ਟਰਾਂਸਪੋਰਟ ਮੰਤਰੀ ਵੱਲੋਂ ਅੰਬਾਲਾ ਨੂੰ ਲੋਕਲ ਬੱਸ ਸੇਵਾ ਦਾ ਤੋਹਫ਼ਾ
ਰਤਨ ਿਸੰਘ ਢਿੱਲੋਂ
ਅੰਬਾਲਾ, 1 ਨਵੰਬਰ
ਹਰਿਆਣਾ ਦੇ ਮੰਤਰੀ ਅਨਿਲ ਵਿੱਜ ਨੇ ਅੱਜ ਹਰਿਆਣਾ ਦਿਵਸ ’ਤੇ ਅੰਬਾਲਾ ਛਾਉਣੀ ਅਤੇ ਸ਼ਹਿਰ ਦੇ ਲੱਖਾਂ ਲੋਕਾਂ ਨੂੰ 20 ਸਾਲਾਂ ਬਾਅਦ ਲੋਕਲ ਬੱਸ ਸੇਵਾ ਦਾ ਤੋਹਫ਼ਾ ਦਿੱਤਾ ਹੈ ਅਤੇ ਜਲਦੀ ਹੀ ਇਲੈਕਟ੍ਰਿਕ ਬੱਸ ਸੇਵਾ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ।
ਸ੍ਰੀ ਵਿੱਜ ਨੇ ਸ਼ੁੱਕਰਵਾਰ ਨੂੰ ਹਰਿਆਣਾ ਰਾਜ ਟਰਾਂਸਪੋਰਟ ਵਿਭਾਗ ਵੱਲੋਂ ਅੰਬਾਲਾ ਛਾਉਣੀ ਦੇ ਰੈਸਟ ਹਾਊਸ ਨੇੜੇ ਕਰਵਾਏ ਪ੍ਰੋਗਰਾਮ ਦੌਰਾਨ ਅੰਬਾਲਾ ਛਾਉਣੀ ਅਤੇ ਸ਼ਹਿਰ ਲਈ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ ਚਾਰ ਮਿਨੀ ਬੱਸਾਂ ਨੂੰ ਹਰੀ ਝੰਡੀ ਦੇ ਕੇ ਬੱਸ ਸੇਵਾ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ 1 ਨਵੰਬਰ 1966 ਨੂੰ ਪੰਜਾਬ ਤੋਂ ਵੱਖ ਹੋਣ ਤੋਂ ਬਾਅਦ ਹਰਿਆਣਾ ਸੂਬਾ ਤਰੱਕੀ ਦੇ ਰਾਹ ’ਤੇ ਕਾਫ਼ੀ ਅੱਗੇ ਵਧਿਆ ਹੈ ਅਤੇ ਹੁਣ ਵੱਡੇ ਭਰਾ ਪੰਜਾਬ ’ਤੇ ਤਰਸ ਆਉਣ ਲੱਗਾ ਹੈ। ਅਨਿਲ ਵਿੱਜ ਨੇ ਕਿਹਾ ਕਿ ਜੇ ਸਾਨੂੰ ਐੱਸਵਾਈਐੱਲ ਦੇ ਪਾਣੀ ’ਤੇ ਹੱਕ ਮਿਲ ਜਾਂਦਾ ਤਾਂ ਇੱਥੋਂ ਦੇ ਕਿਸਾਨਾਂ ਨੇ ਵੱਧ ਤੋਂ ਵੱਧ ਫ਼ਸਲਾਂ ਉਗਾਉਣੀਆਂ ਸਨ।
ਉਨ੍ਹਾਂ ਕਿਹਾ ਕਿ ਹਰਿਆਣਾ ਦਿਵਸ ਮੌਕੇ ਸ਼ਹਿਰ ਵਾਸੀਆਂ ਨੂੰ ਲੋਕਲ ਬੱਸ ਸੇਵਾ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਬਾਰੇ ਲੋਕਾਂ ਦੇ ਸੁਝਾਅ ਵੀ ਮੰਗੇ ਗਏ ਹਨ ਜਿਨ੍ਹਾਂ ਤੋਂ ਬਾਅਦ ਰੂਟਾਂ ਵਿਚ ਸੁਧਾਰ ਕੀਤਾ ਜਾਵੇਗਾ। ਇਹ ਬੱਸ ਸੇਵਾ ਹਰ ਘੰਟੇ ਬਾਅਦ ਮਿਲੇਗੀ ਅਤੇ ਕਿਰਾਇਆ 10 ਤੋਂ 25 ਰੁਪਏ ਤੱਕ ਰੱਖਿਆ ਗਿਆ ਹੈ। ਵਿੱਜ ਨੇ ਕਿਹਾ ਕਿ ਇਨ੍ਹਾਂ ਰੂਟਾਂ ਤੇ ਵਿਦੇਸ਼ਾਂ ਦੀ ਤਰਜ਼ ’ਤੇ ਬੱਸ ਸਟੈਂਡ ਅਤੇ ਬੱਸ ਸ਼ੈਲਟਰ ਬਣਾਏ ਜਾਣਗੇ।