ਇਕ ਨਜ਼ਰ
ਆਈਆਰਬੀ ਜਵਾਨ ਦਾ ਰਿਵਾਲਵਰ ਲੈ ਗਏ ਲੁਟੇਰੇ
ਤਰਨ ਤਾਰਨ: ਇੰਡੀਅਨ ਰਿਜ਼ਰਵ ਬਟਾਲੀਅਨ (ਆਈਆਰਬੀ) ਦਾ ਮੁਲਾਜ਼ਮ ਕੰਵਰਪਾਲ ਸਿੰਘ ਲੁਟੇਰਿਆਂ ਦੀ ਹਮਦਰਦੀ ਦਾ ਪਾਤਰ ਬਣ ਨੇ ਉਨ੍ਹਾਂ ਤੋਂ ਆਪਣਾ ਲਾਇਸੈਂਸੀ ਰਿਵਾਲਵਰ ਗੁਆ ਬੈਠਾ ਹੈ| ਜਾਣਕਾਰੀ ਮੁਤਾਬਕ ਕੰਵਰਪਾਲ ਸਿੰਘ 4 ਜਨਵਰੀ ਨੂੰ ਸੁਰਸਿੰਘ ਤੋਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਕਿਸੇ ਸਮਾਗਮ ਤੋਂ ਆਪਣੇ ਘਰ ਘੰਨੂਪੁਰ ਛੇਹਰਟਾ (ਅੰਮ੍ਰਿਤਸਰ) ਪਰਤ ਰਿਹਾ ਸੀ ਜਿਸ ਦੌਰਾਨ ਉਸ ਨੇ ਆਪਣਾ ਲਾਇਸੈਂਸੀ ਰਿਵਾਲਵਰ ਕਾਰ ਦੇ ਡੈਸ਼ ਬੋਰਡ ਵਿੱਚ ਰੱਖਿਆ ਹੋਇਆ ਸੀ| ਇਸ ਦੌਰਾਨ ਉਸਦੀ ਕਾਰ ਗੱਗੋਬੂਆ ਦੇ ਡਿਵਾਈਡਰ ਨਾਲ ਟਕਰਾ ਗਈ ਜਿਸ ਕਾਰਨ ਉਸਦੇ ਸਿਰ ’ਤੇ ਸੱਟ ਲੱਗ ਗਈ ਤੇ ਉਸ ਨੂੰ ਚੱਕਰ ਆ ਗਿਆ| ਇੰਨੇ ਨੂੰ ਮੌਕੇ ’ਤੇ ਤਿੰਨ ਨਕਾਬਪੋਸ਼ ਆਏ ਜਿਨ੍ਹਾਂ ਉਸ ਨਾਲ ਹਮਦਰਦੀ ਕਰਦਿਆਂ ਉਸ ਨੂੰ ਕਾਰ ਵਿੱਚੋਂ ਬਾਹਰ ਕੱਢਿਆ| ਕੁਝ ਚਿਰ ਬਾਅਦ ਠੀਕ ਹੋਣ ’ਤੇ ਉਹ ਆਪਣੇ ਘਰ ਲਈ ਰਵਾਨਾ ਗਿਆ। ਉਸ ਨੇ ਘਰ ਜਾ ਕੇ ਦੇਖਿਆ ਤਾਂ ਉਸ ਦੇ ਕਾਰ ਦੇ ਡੈਸ਼ ਬੋਰਡ ਵਿੱਚੋਂ ਉਸ ਦਾ ਰਿਵਾਲਵਰ ਗਾਇਬ ਸੀ| ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਲਾਇਸੈਂਸੀ ਰਿਵਾਲਵਰ ਪਿੰਡ ਗੱਗੋਬੂਆ ਤੋਂ ਤਿੰਨ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ ਹਨ| ਇਸ ਸਬੰਧੀ ਝਬਾਲ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ| -ਪੱਤਰ ਪ੍ਰੇਰਕ
ਨੌਜਵਾਨ ਵੱਲੋਂ ਖ਼ੁਦਕੁਸ਼ੀ
ਫਗਵਾੜਾ: ਮੁਹੱਲਾ ਸੁਭਾਸ਼ ਨਗਰ ਵਿੱਚ ਇੱਕ 23 ਸਾਲਾ ਨੌਜਵਾਨ ਨੇ ਰੋਸ਼ਨਦਾਨ ਦੇ ਸਰੀਏ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਅੰਸ਼ ਵਜੋਂ ਹੋਈ ਹੈ। ਜਾਂਚ ਅਧਿਕਾਰੀ ਥਾਣੇਦਾਰ ਦਰਸ਼ਨ ਸਿੰਘ ਭੱਟੀ ਨੇ ਦੱਸਿਆ ਕਿ ਉਕਤ ਨੌਜਵਾਨ ਪ੍ਰੇਸ਼ਾਨ ਸੀ ਜਿਸ ਕਾਰਨ ਉਸਨੇ ਅਜਿਹਾ ਕਦਮ ਚੁੱਕਿਆ ਹੈ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। -ਪੱਤਰ ਪ੍ਰੇਰਕ
ਨਾਜਾਇਜ਼ ਸ਼ਰਾਬ ਸਮੇਤ ਕਾਬੂ
ਤਰਨ ਤਾਰਨ: ਥਾਣਾ ਭਿੱਖੀਵਿੰਡ ਦੇ ਪੁਲੀਸ ਅਧਿਕਾਰੀ ਏ ਐੱਸ ਆਈ ਸੁਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਪਿੰਡ ਬੈਂਕਾ ਦੇ ਵਾਸੀ ਜਗਤਾਰ ਸਿਘ ਜੱਗਾ ਦੇ ਘਰੋਂ 18,750 ਐੱਮ ਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ| ਪੁਲੀਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਆਬਕਾਰੀ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ| - ਪੱਤਰ ਪ੍ਰੇਰਕ
ਪੀਜੀ ਪ੍ਰਬੰਧਕਾਂ ਖਿਲਾਫ਼ ਕੇਸ ਦਰਜ
ਫਗਵਾੜਾ: ਸਤਨਾਮਪੁਰਾ ਪੁਲੀਸ ਨੇ ਦੋ ਪੀਜੀ ਪ੍ਰਬੰਧਕਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਚਹੇੜੂ ਚੌਕੀ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਾਹਮਣੇ ਆਇਆ ਕਿ ਰਾਜਾ ਗੈਸਟ ਹਾਊਸ ਪੀਜੀ ਤੇ ਬਾਠ ਅਪਾਰਟਮੈਂਟ ਪੀਜੀ ’ਚ ਜੋ ਵਿਦਿਆਰਥੀ ਰਹਿ ਰਹੇ ਸਨ ਜਿਸ ਸਬੰਧੀ ਪੀਜੀ ਪ੍ਰਬੰਧਕਾਂ ਵੱਲੋਂ ਪੁਲੀਸ ਕੋਲ ਸ਼ਨਾਖਤੀ ਕਾਰਡ ਜਮ੍ਹਾਂ ਨਹੀਂ ਕਰਵਾਏ ਗਏ ਸਨ। ਪੁਲੀਸ ਨੇ ਰਾਕੇਸ਼ ਕੁਮਾਰ ਵਾਸੀ ਭਾਣੋਕੀ ਤੇ ਜੀਤ ਸਿੰਘ ਵਾਸੀ ਚਹੇੜੂ ਖਿਲਾਫ਼ ਕੇਸ ਦਰਜ ਕੀਤਾ ਹੈ। - ਪੱਤਰ ਪ੍ਰੇਰਕ
ਘਰ ’ਚ ਦਾਖ਼ਲ ਹੋਇਆ ਵਿਅਕਤੀ ਕਾਬੂ
ਫਗਵਾੜਾ: ਇੱਕ ਵਿਅਕਤੀ ਦੇ ਘਰ ’ਚ ਚੋਰੀ ਕਰਨ ਦੀ ਨੀਅਤ ਨਾਲ ਦਾਖ਼ਲ ਹੋਏ ਇੱਕ ਵਿਅਕਤੀ ਖਿਲਾਫ਼ ਸਿਟੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦੀਨਾ ਨਾਥ ਚੌਹਾਨ ਨੇ ਦੱਸਿਆ ਕਿ ਉਹ ਪਾਣੀ ਭਰਨ ਲਈ ਕੁਆਰਟਰ ਗਿਆ ਹੋਇਆ ਸੀ ਕਿ ਇਸ ਦੌਰਾਨ ਇੱਕ ਨੌਜਵਾਨ ਉਸਦੇ ਘਰ ਅੰਦਰ ਵੜਨ ਲਈ ਕੰਧ ਟੱਪਿਆ ਜਿਸ ਨੂੰ ਉਨ੍ਹਾਂ ਵੱਲੋਂ ਮੌਕੇ ’ਤੇ ਫੜ ਲਿਆ ਗਿਆ। ਕਾਬੂ ਕੀਤੇ ਵਿਅਕਤੀ ਦੀ ਪਛਾਣ ਦਿਨੇਸ਼ ਕੁਮਾਰ ਵਾਸੀ ਮੋਤੀ ਬਾਜ਼ਾਰ ਵਜੋਂ ਹੋਈ ਹੈ। -ਪੱਤਰ ਪ੍ਰੇਰਕ