ਇਕ ਨਜ਼ਰ
ਦੋ ਬੱਚੇ ਭੇਤ-ਭਰੀ ਹਾਲਤ ’ਚ ਲਾਪਤਾ
ਲੁਧਿਆਣਾ: ਥਾਣਾ ਜੋਧੇਵਾਲ ਦੇ ਇਲਾਕੇ ਜੋਤ ਨਗਰ ਬਹਾਦੁਰਕੇ ਰੋਡ ਤੋਂ ਇੱਕ ਘਰ ਦੇ ਵਿਹੜੇ ਵਿੱਚ ਖੇਡਦੇ ਦੋ ਬੱਚੇ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਏ ਹਨ। ਇਸ ਸਬੰਧੀ ਕੇਤਕੀ ਗੌਤਮ ਪਤਨੀ ਸ਼ਿਆਮੂ ਨੇ ਦੱਸਿਆ ਕਿ ਉਸਦਾ ਲੜਕਾ ਆਯੂਸ਼ (12 ਸਾਲ) ਅਤੇ ਉਸਦੀ ਗੁਆਂਢਣ ਰੋਸ਼ਨ ਪਤਨੀ ਰਹਿਮਤ ਦਾ ਲੜਕਾ ਸ਼ਹਿਜਾਦ (ਨੌਂ ਸਾਲ) ਵਿਹੜੇ ਵਿੱਚ ਖੇਡ ਰਹੇ ਸਨ। ਕੁੱਝ ਸਮੇਂ ਬਾਅਦ ਜਦੋਂ ਉਨ੍ਹਾਂ ਵੇਖਿਆ ਤਾਂ ਦੋਵੇਂ ਬੱਚੇ ਵਿਹੜੇ ਵਿੱਚ ਨਹੀ ਸਨ। ਉਨ੍ਹਾਂ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੇ। ਉਸਨੇ ਸ਼ੱਕ ਪ੍ਰਗਟ ਕੀਤਾ ਕਿ ਦੋਵਾਂ ਬੱਚਿਆਂ ਨੂੰ ਕੋਈ ਅਗਵਾ ਕਰ ਕੇ ਲੈ ਗਿਆ ਹੈ। ਹੌਲਦਾਰ ਦਵਿੰਦਰ ਪਾਸੀ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ
ਦੜਾ ਸੱਟਾ ਲਾਉਂਦਾ ਕਾਬੂ
ਲੁਧਿਆਣਾ: ਥਾਣਾ ਸਾਹਨੇਵਾਲ ਦੀ ਪੁਲੀਸ ਨੇ ਦੜਾ ਸੱਟਾ ਲਗਾਉਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਹੌਲਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੂੰ ਗਸ਼ਤ ਦੌਰਾਨ ਪਤਾ ਲੱਗਾ ਕਿ ਵਰਿੰਦਰ ਕੁਮਾਰ ਅਤੇ ਰਾਮ ਦੁਲਾਰਾ ਲੇਬਰ ਚੌਕ ਲੁਹਾਰਾ ਰੋਡ ’ਤੇ ਘੁੰਮ-ਫਿਰ ਕੇ ਦੜ੍ਹਾ ਸੱਟਾ ਲਗਾ ਰਹੇ ਹਨ। ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਵਰਿੰਦਰ ਕੁਮਾਰ ਵਾਸੀ ਸਤਿਗੁਰ ਨਗਰ ਲੁਹਾਰਾ ਰੋਡ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 2750 ਰੁਪਏ ਦੇ ਕਰੰਸੀ ਨੋਟ, ਇੱਕ ਪੈਨ, ਇੱਕ ਗੱਤਾ ਪਰਚਾ ਦੜਾ ਸੱਟਾ ਬਰਾਮਦ ਕੀਤਾ ਗਿਆ ਹੈ। ਜਦਕਿ ਉਸਦੇ ਦੂਜੇ ਸਾਥੀ ਰਾਮ ਦੁਲਾਰਾ ਵਾਸੀ ਗੁਰੂ ਤੇਗ ਬਹਾਦਰ ਨਗਰ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਚੋਰੀ ਦੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਰਮੇਸ਼ ਕੁਮਾਰ ਵਾਸੀ ਸਰਾਭਾ ਨਗਰ ਨੇ ਦੱਸਿਆ ਹੈ ਕਿ ਉਸਨੇ ਆਪਣਾ ਮੋਟਰਸਾਈਕਲ ਗੁਰਦੁਆਰਾ ਸਾਹਿਬ ਸਰਾਭਾ ਨਗਰ ਦੇ ਸਾਹਮਣੇ ਲਾਕ ਲਗਾ ਕੇ ਖੜ੍ਹਾ ਕੀਤਾ ਸੀ, ਜਿਸਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ।ਭਾਲ ਕਰਨ ਤੇ ਪਤਾ ਲੱਗਾ ਕਿ ਮੋਟਰਸਾਈਕਲ ਜਗਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਚੋਰੀ ਕੀਤਾ ਹੈ। ਥਾਣੇਦਾਰ ਸੋਨਾ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਨੇ ਦੌਰਾਨੇ ਤਫ਼ਤੀਸ਼ ਹਰਪ੍ਰੀਤ ਸਿੰਘ ਵਾਸੀ ਪਿੰਡ ਨਥੂਵਾਲਾ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਉਕਤ ਮੋਟਰਸਾਈਕਲ ਬਰਾਮਦ ਕਰ ਲਿਆ। ਉਸਦੇ ਸਾਥੀ ਜਗਦੀਪ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਦੁਕਾਨ ’ਚੋਂ ਨਕਦੀ ਤੇ ਤਾਰਾਂ ਚੋਰੀ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 7 ਦੇ ਇਲਾਕੇ ਭੋਲਾ ਕਲੋਨੀ ਮੇਨ ਸਥਿਤ ਇੱਕ ਦੁਕਾਨ ਵਿੱਚੋਂ ਅਣਪਛਾਤੇ ਵਿਅਕਤੀ ਨਕਦੀ ਅਤੇ ਤਾਰਾਂ ਚੋਰੀ ਕਰਕੇ ਲੈ ਗਏ ਹਨ। ਮੁਹੱਲਾ ਸਟਾਰ ਸਿਟੀ ਕਲੋਨੀ ਟਿੱਬਾ ਰੋਡ ਵਾਸੀ ਸੋਹਨ ਪ੍ਰਸ਼ਾਦ ਨੇ ਦੱਸਿਆ ਕਿ ਇੱਕ ਐਕਟਿਵਾ ਸਕੂਟਰ ਸਵਾਰ ਵਿਅਕਤੀ ਉਸ ਦੀ ਦੁਕਾਨ ਦੇ ਗੱਲੇ ਵਿੱਚੋਂ 12 ਹਜ਼ਾਰ 500 ਰੁਪਏ ਅਤੇ ਇੱਕ ਬਿਜਲੀ ਦੀਆਂ ਤਾਰਾਂ ਦਾ ਬੰਡਲ ਚੋਰੀ ਕਰਕੇ ਲੈ ਗਿਆ ਹੈ। ਥਾਣੇਦਾਰ ਜਨਕ ਰਾਜ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਸਦਮਾ
ਲੁਧਿਆਣਾ: ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਗੁਰਦੁਆਰਾ ਸ਼ਹੀਦ (ਫੇਰੂਮਾਨ) ਚੌਕ ਢੋਲੇਵਾਲ ਦੇ ਪ੍ਰਧਾਨ ਬਲਵਿੰਦਰ ਸਿੰਘ ਲਾਇਲਪੁਰੀ ਨੂੰ ਉਸ ਸਮੇਂ ਸਦਮਾ ਲੱਗਿਆ, ਜਦੋਂਕਿ ਉਨ੍ਹਾਂ ਦੇ ਮਾਤਾ ਅੰਮ੍ਰਿਤ ਕੌਰ (93 ਸਾਲ) ਅੱਜ ਸ਼ਾਮ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ 28 ਅਗਸਤ ਸ਼ਾਮ 5 ਵਜੇ ਢੋਲੇਵਾਲ ਚੌਕ ਸਥਿਤ ਮਿਲਟਰੀ ਕੈਂਪ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ