ਇਕ ਨਜ਼ਰ
07:30 AM Sep 08, 2024 IST
Advertisement
ਧੋਖਾਧੜੀ ਦੇ ਦੋਸ਼ ਵਿੱਚ ਫੜੇ ਭੈਣ-ਭਰਾ ਖ਼ਿਲਾਫ਼ ਦੋ ਹੋਰ ਕੇਸ ਦਰਜ
ਲੁਧਿਆਣਾ: ਪੁਲੀਸ ਵੱਲੋਂ ਕਰੋੜ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤੇ ਭੈਣ-ਭਰਾ ਖ਼ਿਲਾਫ਼ ਮਾਡਲ ਟਾਊਨ ਥਾਣੇ ਦੀ ਪੁਲੀਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਦੋ ਹੋਰ ਕੇਸ ਦਰਜ ਕੀਤੇ ਹਨ। ਇਸ ਸਬੰਧੀ ਜਸ਼ਨਦੀਪ ਸਿੰਘ ਵਾਸੀ ਪਿੰਡ ਸਿੱਖਾਵਾਲਾ ਕੋਟਕਪੂਰਾ ਨੇ ਦੱਸਿਆ ਕਿ ਦੋਹਾਂ ਜਣਿਆਂ ਨੇ ਹਮਮਸ਼ਵਰਾ ਹੋ ਕੇ ਉਸ ਪਾਸੋਂ ਯੂਕੇ ਵਰਕ ਪਰਮਿਟ ਦਾ ਵੀਜ਼ਾ ਲਗਵਾਉਣ ਸਬੰਧੀ 10 ਲੱਖ 10 ਹਜ਼ਾਰ ਰੁਪਏ ਲੈ ਲਏ ਪਰ ਉਸਦਾ ਵੀਜ਼ਾ ਨਹੀਂ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਜਿਸ ਕਾਰਨ ਉਸ ਨਾਲ ਧੋਖਾਧੜੀ ਕੀਤੀ ਗਈ ਹੈ। ਇਸੇ ਤਰ੍ਹਾਂ ਇੰਕਲਜੀਤ ਸਿੰਘ ਵਾਸੀ ਬੈਂਕ ਕਲੋਨੀ ਨੂਰਵਾਲਾ ਰੋਡ ਨੇ ਦੱਸਿਆ ਕਿ ਉਸਨੂੰ ਯੂਕੇ ਭੇਜਣ ਦੇ ਨਾਮ ’ਤੇ 7 ਲੱਖ 61 ਹਜ਼ਾਰ ਰੁਪਏ ਹਾਸਲ ਕਰਕੇ ਉਸ ਨਾਲ ਧੋਖਾਧੜੀ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ
ਲਾਟਰੀ ਦੀ ਆੜ ਹੇਠ ਸੱਟਾ ਲਾਉਂਦੇ ਚਾਰ ਕਾਬੂ
ਲੁਧਿਆਣਾ: ਪੁਲੀਸ ਨੇ ਚਾਰ ਵਿਅਕਤੀਆਂ ਨੂੰ ਲਾਟਰੀ ਦੀ ਆੜ ਹੇਠ ਸੱਟਾ ਲਗਾਉਂਦਿਆਂ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੋਤੀ ਨਗਰ ਦੇ ਥਾਣੇਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਟਰਾਂਸਪੋਰਟ ਨਗਰ ਕੱਟ ਜੀਟੀ ਰੋਡ ਪੁੱਲ ਹੇਠਾਂ ਮੌਜੂਦ ਸੀ ਕਿ ਪਤਾ ਲੱਗਾ ਕਿ ਮੁਕੇਸ਼ ਕੁਮਾਰ ਸਿੰਗਲਾ ਉਰਫ਼ ਰਿੰਕੂ ਅਤੇ ਸੰਜੇ ਗੁਪਤਾ ਸੱਟੇ ਦਾ ਕੰਮ ਕਰਦੇ ਹਨ। ਪੁਲੀਸ ਨੇ ਉਨ੍ਹਾਂ ਨੂੰ ਚੀਮਾ ਚੌਕ ਨੇੜੇ ਫਲਾਈਓਵਰ ਆਰ ਕੇ ਰੋਡ ’ਤੇ ਲਾਟਰੀ ਦੀ ਦੁਕਾਨ ਦੀ ਆੜ ਵਿੱਚ ਦੁਕਾਨ ਦੇ ਬਾਹਰ ਖੜ੍ਹ ਕੇ ਆਵਾਜ਼ਾਂ ਮਾਰ ਕੇ ਲਾਟਰੀ ਪਾਉਣ ਵਾਲੇ ਲੋਕਾਂ ਨੂੰ ਅਣ-ਅਧਿਕਾਰਤ ਲਾਟਰੀ ਸੱਟਾ ਲਗਾਉਂਦਿਆਂ ਕਾਬੂ ਕਰ ਕੇ ਉਨ੍ਹਾਂ ਪਾਸੋਂ 2210 ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਕਰ ਲਏ। ਇਸੇ ਤਰ੍ਹਾਂ ਪੁਲੀਸ ਨੇ ਨਰੇਸ਼ ਕੁਮਾਰ ਉਰਫ਼ ਸੋਨੂੰ ਅਤੇ ਤਿਲਕ ਰਾਜ ਨੂੰ ਛਾਪਾ ਮਾਰ ਕੇ ਸ਼ੇਰਪੁਰ ਮਾਰਕੀਟ ਨੇੜੇ ਪਿੱਪਲ ਦਾ ਦਰੱਖਤ ਲਾਟਰੀ ਦੁਕਾਨ ਦੀ ਆੜ ਹੇਠ ਅਣ-ਅਧਿਕਾਰਤ ਲਾਟਰੀ ਦੜਾ ਸੱਟਾ ਲਗਾਉਂਦਿਆਂ ਕਾਬੂ ਕਰ ਕੇ ਉਨ੍ਹਾਂ ਪਾਸੋਂ 1560 ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਹਨ।
ਭੇਤ-ਭਰੀ ਹਾਲਤ ਵਿੱਚ ਨਾਬਾਲਗ ਲੜਕਾ ਲਾਪਤਾ
ਲੁਧਿਆਣਾ: ਥਾਣਾ ਹੈਬੋਵਾਲ ਦੀ ਪੁਲੀਸ ਨੂੰ ਮੁਹੱਲਾ ਗੁਰੂ ਹਰਿਗੋਬਿੰਦ ਨਗਰ ਨੇੜੇ ਸੰਧੂ ਨਗਰ ਵਾਸੀ ਮੁਹੰਮਦ ਸਰਫੇ ਆਲਮ ਨੇ ਦੱਸਿਆ ਕਿ ਉਸਦਾ ਲੜਕਾ ਜੈਦ ਆਲਮ ਉਰਫ਼ ਜਮਜਮ (13 ਸਾਲ) ਗੁਰੂ ਹਰਿਗੋਬਿੰਦ ਨਗਰ ਸਥਿਤ ਮਦਰੱਸੇ ਵਿੱਚ ਪੜ੍ਹਨ ਲਈ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਉਸਦੀ ਕਾਫ਼ੀ ਭਾਲ ਕੀਤੀ ਗਈ ਪਰ ਕਿਧਰੇ ਨਹੀਂ ਮਿਲਿਆ। ਉਸਨੇ ਸ਼ੱਕ ਪ੍ਰਗਟ ਕੀਤਾ ਕਿ ਉਸਦੇ ਲੜਕੇ ਨੂੰ ਕਿਸੇ ਵਿਅਕਤੀ ਨੇ ਨਿੱਜੀ ਸਵਾਰਥ ਲਈ ਕਿਧਰੇ ਆਪਣੀ ਨਾਜਾਇਜ਼ ਹਿਰਾਸਤ ਵਿੱਚ ਲੁਕਾ ਕੇ ਰੱਖਿਆ ਹੋਇਆ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement