ਇਕ ਨਜ਼ਰ
ਬਿਨਾਂ ਲਾਇਲੈਂਸ ਹੁੱਕਾ ਫਲੇਵਰ ਵੇਚਣ ਦੇ ਦੋਸ਼ ਹੇਠ ਕਾਬੂ
ਲੁਧਿਆਣਾ: ਥਾਣਾ ਹੈਬੋਵਾਲ ਦੀ ਪੁਲੀਸ ਨੇ ਪਾਬੰਦੀਸ਼ੁਦਾ ਹੁੱਕਾ ਫਲੇਵਰ ਵੇਚਣ ਦੇ ਦੋਸ਼ ਤਹਿਤ ਇੱਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਹੈ। ਹੌਲਦਾਰ ਮਨਦੀਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਚਿੱਟੀ ਕੋਠੀ ਚੌਕ ਸਿਵਲ ਸਿਟੀ ਹੈਬੋਵਾਲ ਮੌਜੂਦ ਸੀ ਤਾਂ ਪਤਾ ਲੱਗਾ ਕਿ ਮੁਹੱਲਾ ਚੰਦਰ ਨਗਰ ਵਾਸੀ ਅਨੰਦ ਮੋਹਨ ਯਾਦਵ ਬਨਾਰਸੀ ਪਾਨ ਦੁਕਾਨ ਦਾ ਮਾਲਕ ਨੌਜਵਾਨ ਲੜਕਿਆਂ ਨੂੰ ਬਿਨਾਂ ਲਾਇਸੈਂਸ/ਪਰਮਿਟ ਦੇ ਹੁੱਕਿਆ ਦੇ ਫਲੇਵਰ ਵੇਚ ਰਿਹਾ ਹੈ। ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਉਸ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਉਸ ਪਾਸੋਂ ਇੱਕ ਹੁੱਕਾ ਬਰਾਮਦ ਕੀਤਾ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
ਵੀਹ ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਐਂਟੀ ਨਾਰਕੋਟਿਕ ਸੈੱਲ-2 ਦੀ ਪੁਲੀਸ ਨੇ ਇੱਕ ਜਣੇ ਨੂੰ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐਂਟੀ ਨਾਰਕੋਟਿਕ ਸੈੱਲ ਦੇ ਏਸੀਪੀ ਅਸ਼ੋਕ ਕੁਮਾਰ ਦੀ ਹਿਦਾਇਤ ’ਤੇ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਭੁਪਿੰਦਰ ਸਿੰਘ ਨੇ ਈਸ਼ਰ ਨਗਰ ਗਲੀ ਨੰਬਰ 9 ਵਿਲਕੂ ਫੈਕਟਰੀ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਰਾਣਾ ਕੁਮਾਰ ਵਾਸੀ ਸੁਖਦੇਵ ਨਗਰ ਗਰੇਵਾਲ ਕਲੋਨੀ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਸ ਦੇ ਥੈਲੇ ’ਚੋਂ20 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਮੁਲਜ਼ਮ ਖ਼ਿਲਾਫ਼ ਪੰਜਾਬ ਤੇ ਹਰਿਆਣਾ ਦੇ ਵੱਖ ਵੱਖ ਥਾਣਿਆਂ ਵਿੱਚ ਸੱਤ ਕੇ ਦਰਜ ਹਨ। -ਨਿੱਜੀ ਪੱਤਰ ਪ੍ਰੇਰਕ
ਵੱਖ-ਵੱਖ ਥਾਵਾਂ ਤੋਂ ਦੋ ਸਕੂਟਰ ਚੋਰੀ
ਲੁਧਿਆਣਾ: ਥਾਣਾ ਡਵੀਜ਼ਨ ਨੰਬਰ 5 ਦੇ ਇਲਾਕੇ ਵਿੱਚੋਂ ਅਣਪਛਾਤੇ ਵਿਅਕਤੀ ਇੱਕ ਐਕਟਿਵਾ ਸਕੂਟਰ ਅਤੇ ਇੱਕ ਜੁਪੀਟਰ ਸਕੂਟਰ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਫੇਸ-2 ਦੁੱਗਰੀ ਵਾਸੀ ਗੁਰਲਵਲੀਨ ਸਿੰਘ ਨੇ ਦੱਸਿਆ ਹੈ ਕਿ ਉਸਨੇ ਆਪਣਾ ਸਕੂਟਰ ਐਕਟਿਵਾ ਈਐੱਸਆਈ ਹਸਪਤਾਲ ਨੇੜੇ ਆਪਣੀ ਫਰਨੀਚਰ ਦੀ ਦੁਕਾਨ ਦੇ ਬਾਹਰ ਲਾਕ ਲਗਾ ਕੇ ਖੜ੍ਹਾ ਕੀਤਾ ਸੀ, ਜਿਸਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਉਸਨੇ ਦੱਸਿਆ ਹੈ ਕਿ ਇਸ ਸਮੇਂ ਹੀ ਸੁਦੇਸ਼ ਪਾਲ ਵਾਸੀ ਜਵਾਹਰ ਨਗਰ ਮਾਡਲ ਟਾਊਨ ਦੀ ਸਕੂਟਰੀ ਜੁਪੀਟਰ ਵੀ ਉਸਦੇ ਘਰ ਬਾਹਰੋਂ ਚੋਰੀ ਹੋ ਗਈ ਹੈ। -ਨਿੱਜੀ ਪੱਤਰ ਪ੍ਰੇਰਕ
ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਵਰਗਲਾਈ
ਲੁਧਿਆਣਾ: ਥਾਣਾ ਜਮਾਲਪੁਰ ਦੀ ਪੁਲੀਸ ਨੇ ਗੋਬਿੰਦ ਨਗਰ ਸਾਹਮਣੇ ਭਾਰਤ ਬੋਕਸ ਫੈਕਟਰੀ ਤਾਜਪੁਰ ਰੋਡ ਭਾਮੀਆਂ ਕਲਾਂ ਵਾਸੀ ਸੁਨੀਤਾ ਨੇ ਦੱਸਿਆ ਹੈ ਕਿ ਉਸਦੀ ਲੜਕੀ ਕਿਰਨ (16 ਸਾਲ) ਅਤੇ ਵਿਹੜੇ ਵਿੱਚ ਰਹਿੰਦੀ ਲੜਕੀ ਰਾਧਾ (17 ਸਾਲ) ਪੁੱਤਰੀ ਅਨਿਲ ਕੁਮਾਰ ਜੋ ਅਕਸਰ ਇਕੱਠੀਆਂ ਹੀ ਘਰ ਤੋਂ ਬਾਹਰ ਆਉਂਦੀਆਂ ਜਾਂਦੀਆਂ ਸਨ, ਜੋ ਘਰੋਂ ਬਿਨਾਂ ਦੱਸੇ ਕਿਧਰੇ ਚਲੀਆਂ ਗਈਆਂ ਹਨ। ਉਸਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸ ਦੀ ਲੜਕੀ ਤੇ ਉਸ ਦੀ ਸਹੇਲੀ ਨੂੰ ਕੋਈ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਕਿਧਰੇ ਲੈ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
ਚੋਰੀ ਦੇ ਮੋਟਰਸਾਈਕਲਾਂ ਸਣੇ ਤਿੰਨ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਡਵੀਜ਼ਨ ਨੰਬਰ 8 ਦੀ ਪੁਲੀਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਜਨਕ ਰਾਜ ਨੇ ਦੱਸਿਆ ਹੈ ਕਿ ਮੁਲਜ਼ਮ ਅਜੈ, ਸਮੀਰ ਅਤੇ ਅੰਸ਼ ਵਾਸੀਆਨ ਪ੍ਰੇਮ ਕਲੋਨੀ ਸਾਹਨੇਵਾਲ ਨੂੰ ਚੋਰੀ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਵੇਚਣ ਲਈ ਜਾਂਦਿਆਂ ਲੱਕੜ ਪੁੱਲ ਕੋਲੋਂ ਕਾਬੂ ਕਰ ਕੇ ਉਨ੍ਹਾਂ ਪਾਸੋਂ ਚੋਰੀ ਦੇ 2 ਮੋਟਰਸਾਈਕਲ ਬਰਾਮਦ ਕੀਤੇ ਹਨ। -ਨਿੱਜੀ ਪੱਤਰ ਪ੍ਰੇਰਕ