰਚਕੂਲਾ: ਪੰਚਕੂਲਾ ਦੀ ਰਾਜੀਵ ਕਲੋਨੀ ਦੇ ਵਾਸੀ 45 ਸਾਲਾ ਦੇ ਇੱਕ ਬਜ਼ੁਰਗ ਨੂੰ ਦੋ ਨਾਬਾਲਗਾਂ ਨੇ ਕੈਂਚੀ ਤੇ ਸੂਏ ਨਾਲ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ, ਮ੍ਰਿਤਕ ਨਸ਼ੇੜੀ ਸੀ ਜਿਸ ਤੋਂ ਬੱਚੇ ਕਾਫ਼ੀ ਪ੍ਰੇਸ਼ਾਨ ਸਨ। ਮ੍ਰਿਤਕ ਦੀ ਪਛਾਣ ਰਾਜਿੰਦਰ ਵਜੋਂ ਹੋਈ ਹੈ। ਉਹ ਕੂੜਾ ਚੁੱਕਣ ਦਾ ਕੰਮ ਕਰਦਾ ਸੀ। ਪੁਲੀਸ ਨੇ ਦੋਵਾਂ ਮੁਲਜ਼ਮਾਂ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਇਨ੍ਹਾਂ ਨੂੰ ਅੰਬਾਲਾ ਦੇ ਬਾਲ ਸੁਧਾਰ ਕੇਂਦਰ ਵਿੱਚ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਦੇ ਸੈਂਪਲ ਲਏ ਹਨ। ਪੁਲੀਸ ਅਨੁਸਾਰ ਇਸ ਨਸ਼ੇੜੀ ਵਿਅਕਤੀ ਬੱਚਿਆਂ ਨੂੰ ਗਾਲ੍ਹਾਂ ਕੱਢ ਰਿਹਾ ਸੀ। -ਪੱਤਰ ਪ੍ਰੇਰਕ
ਝਪਟਮਾਰੀ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਝਪਟਮਾਰੀਆਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੋਹਿਤ ਵਾਸੀ ਰਾਮ ਦਰਬਾਰ ਅਤੇ ਦੇਵ ਵਾਸੀ ਹੱਲੋਮਾਜਰਾ ਵਜੋਂ ਹੋਈ ਹੈ। ਇਹ ਕਾਰਵਾਈ ਥਾਣਾ ਸੈਕਟਰ-31 ਦੀ ਪੁਲੀਸ ਨੇ ਰਵਿੰਦਰ ਕੁਮਾਰ ਵਾਸੀ ਪਾਣੀਪਤ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤ ਕਰਤਾ ਨੇ ਕਿਹਾ ਕਿ ਉਹ ਟ੍ਰਿਬਿਊਨ ਚੌਕ ਦੇ ਨਜ਼ਦੀਕ ਤੋਂ ਗੁਜਰ ਰਿਹਾ ਸੀ ਤਾਂ ਦੋਵੇਂ ਮੁਲਜ਼ਮ ਉਸ ਦਾ ਮੋਬਾਈਲ ਫੋਨ ਝਪਟ ਕੇ ਫਰਾਰ ਹੋ ਗਏ ਸਨ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਟਨਸ
ਵਿਅਕਤੀ ਕਈ ਦਿਨਾਂ ਤੋਂ ਲਾਪਤਾ
ਮੰਡੀ ਗੋਬਿੰਦਗੜ੍ਹ: ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਨਜ਼ਦੀਕ ਤੋਂ ਲਾਪਤਾ ਹੋਏ 44 ਸਾਲਾ ਅਮਰਜੀਤ ਦਾ ਕੋਈ ਸੁਰਾਗ਼ ਨਹੀਂ ਮਿਲ ਸਕਿਆ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਸਥਾਨਕ ਪੁਲੀਸ ਨੂੰ ਵੀ ਇਤਲਾਹ ਦਿੱਤੀ ਹੈ। ਅਮਰਜੀਤ ਦੀ ਪਤਨੀ ਲਗਿਆਨੀ ਦੇਵੀ ਨੇ ਦੱਸਿਆ ਕਿ ਉਹ ਕਿਰਾਏ ’ਤੇ ਰਹਿੰਦੇ ਹਨ। ਉਸ ਦਾ ਪਤੀ ਕਰੀਬ ਦੋ ਮਹੀਨੇ ਪਹਿਲਾਂ ਘਰ ਦੀ ਛੱਤ ਤੋਂ ਡਿੱਗ ਗਿਆ ਸੀ ਜਿਸ ਕਰਕੇ ਉਸਦੇ ਸਿਰ ਵਿਚ ਸੱਟ ਲੱਗੀ ਸੀ ਅਤੇ ਉਹ ਘਰ ਹੀ ਰਹਿੰਦਾ ਸੀ। ਉਸ ਨੇ ਦੱਸਿਆ ਕਿ 26 ਸਤੰਬਰ ਨੂੰ ਦੁਪਹਿਰ ਸਮੇਂ ਘਰੋਂ ਚਲਾ ਗਿਆ ਜਿਸ ਦਾ ਕੋਈ ਪਤਾ ਨਹੀਂ ਲੱਗਿਆ। -ਨਿੱਜੀ ਪੱਤਰ ਪ੍ਰੇਰਕ
ਅਕਾਲੀ ਆਗੂ ਰੀਹਲ ਦਾ ਦੇਹਾਂਤ
ਐੱਸਏਐੱਸ ਨਗਰ (ਮੁਹਾਲੀ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਉਦਯੋਗਪਤੀ ਨਿਰਮਲ ਸਿੰਘ ਰੀਹਲ ਬੀਤੇ ਦਿਨੀਂ ਦੇਹਾਂਤ ਹੋ ਗਿਆ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ। ਨਿਰਮਲ ਸਿੰਘ ਰੀਹਲ ਦਾ ਅੰਤਿਮ ਸਸਕਾਰ ਅੱਜ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਜਥੇਦਾਰ ਅਮਰੀਕ ਸਿੰਘ ਮੁਹਾਲੀ, ਕੌਂਸਲਰ ਜਸਬੀਰ ਸਿੰਘ ਮਣਕੂ, ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ, ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸੂਰਤ ਸਿੰਘ ਕਲਸੀ, ਨਰਿੰਦਰ ਸਿੰਘ ਸੰਧੂ, ਪ੍ਰਦੀਪ ਸਿੰਘ ਭਾਰਜ, ਨਿਰਮਲ ਸਿੰਘ ਸਭਰਵਾਲ, ਅਰਜਨ ਸਿੰਘ ਸ਼ੇਰਗਿੱਲ ਆਦਿ ਸ਼ਰਧਾਂਜਲੀ ਭੇਟ ਕੀਤੀ। -ਪੱਤਰ ਪ੍ਰੇਰਕ