ਇਕ ਨਜ਼ਰ
ਚੋਰੀ ਦੇ ਮੋਬਾਈਲਾਂ ਸਮੇਤ ਕਾਬੂ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ-1 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਚੋਰੀ ਦੇ ਮੋਬਾਈਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਹੌਲਦਾਰ ਕਿਰਨ ਕੁਮਾਰ ਨੇ ਦੱਸਿਆ ਕਿ ਪੁਲੀਸ ਗਸ਼ਤ ਦੇ ਸਬੰਧ ਵਿੱਚ ਲੋਕਲ ਬੱਸ ਅੱਡੇ ਨੇੜੇ ਮੌਜੂਦ ਸੀ। ਇਸ ਦੌਰਾਨ ਟਾਇਰ ਮਾਰਕੀਟ ਨੇੜੇ ਚੋਰੀ ਦੇ ਮੋਬਾਈਲ ਵੇਚਣ ਲਈ ਗਾਹਕਾਂ ਦੀ ਉਡੀਕ ਕਰਦਿਆਂ ਅਨੂਪ ਕੁਮਾਰ ਵਾਸੀ ਸ਼ੇਰਪੁਰ ਕਲਾਂ ਨੂੰ ਕਾਬੂ ਕਰਕੇ 2 ਮੋਬਾਈਲ ਬਰਾਮਦ ਕੀਤੇ ਹਨ। -ਨਿੱਜੀ ਪੱਤਰ ਪ੍ਰੇਰਕ
ਚੋਰੀ ਦੇ ਦੋਸ਼ ਹੇਠ ਕੇਸ ਦਰਜ
ਲੁਧਿਆਣਾ: ਥਾਣਾ ਸਾਹਨੇਵਾਲ ਦੇ ਇਲਾਕੇ ਕਰਮਜੀਤ ਨਗਰ ਸਥਿਤ ਇੱਕ ਫੈਕਟਰੀ ਵਿੱਚੋਂ ਅਣਪਛਾਤੇ ਵਿਅਕਤੀ ਸਾਮਾਨ ਚੋਰੀ ਕਰਕੇ ਲੈ ਗਏ ਹਨ। ਰਾਜਾ ਕੁਮਾਰ ਵਾਸੀ ਗਿਆਸਪੁਰਾ ਨੇ ਦੱਸਿਆ ਕਿ ਉਹ ਵਾਨਿਆ ਇੰਟਰਪ੍ਰਾਈਜ਼ ਦੇ ਨਾਮ ’ਤੇ ਸਕਰੈਪ ਦਾ ਕੰਮ ਕਰਦਾ ਹੈ। ਰਾਤ ਨੂੰ ਉਹ ਗੁਦਾਮ ਬੰਦ ਕਰਕੇ ਘਰ ਚਲਾ ਗਿਆ ਸੀ। ਅਗਲੇ ਦਿਨ ਸਵੇਰੇ ਆ ਕੇ ਦੇਖਿਆਂ ਤਾਂ ਗੁਦਾਮ ਵਿੱਚੋਂ ਪੰਜਾਹ ਕਿੱਲੋ ਪਿੱਤਲ ਤੇ ਤਾਂਬੇ ਦੀ ਸਕਰੈਪ ਗਾਇਬ ਸੀ। ਭਾਲ ਕਰਨ ’ਤੇ ਪਤਾ ਲੱਗਾ ਕਿ ਇਹ ਚੋਰੀ ਗੌਰਵ ਕੁਮਾਰ ਵਾਸੀ ਅੰਬੇਡਕਰ ਨਗਰ ਅਤੇ ਸੰਜੇ ਪਾਂਡੇ ਵਾਸੀ ਡਾਬਾ ਰੋਡ ਨੇ ਕੀਤੀ ਹੈ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ
ਨਾਜਾਇਜ਼ ਸ਼ਰਾਬ ਸਣੇ ਕਾਬੂ
ਲੁਧਿਆਣਾ: ਥਾਣਾ ਸਾਹਨੇਵਾਲ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐਂਟੀ ਨਾਰਕੋਟਿਕਸ ਸੈੱਲ-1 ਦੇ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਸਾਹਨੇਵਾਲ ਚੌਕ ਮੌਜੂਦ ਸੀ ਤਾਂ ਦਵਿੰਦਰ ਸਿੰਘ ਵਾਸੀ ਗੇਂਦਾ ਕਲੋਨੀ ਪਿੰਡ ਨੰਦਪੁਰ ਨੂੰ ਆਪਣੇ ਵਿਹੜੇ ਵਿੱਚ ਸ਼ਰਾਬ ਰੱਖ ਕੇ ਵੇਚਣ ਲਈ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰਕੇ ਉਸ ਪਾਸੋਂ 36 ਬੋਤਲਾਂ (3 ਪੇਟੀਆਂ) ਸ਼ਰਾਬ ਡਾਲਰ ਬਰਾਮਦ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ
ਕੈਦੀ ਤੋਂ ਮੋਬਾਈਲ ਮਿਲਿਆ
ਲੁਧਿਆਣਾ: ਥਾਣਾ ਸ਼ਿਮਲਾਪੁਰੀ ਦੇ ਇਲਾਕੇ ਵਿੱਚ ਸਥਿਤ ਆਬਜ਼ਰਵੇਸ਼ਨ ਹੋਮ ਦੇ ਇੱਕ ਬਾਲ ਕੈਦੀ ਤੋਂ ਮੋਬਾਈਲ ਬਰਾਮਦ ਕੀਤਾ ਹੈ। ਸੁਪਰਡੈਂਟ ਕਮਲਜੀਤ ਸਿੰਘ ਨੇ ਦੱਸਿਆ ਕਿ ਕੀਤੀ ਗਈ ਤਲਾਸ਼ੀ ਦੌਰਾਨ ਜੋਬਨਪ੍ਰੀਤ ਸਿੰਘ ਪਾਸੋਂ ਇੱਕ ਮੋਬਾਈਲ ਅਤੇ ਨੁਕੀਲੀ ਵਸਤੂ ਬਰਾਮਦ ਕੀਤੀ ਗਈ ਹੈ। ਥਾਣੇਦਾਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਜੇਲ੍ਹ ਨਿਯਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ