ਇਕ ਨਜ਼ਰ
ਜੂਆ ਖੇਡਦੇ ਦੋ ਵਿਅਕਤੀ ਕਾਬੂ
ਜਲੰਧਰ: ਸਿਟੀ ਪੁਲੀਸ ਨੇ ਜੂਏਬਾਜ਼ਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੱਜ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਪੁਲੀਸ ਡਿਵੀਜ਼ਨ 1 ਦੀ ਟੀਮ ਨੇ ਕੀਤੀ। ਗੁਲਾਬ ਦੇਵੀ ਰੋਡ ਨੇੜੇ ਮਾਰੇ ਗਏ ਛਾਪੇ ਦੌਰਾਨ ਪੁਲੀਸ ਵੱਲੋਂ ਫੜੇ ਗਏ ਵਿਅਕਤੀਆਂ ਦੀ ਪਛਾਣ ਕਰਨੈਲ ਸਿੰਘ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਅਤੇ ਸੋਨੂੰ ਵਾਸੀ ਹਰਦੋਈ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਗ੍ਰਿਫ਼ਤਾਰੀ ਸਮੇਂ ਦੋਵੇਂ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕਿਰਾਏਦਾਰ ਵਜੋਂ ਰਹਿ ਰਹੇ ਸਨ। ਕਾਰਵਾਈ ਦੌਰਾਨ ਪੁਲੀਸ ਨੇ 5,790 ਰੁਪਏ ਨਕਦ, ਇੱਕ ਲੈਪਟਾਪ, ਦੋ ਮਾਨੀਟਰ, ਦੋ ਸੀਪੀਯੂ ਅਤੇ ਤਿੰਨ ਥਰਮਲ ਪ੍ਰਿੰਟਰ ਬਰਾਮਦ ਕੀਤੇ ਹਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 1 ’ਚ ਕੇਸ ਦਰਜ ਕੀਤਾ ਗਿਆ ਹੈ। -ਪੱਤਰ ਪ੍ਰੇਰਕ
ਨਸ਼ੀਲੀਆਂ ਗੋਲੀਆਂ ਸਣੇ ਦੋ ਕਾਬੂ
ਤਰਨ ਤਾਰਨ: ਪੁਲੀਸ ਨੇ ਲੰਘੇ ਦਿਨ ਇਲਾਕੇ ਤੋਂ ਦੋ ਜਣਿਆਂ ਨੂੰ 1130 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਦੱਸਿਆ ਕਿ ਨਾਰਕੋਟਿਕ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਸਥਾਨਕ ਫੋਕਲ ਪੁਆਂਇੰਟ ਤੋਂ ਆਈ-10 ਕਾਰ ਸਵਾਰ ਨੂੰ ਕਾਬੂ ਕਰਕੇ ਉਸ ਕੋਲੋਂ ਟਰਮਾਡੋਲ ਦੀਆਂ 800 ਗੋਲੀਆਂ ਬਰਾਮਦ ਕੀਤੀਆਂ ਗਈਆਂ| ਮੁਲਜ਼ਮ ਦੀ ਸ਼ਨਾਖਤ ਖਾਲੜਾ ਵਾਸੀ ਸਤਨਾਮ ਸਿੰਘ ਵਜੋਂ ਹੋਈ ਹੈ। ਇਸ ਦੇ ਨਾਲ ਹੀ ਥਾਣਾ ਸਿਟੀ ਦੀ ਪੁਲੀਸ ਟੀਮ ਨੇ ਜੀਤਾ ਪੈਲੇਸ ਨੇੜਿਓਂ ਸਥਾਨਕ ਕਾਜੀਕੋਟ ਰੋਡ ਵਾਸੀ ਸੰਦੀਪ ਸਿੰਘ ਨੂੰ ਨੂੰ ਕਾਬੂ ਕਰਕੇ ਉਸ ਕੋਲੋਂ 300 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ| -ਪੱਤਰ ਪ੍ਰੇਰਕ
ਬੱਬੇਹਾਲੀ ਦਾ ਛਿੰਝ ਮੇਲਾ 30 ਤੋਂ
ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਵਿੱਚ ਬੱਬੇਹਾਲੀ ਦਾ ਦੋ ਰੋਜ਼ਾ ਛਿੰਝ ਮੇਲਾ 30 ਤੇ 31 ਅਗਸਤ ਨੂੰ ਮਨਾਇਆ ਜਾਵੇਗਾ। ਮੇਲੇ ਦੇ ਮੁੱਖ ਪ੍ਰਬੰਧਕ ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਮੇਲੇ ’ਚ ਹੋਣ ਵਾਲੀਆਂ ਖੇਡਾਂ ਦਾ ਉਦਘਾਟਨ 30 ਅਗਸਤ ਨੂੰ ਪਿੰਡ ਦੇ ਸਰਦਾਰ ਮਹਿੰਦਰ ਸਿੰਘ ਬੱਬੇਹਾਲੀ ਸਟੇਡੀਅਮ ’ਚ ਕੀਤਾ ਜਾਵੇਗਾ। ਦੂਜੇ ਦਿਨ 31 ਅਗਸਤ ਸ਼ਾਮ 4 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਨਾਮ ਵੰਡ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ ੇ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਕਬੱਡੀ ਦੇ ਸ਼ੋਅ ਮੈਚ ਹੋਣਗੇ ਤੇ ਵੱਖ-ਵੱਖ ਵਰਗ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। -ਨਿੱਜੀ ਪੱਤਰ ਪ੍ਰੇਰਕ