ਇਕ ਨਜ਼ਰ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ
ਲੁਧਿਆਣਾ: ਥਾਣਾ ਡਵੀਜ਼ਨ ਨੰਬਰ 3 ਦੀ ਪੁਲੀਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮੁਹੱਲਾ ਫਤਿਹਗੰਜ ਵਾਸੀ ਸੁਮਿਤ ਮੱਗੋ ਨੇ ਦੱਸਿਆ ਕਿ ਪਟਿਆਲਾ ਰਹਿੰਦੀ ਇੱਕ ਔਰਤ ਸਣੇ ਚਾਰ ਜਣਿਆਂ ਨੇ ਉਸ ਨੂੰ ਪਰਿਵਾਰ ਸਣੇ ਇੰਗਲੈਡ ਵਰਕ ਵੀਜ਼ੇ ’ਤੇ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 29 ਲੱਖ ਰੁਪਏ ਹਾਸਲ ਕਰਕੇ ਉਸ ਨਾਲ ਧੋਖਾਧੜੀ ਕੀਤੀ ਹੈ। ਉਸ ਨੂੰ ਨਾ ਤਾਂ ਪਰਿਵਾਰ ਸਣੇ ਇੰਗਲੈਂਡ ਦਾ ਵਰਕ ਵੀਜ਼ਾ ਦਿੱਤਾ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਥਾਣੇਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫ਼ਰਾਰ
ਲੁਧਿਆਣਾ: ਥਾਣਾ ਸਦਰ ਦੇ ਇਲਾਕੇ ਸਰਾਭਾ ਨਗਰ ਐਕਸਟੈਨਸ਼ਨ ਫੇਜ਼-1 ਵਿੱਚ ਅਣਪਛਾਤੇ ਵਿਅਕਤੀ ਇੱਕ ਘਰ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਲੈ ਗਏ ਹਨ। ਇਸ ਸਬੰਧੀ ਬਲਜੀਤ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਅਤੇ ਨੂੰਹ ਸਵੇਰੇ ਆਪੋ-ਆਪਣੇ ਕੰਮ ’ਤੇ ਚਲੇ ਗਏ ਸੀ ਜਦਕਿ ਉਸ ਦੀ ਪਤਨੀ ਅਮਰਜੀਤ ਕੌਰ (60) ਘਰ ਵਿੱਚ ਇਕੱਲੀ ਹੀ ਸੀ। ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਘਰ ਅੰਦਰ ਦਾਖਲ ਹੋ ਕੇ ਅਲਮਰੀ ਵਿੱਚੋਂ ਨੂੰਹ ਦਾ ਸੋਨਾ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਹੌਲਦਾਰ ਹਰਵਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਵਿਆਹੁਤਾ ਦੀ ਸ਼ਿਕਾਇਤ ’ਤੇ ਪਤੀ ਤੇ ਸੱਸ ਖ਼ਿਲਾਫ਼ ਕੇਸ ਦਰਜ
ਲੁਧਿਆਣਾ: ਥਾਣਾ ਦੁੱਗਰੀ ਦੀ ਪੁਲੀਸ ਨੇ ਇੱਕ ਵਿਆਹੁਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਅਤੇ ਸੱਸ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੰਜਾਬ ਮਾਤਾ ਨਗਰ ਪੱਖੋਵਾਲ ਰੋਡ ਵਾਸੀ ਬਲਦੀਪ ਕੌਰ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਸਰਬਜੀਤ ਸਿੰਘ ਨਾਲ ਅਕਸਰ ਲੜਾਈ ਝਗੜਾ ਚਲਦਾ ਰਹਿੰਦਾ ਸੀ। ਉਸ ਦੇ ਪਤੀ ਨੇ ਉਸ ਤੋਂ ਪੈਸੇ ਮੰਗੇ ਅਤੇ ਮਨ੍ਹਾ ਕਰਨ ’ਤੇ ਪਤੀ ਨੇ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦੀ ਸੱਸ ਕੁਲਦੀਪ ਕੌਰ ਅਤੇ ਸਰਬਜੀਤ ਸਿੰਘ ਉਸ ਦੀ ਬੱਚੀ ਨੂੰ ਲੈ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਫ਼ਰਾਰ ਹੋ ਗਏ। ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਅਣ-ਅਧਿਕਾਰਤ ਕਲੋਨੀ ਕੱਟਣ ਦੇ ਦੋਸ਼ ਹੇਠ ਕੇਸ ਦਰਜ
ਲੁਧਿਆਣਾ: ਥਾਣਾ ਲਾਡੂਵਾਲ ਦੀ ਪੁਲੀਸ ਨੇ ਅਣ ਅਧਿਕਾਰਤ ਕਲੋਨੀ ਕੱਟਣ ਦੇ ਦੋਸ਼ ਤਹਿਤ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਰੋਹਿਤ ਬਾਂਸਲ ਜੂਨੀਅਰ ਇੰਜੀਨੀਅਰ ਰੈਗੂਲੇਟਰੀ ਦਫ਼ਤਰ ਵਧੀਕ ਮੁੱਖ ਪ੍ਰਸ਼ਾਸ਼ਕ ਗਲਾਡਾ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਪਿੰਡ ਬੱਗਾ ਕਲਾਂ ਦੀ ਜਮੀਨ ਵਿੱਚ ਗੁਰਦੀਪ ਸਿੰਘ, ਅਜੇ ਗੋਇਲ, ਮਹਿੰਦਰਪਾਲ ਸਿੰਘ, ਅਨੀਤਾ ਜੈਨ, ਮਨਮੀਤ ਚੱਢਾ, ਗੁਰਮੀਤ ਸਿੰਘ, ਸੁਦਾ ਅਰੋੜਾ ਤੇ ਗੌਤਮ ਨੇ ਬਿਨਾਂ ਕਿਸੇ ਮਨਜ਼ੂਰੀ ਦੇ ਕਲੋਨੀ ਕੱਟੀ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਡਾਕਟਰ ਦੀ ਕਾਰ ਵਿੱਚੋਂ ਸਾਮਾਨ ਚੋਰੀ
ਲੁਧਿਆਣਾ: ਥਾਣਾ ਡਵੀਜ਼ਨ ਨੰਬਰ 5 ਦੇ ਇਲਾਕੇ ਮਲਹਾਰ ਰੋਡ ਵਿੱਖੇ ਅਣਪਛਾਤੇ ਵਿਅਕਤੀ ਇੱਕ ਡਾਕਟਰ ਦੀ ਕਾਰ ਦਾ ਸ਼ੀਸ਼ਾ ਤੋੜਕੇ ਕਾਰ ਵਿੱਚੋਂ ਡਾਕਟਰੀ ਸਮਾਨ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਡਾ. ਅੰਕਿਤ ਗੁਪਤਾ ਨੇ ਦੱਸਿਆ ਕਿ ਉਹ ਆਪਣੀ ਕਾਰ ਗੋਪਾਲ ਸਵੀਟ ਹਾਊਸ ਮਲਹਾਰ ਰੋਡ ਸਰਾਭਾ ਨਗਰ ਦੇ ਬਾਹਰ ਖੜ੍ਹੀ ਕਰਕੇ ਅੰਦਰ ਚਲਾ ਗਿਆ ਸੀ। ਉਹ ਜਦੋਂ ਵਾਪਸ ਆਇਆ ਤਾਂ ਕਾਰ ਦਾ ਸ਼ੀਸਾ ਟੁੱਟਾ ਹੋਇਆ ਸੀ ਤੇ ਕਾਰ ਦੀ ਪਿਛਲੀ ਸੀਟ ਤੇ ਮਰੀਜ਼ਾਂ ਦੇ ਅਪਰੇਸ਼ਨ ਵਿੱਚ ਵਰਤਿਆ ਜਾਣ ਵਾਲਾ ਸਾਮਾਨ, ਜਿਸ ਦੀ ਕੀਮਤ 27 ਹਜ਼ਾਰ 492 ਰੁਪਏ ਹੈ ਗਾਇਬ ਸੀ। ਉਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
ਹਥਿਆਰ ਦਿਖਾ ਕੇ ਰਾਹਗੀਰ ਨੂੰ ਲੁੱਟਿਆ
ਲੁਧਿਆਣਾ: ਥਾਣਾ ਡਵੀਜ਼ਨ ਨੰਬਰ 5 ਦੇ ਇਲਾਕੇ ਵਿੱਚ ਦੋ ਵਿਅਕਤੀ ਇੱਕ ਰਾਹਗੀਰ ਨੂੰ ਲੁੱਟ ਕੇ ਲੈ ਗਏ ਹਨ। ਇਸ ਸਬੰਧੀ ਫੁੱਲਾਂਵਾਲ ਚੌਂਕ ਵਾਸੀ ਰਣਜੀਤ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਛੁੱਟੀ ਕਰਕੇ ਘਰ ਜਾ ਰਿਹਾ ਸੀ ਤਾਂ ਭਾਈਵਾਲਾ ਚੌਂਕ ਪਾਸ ਦੋ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਦਾਹ ਦਾ ਡਰਾਵਾ ਦਿੱਤਾ ਅਤੇ ਉਸ ਦਾ ਪਰਸ ਜਿਸ ਵਿੱਚ 600 ਰੁਪਏ, ਆਧਾਰ ਕਾਰਡ ਸੀ ਅਤੇ ਮੋਬਾਈਲ ਫੋਨ ਖੋਹ ਕੇ ਉਸ ਪਾਸੋਂ ਗੂਗਲ ਪੇਅ ’ਤੇ 2000 ਰੁਪਏ ਟ੍ਰਾਸਫਰ ਕਰਵਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਵੱਲੋਂ ਦੌਰਾਨੇ ਤਫ਼ਤੀਸ਼ ਹਰਪ੍ਰੀਤ ਸਿੰਘ ਵਾਸੀ ਭਾਟੀਆ ਪਾਰਕ ਅਬਦੁੱਲਾਪੁਰ ਬਸਤੀ ਅਤੇ ਸ਼ੰਕਰ ਕੁਮਾਰ ਵਾਸੀ ਟਾਂਗਾ ਸਟੈਡ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਨਾਬਾਲਗ ਨੂੰ ਵਰਗਲਾਉਣ ਦੇ ਦੋਸ਼ ਹੇਠ ਕੇਸ ਦਰਜ
ਲੁਧਿਆਣਾ: ਥਾਣਾ ਜਮਾਲਪੁਰ ਦੇ ਇਲਾਕੇ ਮਹਾਂਵੀਰ ਕਲੋਨੀ ਭਾਮੀਆਂ ਖੁਰਦ ਤੋਂ ਇੱਕ ਨੌਜਵਾਨ ਵਿਆਹ ਦੀ ਨੀਅਤ ਨਾਲ ਇੱਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ। ਇਸ ਸਬੰਧੀ ਲੜਕੀ ਦੇ ਪਿਤਾ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਖੁਸ਼ਬੂ ਘਰੋਂ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਲੈਣ ਲਈ ਗਈ ਸੀ ਪਰ ਵਾਪਸ ਨਹੀਂ ਪਰਤੀ। ਭਾਲ ਕਰਨ ’ਤੇ ਪਤਾ ਲੱਗਿਆ ਕਿ ਉਸ ਨੂੰ ਵਿਆਹ ਕਰਾਉਣ ਦੀ ਨੀਅਤ ਨਾਲ ਸ਼ਿਵਮ ਵਰਮਾ ਵਾਸੀ ਪ੍ਰਭੂ ਨਗਰ ਭਾਮੀਆਂ ਖੁਰਦ ਕਿਧਰੇ ਲੈ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਮਾਡਲ ਟਾਊਨ ’ਚ ਤਨਿਸ਼ਕ ਸਟੋਰ ਦਾ ਉਦਘਾਟਨ
ਲੁਧਿਆਣਾ: ਟਾਟਾ ਸਮੂਹ ਦੇ ਤਨਿਸ਼ਕ ਵੱਲੋਂ ਮਾਡਲ ਟਾਊਨ ਵਿੱਚ ਆਪਣੇ ਸ਼ਾਨਦਾਰ ਸਟੋਰ ਨੂੰ ਫਿਰ ਤੋਂ ਲਾਂਚ ਕਰਕੇ ਗਾਹਕਾਂ ਲਈ ਤਿਉਹਾਰੀ ਸੀਜ਼ਨ ਦੌਰਾਨ ਕਈ ਛੋਟਾਂ ਦਾ ਐਲਾਨ ਕੀਤਾ ਗਿਆ ਹੈ। ਅੱਜ ਤਨਿਸ਼ਕ ਦੇ ਕੌਮੀ ਮੈਨੇਜਰ ਸੁਨੀਲ ਰਾਜ, ਨਾਰਥ 3 ਦੇ ਰੀਜ਼ਨਲ ਬਿਜ਼ਨਸ ਮੈਨੇਜਰ ਆਸ਼ੀਸ਼ ਤਿਵਾਰੀ ਅਤੇ ਫ੍ਰੈਂਚਾਇਜ਼ੀ ਸਹਿਯੋਗੀ ਕਮਲਦੀਪ ਸਿੰਘ ਕਟਾਰੀ ਨੇ ਰਲ ਕੇ ਸਟੋਰ ਦਾ ਉਦਘਾਟਨ ਕੀਤਾ। ਇਸ ਮੌਕੇ ਤਨਿਸ਼ਕ ਦੇ ਕੌਮੀ ਮੈਨੇਜਰ ਸੁਨੀਲ ਰਾਜ ਨੇ ਦੱਸਿਆ ਕਿ ਇਸ ਰਿਲਾਂਚ ਮੌਕੇ ਗਾਹਕਾਂ ਲਈ ਤਨਿਸ਼ਕ ਨੇ ਆਕਰਸ਼ਕ ਆਫ਼ਰ ਦਾ ਐਲਾਨ ਕੀਤਾ ਹੈ। -ਨਿੱਜੀ ਪੱਤਰ ਪ੍ਰ੍ੇਰਕ