ਪਰਵਾਸੀ ਪੰਜਾਬੀ ਗੁਰਸ਼ਰਨ ਸਿੰਘ ਅਜੀਬ ਦਾ ਗ਼ਜ਼ਲ ਸੰਗ੍ਰਹਿ ‘ਬੰਦਗੀ’ ਲੋਕ ਅਰਪਣ
ਖੇਤਰੀ ਪ੍ਰਤੀਨਿਧ
ਐਸ.ਏ.ਐਸ. ਨਗਰ (ਮੁਹਾਲੀ), 9 ਜੂਨ
ਕਵੀ ਮੰਚ ਮੁਹਾਲੀ ਵੱਲੋਂ ਇੱਥੋਂ ਦੇ ਫੇਜ਼-1 ਦੇ ਸ਼ਾਸਤਰੀ ਮਾਡਲ ਸਕੂਲ ਵਿੱਚ ਕਰਵਾਏ ਗਏ ਸਾਹਿਤਕ ਸਮਾਗਮ ਵਿੱਚ ਨਾਮਵਰ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ (ਲੰਡਨ) ਦੇ 176 ਗ਼ਜ਼ਲਾਂ ਵਾਲੇ ਪੰਜਵੇਂ ਗ਼ਜ਼ਲ-ਸੰਗ੍ਰਹਿ ‘ਬੰਦਗੀ’ ਨੂੰ ਲੋਕ ਅਰਪਣ ਕੀਤਾ ਗਿਆ।
ਪੁਸਤਕ ਦੀ ਘੁੰਡ ਚੁਕਾਈ ਲੇਖਕ ਦੀ ਨੂੰਹ ਕਵਿਤਾ ਦੀ ਹਾਜ਼ਰੀ ਵਿੱਚ ਮੁੱਖ ਮਹਿਮਾਨ ਤੇ ਗ਼ਜ਼ਲਗੋ ਗੁਰਦਿਆਲ ਰੌਸ਼ਨ, ਸਿਰੀ ਰਾਮ ਅਰਸ਼, ਮਨਜੀਤ ਇੰਦਰਾ, ਅਸ਼ੋਕ ਨਾਦਿਰ ਤੇ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਨੇ ਕੀਤੀ। ਅਸ਼ੋਕ ਨਾਦਿਰ ਨੇ ਪੁਸਤਕ ਸਬੰਧੀ ਪਰਚਾ ਪੜ੍ਹਿਆ। ਮਨਜੀਤ ਇੰਦਰਾ ਨੇ ਕਿਹਾ ਕਿ ਇਹੋ ਜਿਹੀ ਮਿਆਰੀ ਪੁਸਤਕਾਂ ਦੀ ਸਮਾਜ ਨੂੰ ਲੋੜ ਹੈ। ਗੁਰਦਿਆਲ ਰੌਸ਼ਨ ਨੇ ਕਿਹਾ ਕਿ ਗ਼ਜ਼ਲਾਂ ਸੁਰ ਤਾਲ ਤੇ ਲੈਅ ਵਿੱਚ ਹਨ। ਸਿਰੀ ਰਾਮ ਅਰਸ਼ ਨੇ ਕਿਹਾ ਕਿ ਲੇਖਕ ਨੇ ਗ਼ਜ਼ਲਾਂ ਆਪਣੇ ਜੀਵਨ ਦੇ ਤਜ਼ਰਬੇ ਨੂੰ ਮੁੱਖ ਰੱਖਦੇ ਹੋਏ ਲਿਖੀਆਂ ਹਨ ਅਤੇ ਇਹ ਪੁਸਤਕ ਲਾਇਬ੍ਰੇਰੀਆਂ ਵਿੱਚ ਸਾਂਭਣਯੋਗ ਹੈ। ਮੰਚ ਦੇ ਪ੍ਰਧਾਨ ਸ੍ਰੀ ਰੰਗਾੜਾ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜੀਬ ਜੀ ਨੇ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਗ਼ਜ਼ਲਾਂ ਲਿਖੀਆਂ ਹਨ ਜੋ ਕਿ ਇੱਕ ਰਿਕਾਰਡ ਹੈ। ਦੂਜੇ ਦੌਰ ਵਿੱਚ ਕਵੀ ਦਰਬਾਰ ਵਿੱਚ ਧਿਆਨ ਸਿੰਘ ਕਾਹਲੋਂ, ਰਣਜੋਧ ਸਿੰਘ ਰਾਣਾ, ਬਲਦੇਵ ਸਿੰਘ ਪ੍ਰਦੇਸੀ, ਅਜਮੇਰ ਸਾਗਰ, ਬਲਬੀਰ ਸਿੰਘ ਸਰੋਆ, ਜਗਤਾਰ ਸਿੰਘ ਜੋਗ, ਦੀਪਕ ਰਿਖੀ, ਰਾਜ ਕੁਮਾਰ ਸਾਹੋਵਾਲੀਆ, ਸਿਮਰਜੀਤ ਕੌਰ ਗਰੇਵਾਲ, ਸਿਰੀ ਰਾਮ ਅਰਸ਼ ਆਦਿ ਨੇ ਭਾਗ ਲਿਆ।