ਇਕ ਨਜ਼ਰ
ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ
ਫਗਵਾੜਾ: ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਬੀਨਾ ਕੁਮਾਰੀ ਪਤਨੀ ਅਸ਼ੋਕ ਕੁਮਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 28 ਜੁਲਾਈ ਨੂੰ ਉਸਦਾ ਪਤੀ ਅਸ਼ੋਕ ਕੁਮਾਰ ਆਪਣੇ ਘਰ ਦੀ ਗਲੀ ਦੇ ਬਾਹਰ ਖੜ੍ਹਾ ਸੀ ਕਿ ਹਿਤੇਸ਼ ਨਈਅਰ ਗਲੀ ’ਚੋਂ ਲੰਘ ਰਿਹਾ ਸੀ ਤੇ ਅਸ਼ੋਕ ਕੁਮਾਰ ਦੇ ਬਿਨਾਂ ਕਿਸੇ ਗੱਲੋਂ ਗਲ ਪੈ ਗਿਆ ਤੇ ਉਸ ਦੇ ਪਤੀ ਦੇ ਚਪੇੜਾਂ ਮਾਰੀਆਂ ਜਿਸ ਤੋਂ ਬਾਅਦ ਹਿਤੇਸ਼ ਦੀ ਮਾਤਾ ਨੇ ਘਰ ਆ ਕੇ ਰਾਜ਼ੀਨਾਮਾ ਕਰ ਲਿਆ। ਉਸ ਨੇ ਦੋਸ਼ ਲਾਇਆ ਕਿ ਅਗਲੇ ਦਿਨ ਹਿਤੇਸ਼ ਵੱਲੋਂ ਘਰ ਆ ਕੇ ਗਾਲੀ- ਗਲੋਚ ਕੀਤੀ ਤੇ ਉਸਦੇ ਪਤੀ ਦੀ ਕੁੱਟਮਾਰ ਕੀਤੀ ਗਈ ਜਿਸ ਸਬੰਧ ’ਚ ਪੁਲੀਸ ਨੇ ਹਿਤੇਸ਼ ਨਈਅਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ
ਖੇਤਾਂ ਵਿੱਚੋਂ ਇੱਕੋ ਰਾਤ ਚਾਰ ਟਰਾਂਸਫਾਰਮਰ ਚੋਰੀ
ਗੜ੍ਹਸ਼ੰਕਰ: ਪਿੰਡ ਚਾਹਿਲਪੁਰ ਅਤੇ ਮੋਇਲਾ ਵਾਹਦਪੁਰ ਦੇ ਖੇਤਾਂ ਵਿੱਚੋਂ ਇੱਕੋ ਰਾਤ ਚੋਰਾਂ ਵੱਲੋਂ ਚਾਰ ਟਰਾਂਸਫਾਰਮਰ ਚੋਰੀ ਕਰ ਲਏ ਗਏ ਹਨ। ਇਸ ਸਬੰਧੀ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਇਹ ਟਰਾਂਸਫਾਰਮਰ ਚੋਰੀ ਹੋਣ ਨਾਲ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਅਤੇ ਝੋਨੇ ਦੀ ਫ਼ਸਲ ਨੂੰ ਪਾਣੀ ਦੇਣ ਦਾ ਕੰਮ ਵੀ ਠੱਪ ਹੋ ਗਿਆ। ਇਸ ਮੌਕੇ ਓਂਕਾਰ ਸਿੰਘ ਚਾਹਲਪੁਰੀ ਨੇ ਦੱਸਿਆ ਕਿ ਟਰਾਂਸਫਾਰਮਰਾਂ ਦੀ ਇਹ ਚੋਰੀ ਪਰਵਾਸੀ ਭਾਰਤੀ ਸੁਰਜੀਤ ਸਿੰਘ, ਅਮਰਜੀਤ ਸਿੰਘ ਬੜਪੱਗਾ ਅਤੇ ਮਲਕੀਤ ਸਿੰਘ ਬੜਪੱਗਾ ਦੇ ਖੇਤਾਂ ਵਿੱਚੋਂ ਹੋਈ ਹੈ। ਉਨ੍ਹਾਂ ਕਿਹਾ ਕਿ ਚੋਰਾਂ ਵੱਲੋਂ ਬੇਖੌਫ ਹੋ ਕੇ ਟਰਾਂਸਫਾਰਮਰਾਂ ਤੋਂ ਇਲਾਵਾ ਤਾਰਾਂ ਅਤੇ ਬਿਜਲੀ ਦਾ ਹੋਰ ਸਾਮਾਨ ਵੀ ਚੋਰੀ ਕੀਤਾ ਗਿਆ ਹੈ। ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਚੋਰੀ ਸਬੰਧੀ ਗੜ੍ਹਸ਼ੰਕਰ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ
ਨਾਬਾਲਗ ਲੜਕੇ ਨਾਲ ਬਦਫੈਲੀ ਕਰਨ ਦੇ ਦੋਸ਼ ਹੇਠ ਕੇਸ ਦਰਜ
ਫਗਵਾੜਾ: ਇੱਕ ਨਾਬਾਲਗ ਲੜਕੇ ਨਾਲ ਬਦਫੈਲੀ ਕਰਨ ਦੇ ਦੋਸ਼ ਹੇਠ ਸਦਰ ਪੁਲੀਸ ਨੇ ਦੋ ਨੌਜਵਾਨਾਂ ਖਿਲਾਫ਼ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੇ ਲੜਕੇ ਦੀ ਉਮਰ ਕਰੀਬ 13 ਸਾਲ ਹੈ ਜੋ ਦੋ ਦਿਨਾਂ ਤੋਂ ਸਕੂਲ ਨਹੀਂ ਜਾ ਰਿਹਾ ਸੀ ਤੇ ਉਸ ਦੇ ਵਤੀਰੇ ’ਚ ਕਾਫ਼ੀ ਫ਼ਰਕ ਨਜ਼ਰ ਆ ਰਿਹਾ ਸੀ। ਇਸ ਸਬੰਧ ’ਚ ਉਨ੍ਹਾਂ ਆਪਣੇ ਪੁੱਤਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਸੀ ਤੇ ਉੱਥੇ ਰਾਤ ਰਿਹਾ ਸੀ ਜਿਸ ਦੌਰਾਨ ਉਸਦੇ ਦੋਸਤਾਂ ਵੱਲੋਂ ਉਸ ਨਾਲ ਗਲਤ ਕੰਮ ਕੀਤਾ ਗਿਆ। ਇਸ ਸਬੰਧ ’ਚ ਪੁਲੀਸ ਨੇ ਅਮਿਤ ਵਾਸੀ ਚੱਕ ਹਕੀਮ ਤੇ ਦੀਪਕ ਵਾਸੀ ਖੰਗੂੜਾ ਖਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ
ਮਹਿਲਾ ਪਾਸੋਂ ਬੈਗ ਖੋਹਿਆ
ਫਗਵਾੜਾ: ਇੱਕ ਮਹਿਲਾ ਪਾਸੋਂ ਬੈਂਗ ਖੋਹ ਕੇ ਲੈ ਜਾਣ ਦੇ ਸਬੰਧ ’ਚ ਸਿਟੀ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਧਾਰਾ 304 ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਰੇਸ਼ਮ ਕੌਰ ਪਤਨੀ ਅਸ਼ੋਕ ਕੁਮਾਰ ਵਾਸੀ ਮੁਹੱਲਾ ਗੋਬਿੰਦਪੁਰਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਗੋਬਿੰਦਪੁਰਾ ਤੋਂ ਸਕੂਲ ’ਚ ਪੜ੍ਹਦੇ ਬੱਚਿਆਂ ਲਈ ਲੇਬਰ ਕਲੋਨੀ ਮਾਰਕੀਟ ’ਚੋਂ ਸਾਮਾਨ ਲੈਣ ਲਈ ਗਈ ਸੀ ਤੇ ਜਦੋਂ ਉਹ ਕੂੜਾ ਡੰਪ ਪਾਸ ਪੁੱਜੀ ਤਾਂ ਇਸ ਦੌਰਾਨ ਇੱਕ ਨੌਜਵਾਨ ਉਸ ਦਾ ਬੈਗ ਖੋਹ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਜਸਕਰਨ ਖਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ
ਮਹਿਲਾ ਦੇ ਘਰੋਂ ਗਾਇਬ ਹੋਣ ਦੇ ਸਬੰਧ ’ਚ ਕੇਸ ਦਰਜ
ਫਗਵਾੜਾ: ਇੱਕ ਮਹਿਲਾ ਦੇ ਘਰੋਂ ਗਾਇਬ ਹੋਣ ਦੇ ਸਬੰਧ ’ਚ ਸਦਰ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਧਾਰਾ 127 (6) ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦਾ ਵਿਆਹ ਕਰੀਬ ਛੇ ਸਾਲ ਪਹਿਲਾਂ ਹੋਇਆ ਸੀ। ਉਸ ਨੇ ਦੋਸ਼ ਲਾਇਆ ਕਿ ਕੁੱਝ ਸਮੇਂ ਤੋਂ ਉਸਦੀ ਪਤਨੀ ਕਿਸੇ ਨਾਲ ਫੋਨ ’ਤੇ ਗੱਲਾਂ ਕਰਦੀ ਰਹਿੰਦੀ ਸੀ ਤੇ ਉਸ ਨਾਲ ਲੜਾਈ ਕਰਦੀ ਸੀ ਤੇ ਹੁਣ ਉਸਨੂੰ ਬਿਨਾਂ ਦੱਸੇ ਘਰੋਂ ਕਿਧਰੇ ਚਲੀ ਗਈ ਹੈ। ਇਸ ਸਬੰਧ ’ਚ ਪੁਲੀਸ ਨੇ ਸਾਹਿਲ ਕੁਮਾਰ ਉਰਫ਼ ਮੋਹਿਤ ਖਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ