ਿੲਕ ਨਜ਼ਰ
ਨੌਜਵਾਨ ਨੇ ਫਾਹਾ ਲਿਆ
ਬਠਿੰਡਾ: ਇੱਥੇ ਪਰਸ ਰਾਮ ਨਗਰ ਗਲੀ ਨੰਬਰ-38 ਵਿੱਚ ਇੱਕ ਨੌਜਵਾਨ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸਾਹਿਲ ਸ਼ਰਮਾ (23) ਪੁੱਤਰ ਪੱਪੂ ਰਾਮ ਵਜੋਂ ਹੋਈ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ, ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। -ਪੱਤਰ ਪ੍ਰੇਰਕ
ਨਹਿਰ ਵਿੱਚ ਡੁੱਬੇ ਬੱਚੇ ਦੀ ਲਾਸ਼ ਮਿਲੀ
ਬਠਿੰਡਾ: ਸਰਹੰਦ ਨਹਿਰ ‘ਚ ਡੁੱਬੇ ਲੜਕੇ ਦੀ ਲਾਸ਼ 30 ਘੰਟਿਆਂ ਬਾਅਦ ਅੱਜ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਉਹ ਸ਼ਨਿਚਰਵਾਰ ਨੂੰ ਰਾਜੀਵ ਨਗਰ ਨਜ਼ਦੀਕ ਬਹਿਮਣ ਦੀਵਾਨਾ ਪੁਲ ਕੋਲ ਬਾਅਦ ਦੁਪਹਿਰ ਕੁਝ ਨੌਜਵਾਨ ਨਾਹ ਰਹੇ ਸਨ। ਇਸ ਦੌਰਾਨ ਨਹਿਰ ਵਿੱਚ ਰੁੜ੍ਹੇ ਦੋ ਜਣਿਆਂ ਨੂੰ ਸਥਾਨਕ ਲੋਕਾਂ ਨੇ ਬਚਾਅ ਲਿਆ ਤੇ ਇਕ ਡੁੱਬ ਗਿਆ ਸੀ। ਡੁੱਬੇ ਬੱਚੇ ਦੀ ਭਾਲ ਸਹਾਰਾ ਜਨ ਸੇਵਾ ਅਤੇ ਐਨਡੀਆਰਐਫ ਦੀ ਟੀਮ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ ਤੇ ਅੱਜ ਬੱਚੇ ਦੀ ਲਾਸ਼ ਨੂੰ ਬੀੜ ਤਲਾਬ ਚਿੜੀਆਘਰ ਦੇ ਕੋਲੋਂ ਕੱਢਿਆ ਗਿਆ ਹੈ। ਜਿਸ ਦੀ ਪਛਾਣ ਲਵਕੇਸ਼ ਕੁਮਾਰ ਪੁੱਤਰ ਸੀਤਾਰਾਮ ਵਾਸੀ ਗੋਪਾਲ ਨਗਰ ਬਠਿੰਡਾ ਵਜੋਂ ਹੋਈ ਹੈ। -ਪੱਤਰ ਪ੍ਰੇਰਕ
ਰਜਬਾਹੇ ‘ਚੋਂ ਲਾਸ਼ ਮਿਲੀ
ਬਠਿੰਡਾ: ਇੱਥੇ ਆਈਟੀਆਈ ਚੌਕ ਨੇੜਿਓਂ ਲੰਘਦੇ ਰਜਬਾਹੇ ‘ਚੋਂ ਇਕ ਅਣਪਛਾਤੇ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਕਿਸੇ ਰਜਵਾਹੇ ‘ਚ ਤੈਰ ਰਹੀ ਲਾਸ਼ ਵੇਖ ਕੇ ਇਸ ਦੀ ਸੂਚਨਾ ਸਹਾਰਾ ਸੰਸਥਾ ਨੂੰ ਦਿੱਤੀ। ਇਸ ਮਗਰੋਂ ਸਹਾਰਾ ਟੀਮ ਨੇ ਪੁਲੀਸ ਦੀ ਮੌਜੂਦਗੀ ‘ਚ ਲਾਸ਼ ਨੂੰ ਬਾਹਰ ਕੱਢਿਆ ਗਿਆ। ਲਾਸ਼ ਨੂੰ ਸਿਵਲ ਹਸਪਤਾਲ ਵਿਚਲੇ ਮੁਰਦਾ ਘਰ ‘ਚ ਰੱਖਵਾ ਦਿੱਤਾ ਹੈ। -ਨਿੱਜੀ ਪੱਤਰ ਪ੍ਰੇਰਕ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅੱਗ ਲੱਗੀ
ਫ਼ਿਰੋਜ਼ਪੁਰ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਬਿਜਲੀ ਦੀ ਸਪਲਾਈ ਵਾਲੇ ਇੱਕ ਕਮਰੇ ਵਿਚ ਅਚਾਨਕ ਅੱਗ ਲੱਗ ਗਈ। ਫ਼ਾਇਰ ਬ੍ਰਿਗੇਡ ਵੱਲੋਂ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਗਿਆ, ਜਿਸ ਕਰਕੇ ਨਾਲ ਲੱਗਦੇ ਸੁਵਿਧਾ ਕੇਂਦਰ ਅਤੇ ਹੋਰ ਦਫ਼ਤਰਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੱਗ ਲੱਗਣ ਨਾਲ ਲੱਖਾਂ ਰੁਪਏ ਦੇ ਮਹਿੰਗੇ ਉਪਕਰਨ ਸੜ ਗਏ ਦੱਸੇ ਜਾਂਦੇ ਹਨ। ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿੰਗ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ