ਇਕ ਨਜ਼ਰ
06:58 AM Aug 27, 2024 IST
ਸਰਪੰਚ ਸਮੇਤ ਦੋ ਖ਼ਿਲਾਫ਼ ਕੇਸ ਦਰਜ
ਜਗਰਾਉਂ: ਪਿੰਡ ਗੋਰਸੀਆਂ ਕਾਦਰ ਬਖਸ਼ ਦੇ ਸਕੂਲ ’ਚ ਕੁੱਝ ਵਿਅਕਤੀਆਂ ਵੱਲੋਂ ਵਿਦਿਆਰਥੀਆਂ ਨੂੰ ਕਮਰੇ ’ਚ ਬੰਦ ਕਰ ਕੇ ਕੁੱਟਮਾਰ ਕਰਨ ਦੇ ਮਾਮਲੇ ’ਚ ਉਸ ਵਕਤ ਨਵਾਂ ਮੋੜ ਆ ਗਿਆ ਜਦੋਂ ਪੁਲੀਸ ਨੇ ਇੱਕ ਵਿਦਿਆਰਥੀ ਦੇ ਬਿਆਨਾਂ ’ਤੇ ਸਰਪੰਚ ਅਤੇ ਇੱਕ ਹੋਰ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਵਿਦਿਆਰਥੀ ਅਰਸ਼ਦੀਪ ਸਿੰਘ ਵਾਸੀ ਪਿੰਡ ਗੋਰਸੀਆਂ ਖਾਨ ਮੁਹੰਮਦ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ’ਚ ਸਰਪੰਚ ਜਗਦੇਵ ਸਿੰਘ ਗੋਰਸੀਆਂ ਖਾਨ ਮੁਹੰਮਦ ਅਤੇ ਸੁਖਜੀਤ ਸਿੰਘ ਖਿਲਾਫ਼ ਦੋਸ਼ ਲਾਏ ਹਨ ਕਿ ਜਦੋਂ ਉਹ ਸਾਥੀਆਂ ਵਿਦਿਆਰਥੀ ਸੁੰਦਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਤੇ ਅਭੈ ਸਿੰਘ ਨਾਲ ਜਮਾਤ ’ਚ ਪੜ੍ਹ ਰਿਹਾ ਸੀ ਤਾਂ ਉੱਥੇ ਸਰਪੰਚ ਜਗਦੇਵ ਸਿੰਘ, ਸੁਖਜੀਤ ਸਿੰਘ ਅਤੇ ਹੋਰ ਚਾਰ-ਪੰਜ ਅਣਪਛਾਤੇ ਵਿਅਕਤੀ ਕਮਰੇ ’ਚ ਦਾਖ਼ਲ ਹੋਏ ਤੇ ਵਿਦਿਆਰਥੀਆਂ ਦੀ ਕਮਰਾ ਅੰਦਰੋਂ ਬੰਦ ਕਰ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਾਤੀ ਪ੍ਰਤੀ ਅਪਸ਼ਬਦ ਵੀ ਬੋਲੇ। ਉਸ ਨੇ ਦਿੱਤੀ ਸ਼ਿਕਾਇਤ ’ਚ ਇਹ ਵੀ ਦੋਸ਼ ਲਾਇਆ ਕਿ ਸਰਪੰਚ ਨੇ ਆਪਣੇ ਖੀਸੇ ਵਿੱਚੋਂ ਸਟਿੱਕ ਰਾਡ ਕੱਢ ਕੇ ਕੁੱਟਣ ਲਈ ਵਰਤੀ। ਪੁਲੀਸ ਨੇ ਦੋਵਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜਦੋਂ ਸਰਪੰਚ ਜਗਦੇਵ ਸਿੰਘ ਨਾਲ ਉਨ੍ਹਾਂ ਦਾ ਪੱਖ ਜਾਨਣ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਕੇਸ ਦੀ ਪੜਤਾਲ ਏਐੱਸਆਈ ਸੁਖਵਿੰਦਰ ਸਿੰਘ ਕਰ ਰਹੇ ਹਨ। -ਪੱਤਰ ਪ੍ਰੇਰਕ
ਸੱਟਾ ਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ, ਕੇਸ ਦਰਜ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਦੜਾ ਸੱਟਾ ਲਗਾਉਣ ਦੇ ਦੋਸ਼ ਤਹਿਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਸੁਖਦੇਵ ਰਾਜ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਸ਼ਨੀ ਦੇਵ ਮੰਦਰ ਦੇ ਪਾਸ ਨੇੜੇ ਸਿਵਲ ਹਸਪਤਾਲ ਮੌਜੂਦ ਸੀ ਤਾਂ ਜਤਿੰਦਰ ਸ਼ਰਮਾ ਵਾਸੀ ਅਮਰਪੁਰਾ ਨੂੰ ਛਾਪਾ ਮਾਰ ਕੇ ਦਿੱਲੀ ਰੇਲਵੇ ਲਾਈਨ ਨੇੜਿਓਂ ਉੱਚੀ ਆਵਾਜ਼ ਵਿੱਚ ਪਰਚੀ ਦੜਾ ਸੱਟਾ ਲਗਾਉਂਦਿਆਂ ਕਾਬੂ ਕਰ ਕੇ ਉਸ ਪਾਸੋਂ 1750 ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਗਏ। -ਨਿੱਜੀ ਪੱਤਰ ਪ੍ਰੇਰਕ
ਐਕਟਿਵਾ ਸਕੂਟਰ ਚੋਰੀ
ਲੁਧਿਆਣਾ: ਥਾਣਾ ਦੁੱਗਰੀ ਦੀ ਪੁਲੀਸ ਨੂੰ ਫੇਸ-1 ਅਰਬਨ ਅਸਟੇਟ ਦੁੱਗਰੀ ਵਾਸੀ ਰਾਜੀਵ ਕੌਰ ਨੇ ਦੱਸਿਆ ਕਿ ਉਸਨੇ ਆਪਣਾ ਐਕਟਿਵਾ ਸਕੂਟਰ ਐਮਜੀਐਮ ਸਕੂਲ ਦੇ ਬਾਹਰ ਸਬਜ਼ੀ ਮੰਡੀ ਨੇੜੇ ਤਾਲਾ ਲਗਾ ਕੇ ਖੜ੍ਹਾ ਕੀਤਾ ਸੀ, ਜਿਸਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
ਸਾਲੇ ਅਤੇ ਸਾਥੀ ’ਤੇ ਕੁੱਟਮਾਰ ਦਾ ਦੋਸ਼
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਉਸਦੇ ਸਾਲੇ ਅਤੇ ਇੱਕ ਸਾਥੀ ਖ਼ਿਲਾਫ਼ ਕੁੱਟਮਾਰ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸੈਕਟਰ 32-ਏ ਵਾਸੀ ਰਮਨਦੀਪ ਸਿੰਘ ਨੇ ਦੋਸ਼ ਲਾਇਆ ਕਿ ਉਸਦੇ ਸਾਲੇ ਲਵਪ੍ਰੀਤ ਸਿੰਘ ਅਤੇ ਉਸਦੇ ਸਾਥੀ ਕਰਮਵੀਰ ਸਿੰਘ ਨੇ ਉਸਦੇ ਘਰ ਆ ਕੇ ਭੰਨ-ਤੋੜ ਕਰਦਿਆਂ ਉਸ ਨਾਲ ਗਾਲੀ ਗਲੋਚ ਕਰ ਕੇ ਕੁੱਟਮਾਰ ਕੀਤੀ ਆਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਉਸਦੀ ਆਪਣੀ ਪਤਨੀ ਨਾਲ ਆਪਸੀ ਬਹਿਸ ਹੋ ਗਈ ਸੀ। ਪੁਲੀਸ ਵੱਲੋਂ ਲਵਪ੍ਰੀਤ ਸਿੰਘ ਅਤੇ ਕਰਮਵੀਰ ਸਿੰਘ ਵਾਸੀ ਬਰਫ਼ ਵਾਲੀ ਗਲੀ ਬਰਾਊਨ ਰੋਡ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
-ਨਿੱਜੀ ਪੱਤਰ ਪ੍ਰੇਰਕ
Advertisement
Advertisement