For the best experience, open
https://m.punjabitribuneonline.com
on your mobile browser.
Advertisement

ਲਾਹੌਰ ’ਚ ਸਜੀ ਯਾਦਾਂ ਦੀ ਮਹਿਫ਼ਿਲ

08:37 AM Feb 02, 2025 IST
ਲਾਹੌਰ ’ਚ ਸਜੀ ਯਾਦਾਂ ਦੀ ਮਹਿਫ਼ਿਲ
ਲਾਹੌਰ ’ਚ ਹੋਈ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਦੋਵੇਂ ਪੰਜਾਬਾਂ ਦੇ ਅਦੀਬ ਅਤੇ (ਸੱਜੇ) ਬਾਬੂ ਰਜਬ ਅਲੀ ਦੀ ਪੋਤੀ ਰਿਹਾਨਾ ਨਾਲ ਅਦਾਕਾਰਾ ਸੁਨੀਤਾ ਧੀਰ। ਫੋਟੋਆਂ: ਲੇਖਕ
Advertisement

ਗੁਰਪ੍ਰੀਤ ਸਿੰਘ ਤੂਰ

ਲਾਹੌਰ ਵਿਖੇ ਹਾਲ ਹੀ ’ਚ ਕਰਵਾਈ ਗਈ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸੂਫ਼ੀਮੱਤ ਨੂੰ ਸਮਰਪਿਤ ਸੀ। 64 ਸਾਹਿਤਕਾਰ, ਬੁੱਧੀਜੀਵੀ ਤੇ ਕਲਾਕਾਰ 18 ਜਨਵਰੀ ਦੀ ਸ਼ਾਮ ਨੂੰ ਲਾਹੌਰ ਪਹੁੰਚੇ। ਲਾਹੌਰ ਦੀ ਧਰਤੀ ’ਤੇ ਪਹਿਲਾ ਕਦਮ ਧਰਦਿਆਂ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਵੱਲ ਸਿਜਦਾ ਕੀਤਾ। ਉਨ੍ਹਾਂ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹੋਟਲ ਦੀਆਂ ਪੌੜੀਆਂ ਚੜ੍ਹਦਿਆਂ ਸਿੱਖ ਰਾਜ ਦਾ ਸਮਾਂ ਰੂਹ ਵਿਚਦੀ ਲੰਘਿਆ ਜਾਪਿਆ। ਚਾਰ-ਚੁਫ਼ੇਰੇ ਨਜ਼ਰ ਘੁੰਮਾਇਆਂ ਇਤਿਹਾਸਕ ਘਟਨਾਵਾਂ, ਹੁਲਾਰਿਆਂ ਤੇ ਪਛਤਾਵਿਆਂ ਦੀਆਂ ਲਹਿਰਾਂ ਮਨ ਦੇ ਤਲ ’ਤੇ ਤੈਰਨ ਲੱਗੀਆਂ।
ਇਹ ਕਾਨਫਰੰਸ ਬਾਬਾ ਸ਼ੇਖ਼ ਫਰੀਦ ਤੋਂ ਗ਼ੁਲਾਮ ਫ਼ਰੀਦ ਤੱਕ ਦੇ ਸੂਫ਼ੀ ਸਫ਼ਰ ਨੂੰ ਸਮਰਪਿਤ ਸੀ। ਸੂਫ਼ੀਮੱਤ ਦੀਆਂ ਧਾਰਨਾਵਾਂ, ਸਿੱਖਿਆਵਾਂ ਅਤੇ ਮੌਜੂਦਾ ਸਮੇਂ ਦੌਰਾਨ ਇਸ ਦੀ ਅਹਿਮੀਅਤ ਨੂੰ ਪਛਾਣਿਆ ਤੇ ਵਿਚਾਰਿਆ ਗਿਆ। ਸੂਫ਼ੀਮੱਤ ਵਿੱਚ ਔਰਤ ਦਾ ਯੋਗਦਾਨ ਆਖ਼ਰੀ ਦਿਨ ਦਾ ਮੁੱਖ ਵਿਸ਼ਾ ਸੀ। ਤਿੰਨ ਦਿਨਾਂ ਕਾਨਫਰੰਸ ਦੌਰਾਨ ਜਨਾਬ ਫ਼ਖ਼ਰ ਜ਼ਮਾਨ ਤੇ ਡਾ. ਦੀਪਕ ਮਨਮੋਹਨ ਪੂਰਾ ਸਮਾਂ ਤਿੰਨੋਂ ਦਿਨ ਸਟੇਜ ’ਤੇ ਅਡੋਲ ਬੈਠੇ ਰਹੇ। ਸਹਿਜਪ੍ਰੀਤ ਸਿੰਘ ਮਾਂਗਟ ਨੇ ਕਾਨਫਰੰਸ ਦੌਰਾਨ ਪ੍ਰੋਗਰਾਮ ਨੂੰ ਬਹੁਤਾ ਸਮਾਂ ਖੜ੍ਹ ਕੇ ਸਿਰੜ ਨਾਲ ਨਿਭਾਇਆ। ਆਖ਼ਰੀ ਦਿਨ ਕਾਨਫਰੰਸ ਦੇ 12 ਨੁਕਾਤੀ ਐਲਾਨਨਾਮੇ ਅਨੁਸਾਰ ਸਕੂਲਾਂ ਵਿੱਚ ਪ੍ਰਾਇਮਰੀ ਤੋਂ ਪੰਜਾਬੀ ਲਾਜ਼ਮੀ ਹੋਣ ਅਤੇ ਗ੍ਰੈਜੂਏਸ਼ਨ ਤੱਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਏ ਜਾਣ; ਪੰਜਾਬੀ ਭਾਸ਼ਾ ਨੂੰ ਮਾਨਤਾ ਦੇਣ ਤੇ ਸਰਕਾਰੀ ਦਫ਼ਤਰਾਂ ਵਿੱਚ ਇਸ ਦੀ ਵਰਤੋਂ ਲਾਜ਼ਮੀ ਬਣਾਉਣ; ਪੰਜਾਬੀ ਅਦਾਰਿਆਂ ਨੂੰ ਆਰਥਿਕ ਮੱਦਦ ਦੇਣ ਦਾ ਵਸੀਲਾ ਹੋਣ ਅਤੇ ਸਾਹਿਤਕਾਰਾਂ, ਬੁੱਧੀਜੀਵੀਆਂ ਤੇ ਕਲਾਕਾਰਾਂ ਲਈ ਵੀਜ਼ਾ ਪ੍ਰਣਾਲੀ ਸੁਖਾਲੀ ਬਣਾਉਣ ਦੀ ਅਪੀਲ ਕੀਤੀ ਗਈ।
ਵਿਸ਼ੇ ਤੋਂ ਵਧ ਕੇ ਅਜਿਹੇ ਇਕੱਠ ਦਾਨਿਸ਼ਵਰਾਂ ਦੇ ਮੇਲ-ਮਿਲਾਪ, ਵਿਚਾਰ-ਵਟਾਂਦਰਿਆਂ ਅਤੇ ਆਪਸੀ ਸਬੰਧਾਂ ਨੂੰ ਤਰੋ-ਤਾਜ਼ਾ ਕਰਨ ਦਾ ਸਾਧਨ ਬਣਦੇ ਹਨ। ਨਵੇਂ ਮੇਲ-ਮਿਲਾਪ ਲਈ ਅਜਿਹੇ ਸੰਮੇਲਨ ਜ਼ਰਖ਼ੇਜ਼ ਜ਼ਮੀਨ ਹਨ। ਇਹ ਇਕੱਠ ਪ੍ਰਕਾਸ਼ਨ ਹਾਊਸ ਲਈ ਇੱਕ ਤੋਹਫ਼ੇ ਵਾਂਗ ਹੁੰਦੇ ਹਨ। ਬੁੱਧੀਜੀਵੀਆਂ ਦੇ ਮਨਾਂ ਅੰਦਰ ਅਗਲੇਰੇ ਕੰਮ ਲਈ ਖ਼ਾਕੇ ਉਲੀਕ ਦਿੰਦੇ ਹਨ ਅਤੇ ਉਨ੍ਹਾਂ ਨੂੰ ਲੰਮੀਆਂ ਵਾਟਾਂ ਦੇ ਪਾਂਧੀ ਬਣਾ ਦਿੰਦੇ ਹਨ। ਇਤਿਹਾਸਕਾਰ ਇਕਬਾਲ ਕੈਸਰ ਅੱਧੀ-ਅੱਧੀ ਰਾਤ ਤੱਕ ਹੋਟਲ ਵਿੱਚ ਰਹਿੰਦੇ, ਉਹ ਇੱਕ ਕਮਰੇ ਵਿੱਚੋਂ ਉੱਠਦੇ ਤਾਂ ਦੂਜਾ ਵਿਅਕਤੀ ਉਨ੍ਹਾਂ ਨੂੰ ਆਪਣੇ ਕਮਰੇ ਵਿੱਚ ਲੈ ਜਾਂਦਾ। ਅੱਧੀ ਰਾਤ ਵੇਲ਼ੇ ਹੋਟਲ ਕੌਰੀਡੋਰ ਵਿੱਚ ਮਹਿਮਾਨ ਪੁੱਛਦੇ, ‘‘ਕੈਸਰ ਹੁਣ ਕਿੰਨੇ ਨੰਬਰ ’ਚ ਹੋਣਗੇ ਭਲਾ!’’ ਪ੍ਰੋ. ਗੁਰਭਜਨ ਗਿੱਲ ਹੋਰਾਂ ਦਾ ਕਮਰਾ ਨੰਬਰ 106, ਸਰਗੋਧੇ ਤੋਂ ਆਏ ਮਾਲਟਿਆਂ-ਕਿੰਨੂਆਂ, ਸਿਆਲਕੋਟ ਤੇ ਨਾਰੋਵਾਲ ਤੋਂ ਆਈਆਂ ਮਠਿਆਈਆਂ ਅਤੇ ਲਾਹੌਰ ਤੋਂ ਆਉਂਦੇ-ਜਾਂਦੇ ਤੋਹਫ਼ਿਆਂ ਨਾਲ ਭਰਿਆ ਪਿਆ ਸੀ। ਉਹ ਕੈਮਰਿਆਂ ਵਾਲਿਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ।
ਕੋਈ ਮੁਲਤਾਨ ਤੇ ਕੋਈ ਝੰਗ ਤੋਂ ਮਿਲਣ ਆਇਆ। ਕੋਈ ਬਹਾਵਲਪੁਰ ਤੋਂ ਲੰਮੇ ਪੈਂਡੇ ਤੈਅ ਕਰਕੇ ਉਚੇਚੇ ਤੌਰ ’ਤੇ ਮਿਲਣ ਪਹੁੰਚਿਆ। ਬਾਬੂ ਰਜਬ ਅਲੀ ਦੀ ਪੋਤਰੀ ਰਿਹਾਨਾ ਰਜਬ ਇਸ ਸਮਾਗਮ ਵਿੱਚ ਪੇਕੇ ਘਰ ਆਉਣ ਵਾਂਗ ਸ਼ਾਮਲ ਹੋਈ। ਉਸ ਦੁਆਲੇ ਸਭ ਤੋਂ ਵੱਧ ਇਕੱਠ ਵਿਖਾਈ ਦਿੱਤਾ। ਇਧਰੋਂ ਗਏ ਪ੍ਰਾਹੁਣੇ ਉਸ ਦੇ ਸਿਰ ’ਤੇ ਹੱਥ ਰੱਖਦੇ ਤੇ ਬਾਬੂ ਰਜਬ ਅਲੀ ਦੀਆਂ ਗੱਲਾਂ ਕਰਦੇ। ਮੇਰੀ ਪਤਨੀ ਨੇ ਉਸ ਦੇ ਮੋਢਿਆਂ ’ਤੇ ਸ਼ਾਲ ਪਾਉਂਦਿਆਂ ਦੱਸਿਆ ਕਿ ਸਾਹੋਕੇ ਦੇ ਨਾਲ ਬੰਬੀਹੇ ਭਾਈ ਸਾਡੀ ਮਾਸੀ ਹੈ। ਇਹ ਸੁਣਦਿਆਂ ਉਸ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ। ਪ੍ਰੋਗਰਾਮ ਦੌਰਾਨ ਹਾਲ ਦੀਆਂ ਕੁਰਸੀਆਂ ਦੇ ਪਿਛਲੇ ਪਾਸੇ ਲੋਕ ਇੱਕ ਦੂਜੇ ਨੂੰ ਮਿਲ ਰਹੇ ਸਨ। ਇੱਕ ਦੂਜੇ ਨੂੰ ਤੋਹਫ਼ੇ ਦਿੰਦੇ, ਫੋਟੋਆਂ ਬਣਾਉਂਦੇ, ਸਟੇਜ ਸਕੱਤਰ ਦੇ ਵਾਰ-ਵਾਰ ਬੇਨਤੀਆਂ, ਅਪੀਲਾਂ ਤੇ ਝਿੜਕਾਂ ਮਾਰਨ ’ਤੇ ਵੀ ਤਿੰਨੋਂ ਦਿਨ ਇਸ ਇਕੱਠ ਵਿੱਚ ਕੋਈ ਕਮੀ ਨਾ ਆਈ।
* * *
ਤਿੰਨ ਦਿਨਾਂ ਕਾਨਫਰੰਸ ਤੋਂ ਬਾਅਦ ਦੋ ਦਿਨ ਧਾਰਮਿਕ ਸਥਾਨਾਂ ਤੇ ਸਿੱਖ ਇਤਿਹਾਸ ਨਾਲ ਸਬੰਧਿਤ ਥਾਵਾਂ ਦੀ ਯਾਤਰਾ ਲਈ ਦਿੱਤੇ ਗਏ ਸਨ। ਪਹਿਲੇ ਦਿਨ ਨਨਕਾਣਾ ਸਾਹਿਬ ਦਾ ਪ੍ਰੋਗਰਾਮ ਬਣਿਆ ਤੇ ਦੂਜੇ ਦਿਨ ਦੀ ਸਵੇਰ ਗੁੱਜਰਾਂਵਾਲਾ ਤੇ ਸ਼ਾਮ ਕਸੂਰ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ’ਤੇ ਸਿਜਦਾ ਕਰਨ ਦਾ ਪ੍ਰੋਗਰਾਮ ਸੀ।
ਗੁੱਜਰਾਂਵਾਲਾ, ਰਾਵਲਪਿੰਡੀ ਨੂੰ ਜਾਂਦੀ ਮੁੱਖ ਸੜਕ ’ਤੇ ਸਥਿਤ ਹੈ। ਇਸ ਤੋਂ 10 ਕੁ ਕਿਲੋਮੀਟਰ ਪਹਿਲਾਂ ਸੱਜੇ ਹੱਥ ਏਮਨਾਬਾਦ ਪਿੰਡ ਹੈ ਜਿੱਥੇ ਪਹਿਲੀ ਪਾਤਿਸ਼ਾਹੀ ਨਾਲ ਸਬੰਧਿਤ ਗੁਰਦੁਆਰਾ ਰੋੜੀ ਸਾਹਿਬ ਹੈ। ਇਹ ਸਥਾਨ ਅੱਠ ਏਕੜ ਵਿੱਚ ਹੈ ਅਤੇ ਇਸ ਦੇ ਆਸੇ-ਪਾਸੇ ਤਿੰਨ ਮੁਰੱਬੇ ਜ਼ਮੀਨ ਗੁਰੂਘਰ ਦੇ ਨਾਮ ਹੈ।
ਅਸੀਂ ਸਵੇਰੇ 8.00 ਵਜੇ ਇਸ ਗੁਰਦੁਆਰਾ ਸਾਹਿਬ ਪਹੁੰਚ ਗਏ। ਪਿੰਡ ਦੇ ਬਾਹਰਵਾਰ ਗੁਰਦੁਆਰੇ ਦੀ ਸੁੰਦਰ ਇਮਾਰਤ ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਕਰਵਾਈ ਸੀ। ਵੱਡਾ, ਉੱਚਾ ਗੇਟ ਲੰਘ ਕੇ ਛੋਟੇ ਜਿਹੇ ਸੁੰਦਰ ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਮੁੱਖ ਗੇਟ ਤੇ ਇਸ ਇਮਾਰਤ ਦੇ ਵਿਚਕਾਰ ਵੱਡਾ ਸ਼ੈੱਡ ਹੈ ਜਿਸ ਦੀ ਛੱਤ ’ਤੇ ਨੀਲੇ ਰੰਗ ਦੀਆਂ ਫਾਈਬਰ ਸ਼ੀਟਾਂ ਪਾਈਆਂ ਹੋਈਆਂ ਹਨ। ਇਸ ਤੋਂ ਬਾਹਰ ਇੱਕ ਟਾਟ ’ਤੇ ਬੈਠ ਕੇ ਅਸੀਂ ਚਾਹ ਦਾ ਲੰਗਰ ਛਕਿਆ। ਸਫ਼ੈਦ ਤੇ ਪੀਲੇ ਰੰਗ ਦੇ ਬਾਰਡਰ ਵਾਲਾ ਦਰਬਾਰ ਸਾਹਿਬ, ਜਿਸ ਦੇ ਨੇੜੇ ਛਾਂਗਿਆ ਹੋਇਆ ਬੋਹੜ ਦਾ ਰੁੱਖ ਅਤਿ ਸੁੰਦਰ ਦਿਖਾਈ ਦਿੱਤਾ। ਨੀਲੇ ਰੰਗ ਦੇ ਸ਼ੈੱਡ ਪਿੱਛੇ ਲੰਮੇ, ਉੱਚੇ ਸਫ਼ੈਦਿਆਂ ਨਾਲ ਹਰੇ ਰੰਗ ਦਾ ਖ਼ੂਬਸੂਰਤ ਸੁਮੇਲ ਨਜ਼ਰ ਆਇਆ। ਛੋਟੀਆਂ ਚਿੜੀਆਂ ਦੀ ਡਾਰ ਨੀਲੇ ਸ਼ੈੱਡ ’ਤੇ ਆ ਬੈਠੀ, ਚਿੜੀਆਂ ਚਹਿਚਹਾਉਣ ਲੱਗੀਆਂ। ਦੂਰ ਬਾਬੇ ਨਾਨਕ ਦੇ ਖੇਤਾਂ ਵਿੱਚ ਚਲਦੇ ਟਿਊਬਵੈੱਲ ਦੀ ‘ਠੱਕ ਠੱਕ’ ਚੁੱਪ ਵਿੱਚ ਇੱਕ ਰਮਣੀਕ ਲੈਅ ਪੈਦਾ ਕਰ ਰਹੀ ਸੀ। ਫੇਰ ਚੇਤਿਆਂ ਵਿੱਚ ਖੁਣੇ ਭਾਈ ਲਾਲੋ ਦੇ ਘਰ ਦੇ ਦਰਸ਼ਨ ਕੀਤੇ, ਬਾਬਰ ਦੀ ਚੱਕੀ ਇੱਥੋਂ ਨੇੜੇ ਹੀ ਹੈ।
ਗੁੱਜਰਾਂਵਾਲਾ ਸ਼ਹਿਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਮੁਰੰਮਤ ਅਧੀਨ ਹੈ। ਅੰਦਰ ਮਿਸਤਰੀ ਲੱਗੇ ਹੋਏ ਸਨ। ਕੁਝ ਸਮਾਂ ਮਿਸਤਰੀ ਨੂੰ ਟਾਈਲਾਂ ਫੜਾਉਣ ਦੀ ਸੇਵਾ ਦਾ ਮਾਣ ਮਿਲਿਆ। ਇਸ ਹਵੇਲੀ ਦੇ ਨੇੜੇ ਹੀ ਸ. ਹਰੀ ਸਿੰਘ ਨਲੂਆ ਦਾ ਰਿਹਾਇਸ਼ੀ ਅਸਥਾਨ ਹੈ। ਇਸੇ ਸ਼ਹਿਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸ. ਮਹਾਂ ਸਿੰਘ ਦੀ ਸਮਾਧ ਹੈ। ਉਨ੍ਹਾਂ ਦੇ ਦਾਦਾ ਸ. ਚੜ੍ਹਤ ਸਿੰਘ ਨੇ ਇਸੇ ਸ਼ਹਿਰ ਵਿੱਚ ਪਹਿਲੇ ਕਿਲ੍ਹੇ ਦੀ ਉਸਾਰੀ ਕਰਵਾਈ ਸੀ। ਸ਼ੇਰ-ਏ-ਪੰਜਾਬ ਦੀਆਂ ਤਿੰਨ ਪੁਸ਼ਤਾਂ ਦੀਆਂ ਪੈੜਾਂ ਇਸ ਸ਼ਹਿਰ ਵਿੱਚ ਮੌਜੂਦ ਹਨ। ਇਤਿਹਾਸਕਾਰ ਇਕਬਾਲ ਕੈਸਰ ਅਨੁਸਾਰ, ‘ਜਲ੍ਹਿਆਂਵਾਲਾ ਬਾਗ਼ ਦੀ ਘਟਨਾ ਤੋਂ ਬਾਅਦ ਬ੍ਰਿਟਿਸ਼ ਹਕੂਮਤ ਨੇ ਅੰਮ੍ਰਿਤਸਰ, ਕਸੂਰ, ਲਾਹੌਰ ਅਤੇ ਗੁੱਜਰਾਂਵਾਲਾ ਚਾਰ ਸ਼ਹਿਰਾਂ ਵਿੱਚ ਕਰਫ਼ਿਊ ਲਗਾ ਦਿੱਤਾ ਸੀ। ਉਨ੍ਹਾਂ ਦਿਨਾਂ ਵਿੱਚ ਗੁੱਜਰਾਂਵਾਲਾ ਸ਼ਹਿਰ ਵਿੱਚ ਇੱਕ ਬਾਰਾਤ ਲੰਘ ਰਹੀ ਸੀ। ਬ੍ਰਿਟਿਸ਼ ਹਕੂਮਤ ਨੇ ਇਸ ਨੂੰ ਵਿਦਰੋਹੀ ਜਲੂਸ ਸਮਝਦਿਆਂ ਏਅਰ ਸ਼ੈਲਿੰਗ ਕਰ ਦਿੱਤੀ ਜਿਸ ਕਾਰਨ ਕਈ ਬਰਾਤੀ ਮਾਰੇ ਗਏ ਸਨ।’
ਉਸੇ ਦਿਨ ਸ਼ਾਮ ਵੇਲੇ ਅਸੀਂ ਕਸੂਰ ਲਈ ਰਵਾਨਾ ਹੋਏ। ਕਸੂਰ, ਲਾਹੌਰ-ਫ਼ਿਰੋਜ਼ਪੁਰ ਸੜਕ ’ਤੇ ਸਥਿਤ ਹੈ। ਇਸੇ ਸੜਕ ’ਤੇ ਸਰ ਗੰਗਾ ਰਾਮ ਹਸਪਤਾਲ, ਜਾਨਕੀ ਦੇਵੀ ਹਸਪਤਾਲ, ਵਾਲਟਨ ਰੇਲਵੇ ਸਕੂਲ, ਅਮਰ ਸਿੱਧੂ ਚੁੰਗੀ, ਲਲਿਆਣੀ ਤੇ ਬੇਦੀਆਂ ਪਿੰਡ ਸਥਿਤ ਹਨ। ਕਸੂਰ ਤੋਂ ਅੱਗੇ ਗੰਡਾ ਸਿੰਘ ਵਾਲਾ ਤੇ ਹੁਸੈਨੀਵਾਲਾ ਕ੍ਰਮਵਾਰ ਪਾਕਿਸਤਾਨ ਤੇ ਹਿੰਦੋਸਤਾਨ ਦੀਆਂ ਚੈੱਕ-ਪੋਸਟਾਂ ਹਨ। ਇਹ ਸੜਕ ਆਪਣੇ ਸੀਨੇ ’ਚ ਸਿੱਖ ਰਾਜ ਦੇ ਪਤਨ ਦਾ ਇਤਿਹਾਸ ਸਮੋਈ ਬੈਠੀ ਹੈ।
ਆਲੀਵਾਲ, ਮੁੱਦਕੀ ਤੇ ਸਭਰਾਵਾਂ ਦੀਆਂ ਲੜਾਈਆਂ ਹਾਰਨ ਤੋਂ ਬਾਅਦ ਅੰਗਰੇਜ਼ ਜਨਰਲ ਲਾਰਡ ਹਾਰਡਿੰਗ ਵੱਲੋਂ ਗੁਲਾਬ ਚੰਦ ਡੋਗਰਾ ਨੂੰ ਲਲਿਆਣੀ ਪਿੰਡ ਕੋਲ ਮਹਾਰਾਜਾ ਦਲੀਪ ਸਿੰਘ ਨੂੰ ਲਿਆਉਣ ਲਈ ਆਦੇਸ਼ ਦਿੱਤਾ ਗਿਆ। ਪਿੰਡ ਦੇ ਬਾਹਰਵਾਰ ਚਿੱਟੇ ਰੰਗ ਦੇ ਸ਼ਾਮਿਆਨੇ ਲਾਏ ਗਏ। 10 ਮਾਰਚ 1846 ਨੂੰ ਲਲਿਆਣੀ ਪੈਕਟ ਲਿਖਿਆ ਗਿਆ ਜਿਸ ਦੀਆਂ ਸ਼ਰਤਾਂ ਅਨੁਸਾਰ ਪੰਜਾਬ ’ਤੇ ਬ੍ਰਿਟਿਸ਼ ਹਕੂਮਤ ਦੀ ਨੀਂਹ ਰੱਖੀ ਗਈ। ਇਸ ਸਮੇਂ ਮਹਾਰਾਜਾ ਦਲੀਪ ਸਿੰਘ ਨੂੰ ਤੋਪਾਂ ਦੀ ਸਲਾਮੀ ਨਹੀਂ ਦਿੱਤੀ ਗਈ। ਸਿੱਖ ਫ਼ੌਜੀਆਂ ਤੋਂ ਹਥਿਆਰ ਸੁਟਵਾ ਲਏ ਗਏ ਸਨ ਅਤੇ ਉਨ੍ਹਾਂ ਨੂੰ ਰਾਏਵਿੰਡ ਰਾਹੀਂ ਘੁੰਮ ਕੇ ਲਾਹੌਰ ਪਹੁੰਚਣ ਦਾ ਸਮਾਂ ਦਿੱਤਾ ਗਿਆ। ਇਸੇ ਸੜਕ ’ਤੇ ਸਤਲੁਜ ਕਿਨਾਰੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਸਸਕਾਰ ਕੀਤਾ ਗਿਆ ਸੀ।
ਬੁੱਲ੍ਹੇ ਸ਼ਾਹ ਦੀ ਮਜ਼ਾਰ ’ਤੇ ਸਿਜਦਾ ਕਰਨ ਤੋਂ ਬਾਅਦ ਅਸੀਂ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦਾ ਆਨੰਦ ਮਾਣਿਆ। ਹੁਣ ਛਿਪ ਚੁੱਕੇ ਸੂਰਜ ਦੀ ਲਾਲੀ ਹੀ ਬਾਕੀ ਸੀ। ਮੈਂ ਚਾਰ-ਚੁਫ਼ੇਰੇ ਨਿਗਾਹ ਮਾਰੀ। ਇੱਕੜ-ਦੁੱਕੜ ਪੁਰਾਣੀਆਂ ਇੱਟਾਂ ਵਾਲੇ ਮਕਾਨ ਸਨ। ਆਸਮਾਨ ਵਿੱਚ ਚੜ੍ਹੇ ਪਤੰਗ ਅਤੇ ਰੈਣ-ਬਸੇਰਿਆਂ ਵੱਲ ਜਾਂਦੀਆਂ ਪੰਛੀਆਂ ਦੀਆਂ ਡਾਰਾਂ ਨਜ਼ਰ ਆਈਆਂ। ਮਜ਼ਾਰ ਦੇ ਆਸੇ-ਪਾਸੇ ਝਾੜੀਆਂ, ਜੰਡ ਤੇ ਕਿੱਕਰਾਂ ਦੇ ਕੁਝ ਰੁੱਖ ਵੀ ਸਨ। ਪਾਕਿਸਤਾਨ ਹਾਈ ਕਮਿਸ਼ਨ ਨੇ ਇਸ ਵਾਰ ਡੈਲੀਗੇਟਾਂ ਨੂੰ ਪੁਰਾਣੇ ਪਿੰਡ ਵੇਖਣ ਦਾ ਵੀਜ਼ਾ ਦੇ ਕੇ ਖੁੱਲ੍ਹਦਿਲੀ ਦਾ ਸਬੂਤ ਦਿੱਤਾ। ਪਰਿਵਾਰ ਸਮੇਤ ਆਪਣੇ ਵਡੇਰਿਆਂ ਦਾ ਪਿੰਡ ‘531 ਚੱਕ ਗੁਗੇਰਾ ਬ੍ਰਾਂਚ’ ਦੇਖਣ ਲਈ ਪੂਰਾ ਦਿਨ ਮਿਲਿਆ। ਵੰਡ ਸਮੇਂ ਮੇਰੇ ਪਿਤਾ ਜੀ ਦਸਵੀਂ ਜਮਾਤ ਵਿੱਚ ਸਨ ਅਤੇ ਚਾਚਾ ਜੀ ਅੱਠਵੀਂ ਜਮਾਤ ਵਿੱਚ। ਅਸੀਂ ਪਹਿਲਾਂ ‘ਪੁਲ 45’ ਉਨ੍ਹਾਂ ਦੇ ਸਕੂਲ ਗਏ ਤੇ ਵਿਦਿਆਰਥੀਆਂ ਤੇ ਸਟਾਫ਼ ਨਾਲ ਗੱਲਬਾਤ ਕੀਤੀ। ਘਰ ਦੀਆਂ ਦੇਹਲੀਆਂ ਤੇ ਚੌਗਾਠਾਂ ਨੂੰ ਟਟੋਲਣ ਦਾ ਯਤਨ ਕੀਤਾ। ਖੇਤ ਜਾ ਕੇ ਅਸੀਂ ਵੱਡਿਆਂ ਦੀ ਯਾਦ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲੱਗੇ। ਓਧਰ ਪਿੰਡ ’ਚੋਂ ਅਜ਼ਾਨ ਦੀ ਆਵਾਜ਼ ਸੁਣਾਈ ਦੇਣ ਲੱਗੀ। ਅਰਦਾਸ ਤੇ ਅਜ਼ਾਨ ਇੱਕੋ ਸਮੇਂ ਸਮਾਪਤ ਹੋਈਆਂ। ਮੇਰੀ ਪਤਨੀ ਨੇ ਦੋ ਲੱਪ ਮੂੰਗਰੇ ਤੋੜ ਲਏ ਤੇ ਮੈਂ ਕਣਕ ਦੇ ਖੇਤ ਵਿੱਚੋਂ ਦੋ ਮੁੱਠੀਆਂ ਮਿੱਟੀ ਦੀਆਂ ਭਰ ਲਈਆਂ। ਵਤਨ ਦੀ ਮਿੱਟੀ ਦੇ ਇਹ ਤੋਹਫ਼ੇ ਸ਼ਾਇਦ ਫੇਰ ਕਦੇ ਨਸੀਬ ਨਹੀਂ ਹੋ ਸਕਣੇ।
* * *
ਸ੍ਰੀ ਰਾਮ ਚੰਦਰ ਜੀ ਦੇ ਪੁੱਤਰਾਂ ਲਵ ਤੇ ਕੁਸ਼ ਦੇ ਨਾਮ ’ਤੇ ਕ੍ਰਮਵਾਰ ਲਾਹੌਰ ਤੇ ਕਸੂਰ ਸ਼ਹਿਰ ਵੱਸਣ ਦਾ ਵਰਨਣ ਮੂੰਹੋਂ-ਮੂੰਹ ਪ੍ਰਚਲਿਤ ਹੈ। ਲਾਹੌਰ ਰਾਜਿਆਂ, ਸ਼ਾਹੀ ਮਹਿਲਾਂ, ਬਾਗ਼ਾਂ ਤੇ ਆਲੀਸ਼ਾਨ ਇਮਾਰਤਾਂ ਦਾ ਸ਼ਹਿਰ ਹੈ। ਸ਼ਾਲੀਮਾਰ ਬਾਗ਼, ਸ਼ਾਹਜਹਾਂ ਨੇ ਬਣਵਾਇਆ। ਬਾਗ਼-ਏ-ਦਿਲਕੁਸ਼ਾਂ ’ਚ ਨੂਰਜਹਾਂ ਨੇ ਜਹਾਂਗੀਰ ਦਾ ਮਕਬਰਾ ਬਣਵਾਇਆ ਤੇ ਫੇਰ ਆਪਣੇ ਮਕਬਰੇ ਬਾਰੇ ਥਾਂ ਨਿਸ਼ਚਿਤ ਕੀਤੀ। ਹੁਣ ਕਰਾਚੀ-ਲਾਹੌਰ-ਇਸਲਾਮਾਬਾਦ ਰੇਲਵੇ ਲਾਈਨ ਨੇ ਇਨ੍ਹਾਂ ਦੋਵੇਂ ਮਕਬਰਿਆਂ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਹੈ। ਬਾਗ-ਏ-ਮਿਹਰੁਲ ਨਿਸਾ ਔਰੰਗਜ਼ੇਬ ਦੀ ਧੀ ਦੇ ਨਾਮ ’ਤੇ ਬਣਵਾਇਆ ਗਿਆ। ਮੰਟੋ ਪਾਰਕ, ਗੁੱਡੀ ਗਰਾਊਂਡ ਅਤੇ ਮੀਨਾਰੇ-ਪਾਕਿਸਤਾਨ ਦਿਲ-ਖਿੱਚਵੀਆਂ ਥਾਵਾਂ ਹਨ। ਇੱਥੇ ਲਾਹੌਰ ਦੀਆਂ ਇਮਾਰਤਾਂ ਬਾਬਤ ਜਾਨਣ ਲਈ ਸਰ ਗੰਗਾ ਰਾਮ ਦੇ ਕੰਮਾਂ ਦੀ ਪੇਸ਼ਕਾਰੀ ਲਾਜਵਾਬ ਹੈ। ਮੰਨਿਆ ਜਾਂਦਾ ਹੈ ਕਿ ਪੌਣਾ ਲਾਹੌਰ ਸਰ ਗੰਗਾ ਰਾਮ ਦਾ ਡਿਜ਼ਾਈਨ ਕੀਤਾ ਹੋਇਆ ਹੈ। ਜਨਰਲ ਪੋਸਟ ਆਫ਼ਿਸ, ਲਾਹੌਰ ਮਿਊਜ਼ੀਅਮ, ਮੇਓ ਸਕੂਲ ਆਫ ਆਰਟਸ, ਪੰਜਾਬ ਯੂਨੀਵਰਸਿਟੀ, ਸਰ ਗੰਗਾ ਰਾਮ ਹਸਪਤਾਲ ਅਤੇ ਗੰਗਾ ਰਾਮ ਟਰੱਸਟ ਬਿਲਡਿੰਗ, ਇਹ ਸਾਰੀਆਂ ਇਮਾਰਤਾਂ ਉਨ੍ਹਾਂ ਦੀ ਭਵਨ ਨਿਰਮਾਣ ਕਲਾ ਦੀ ਦੇਣ ਹਨ। ਅੱਠ ਕਿਲੋਮੀਟਰ ਲੰਮੀ ਮਾਲ ਰੋਡ ਦਾ ਨਿਰਮਾਣ ਸਰ ਗੰਗਾ ਰਾਮ ਨੇ ਕਰਵਾਇਆ ਸੀ। ਮਾਡਲ ਟਾਊਨ ਲਾਹੌਰ ਦਾ ਨਕਸ਼ਾ ਉਨ੍ਹਾਂ ਨੇ ਇੱਕ ਹੋਰ ਆਰਕੀਟੈਕਟ ਨਾਲ ਮਿਲ ਕੇ ਤਿਆਰ ਕੀਤਾ ਸੀ, ਜਿੱਥੇ ਬਹੁਤੇ ਅੰਗਰੇਜ਼ ਅਫਸਰ ਰਹਿੰਦੇ ਸਨ। ਨਵੀਆਂ ਰਿਹਾਇਸ਼ੀ ਇਮਾਰਤਾਂ ਦੇ ਮੁਕਾਬਲੇ ਸਵਾ ਸੌ ਸਾਲ ਪਹਿਲਾਂ ਡਿਜ਼ਾਈਨ ਕੀਤਾ ਗਿਆ ਮਾਡਲ ਟਾਊਨ ਅੱਜ ਵੀ ਲਾਹੌਰ ਦੇ ਸਭ ਤੋਂ ਬਿਹਤਰ ਰਿਹਾਇਸ਼ੀ ਖੇਤਰ ਵਜੋਂ ਜਾਣਿਆ ਜਾਂਦਾ ਹੈ। ਲਾਇਲਪੁਰ ਦਾ ਨਕਸ਼ਾ ਵੀ ਉਨ੍ਹਾਂ ਨੇ ਹੀ ਅੰਗਰੇਜ਼ ਇੰਜੀਨੀਅਰ ਕੈਪਟਨ ਯੂਹਾਂਗ ਯੰਗ ਨਾਲ ਮਿਲ ਕੇ ਬਣਾਇਆ ਸੀ। ਲਾਹੌਰ ਰੇਲਵੇ ਡਿਵੀਜ਼ਨ ਦੇ ਬਹੁਤੇ ਕੰਟਰੈਕਟ ਵੀ ਸਰ ਗੰਗਾ ਰਾਮ ਕੋਲ ਹੀ ਸਨ। ਬ੍ਰਿਟਿਸ਼ ਹਕੂਮਤ ਸਮੇਂ ਇੱਕ ਮੀਟਿੰਗ ਦੌਰਾਨ ਲਾਹੌਰ ਵਿਖੇ ਕਾਮਰਸ ਕਾਲਜ ਖੋਲ੍ਹਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਇਮਾਰਤ ਦੀ ਲੋੜ ਨੂੰ ਮੁੱਖ ਰੱਖਦਿਆਂ ਵਿਦਿਆ ਵਿਭਾਗ ਨੇ ਇਸ ਕੰਮ ਲਈ ਘੱਟੋ-ਘੱਟ ਛੇ ਮਹੀਨਿਆਂ ਦਾ ਸਮਾਂ ਮੰਗਿਆ। ਸਰ ਗੰਗਾ ਰਾਮ ਉੱਠ ਖੜ੍ਹੇ ਹੋਏ ਕਿ ਮੇਰੇ ਘਰ ਵਿੱਚ ਅੱਜ ਸ਼ਾਮ ਤੋਂ ਹੀ ਇਸ ਕਾਲਜ ਦੀ ਸ਼ੁਰੂਆਤ ਕਰ ਲਈ ਜਾਵੇ। ਲਾਹੌਰ ਅਜਿਹੀਆਂ ਇਮਾਰਤਾਂ ਤੇ ਭਾਵਨਾਵਾਂ ਦੀ ਹੋਂਦ ਸੰਭਾਲੀ ਬੈਠਾ ਹੈ।
ਜਿਸ ਦਿਨ ਵਾਪਸ ਆਉਣਾ ਸੀ, ਮੈਂ ਪਹੁ-ਫੁਟਾਲੇ ਹੀ ਚਾਰ-ਮੰਜ਼ਿਲੇ ਹੋਟਲ ਦੀ ਛੱਤ ’ਤੇ ਜਾ ਚੜ੍ਹਿਆ। ਲਾਹੌਰ ਨੂੰ ਜਾਗਦਿਆਂ ਵੇਖਿਆ, ਹਰ ਛਿਣ ਉਸ ਦਾ ਰੂਪ ਨਿਖਰਦਾ ਗਿਆ। ਮਸਜਿਦਾਂ ਦੇ ਗੁੰਬਦ ਸਾਫ਼ ਦਿਖਾਈ ਦੇਣ ਲੱਗੇ। ਪੰਛੀਆਂ ਦੀ ਚਹਿਚਹਾਟ ਤੇ ਉਡਾਰੀਆਂ ਭਰਨ ਦੇ ਵਕਫ਼ੇ ਦੌਰਾਨ ਖਜੂਰਾਂ ਤੇ ਵੱਡੇ-ਪੁਰਾਣੇ ਰੁੱਖਾਂ ਦੇ ਆਕਾਰ ਸ਼ਹਿਰ ਦੇ ਕੈਨਵਸ ’ਤੇ ਵਾਰੋ ਵਾਰ ਉਭਰਦੇ ਗਏ। ਹਵਾ ਦੇ ਪਹਿਲੇ ਬੁੱਲੇ ਨਾਲ ਹੀ ਇਨ੍ਹਾਂ ਰੁੱਖਾਂ ਵਿਚਦੀ ਕਈ ਇਮਾਰਤਾਂ ’ਤੇ ਪਾਕਿਸਤਾਨ ਦਾ ਕੌਮੀ ਝੰਡਾ ਲਹਿਰਾਉਂਦਾ ਨਜ਼ਰ ਆਇਆ। ਲਾਹੌਰ ਸ਼ਹਿਰ ਦੀਆਂ ਦੂਧੀਆ ਇਮਾਰਤਾਂ, ਰੁੱਖਾਂ ਤੇ ਗੁੰਬਦਾਂ ਦੇ ਸਾਵੇ ਰੰਗ ਅਤਿ ਸੁੰਦਰ ਵਿਖਾਈ ਦਿੱਤੇ।
ਏਨੇ ਨੂੰ ਹੋਟਲ ਦਾ ਕਰਮਚਾਰੀ ਚਾਹ ਲੈ ਆਇਆ। ਪਹਿਲੀ ਚੁਸਕੀ ਲੈਂਦਿਆਂ ਮੈਂ ਪੁੱਛਿਆ, ‘‘ਰਾਵੀ ਦਰਿਆ ਭਾਰਤ ਤੋਂ ਪਾਕਿਸਤਾਨ ਵਿੱਚ ਕਿਸ ਪਾਸਿਓਂ ਦਾਖ਼ਲ ਹੁੰਦਾ ਹੈ ਭਲਾ?’’ ਉਸ ਨੇ ਲੰਮੀ ਬਾਂਹ ਕਰਕੇ ਉੱਤਰ ਦਿਸ਼ਾ ਵੱਲ ਇਸ਼ਾਰਾ ਕੀਤਾ। ਹੁਣ ਉਹ ਬਾਂਹ ਹੌਲ਼ੀ-ਹੌਲ਼ੀ ਘੁੰਮਾਉਂਦਾ ਗਿਆ, ਸਿਆਲਕੋਟ, ਪਿੰਡੀ, ਇਸਲਾਮਾਬਾਦ, ਕਰਾਚੀ, ਮੁਲਤਾਨ, ਕਸੂਰ ਤੇ ਇਧਰ ਇੰਡੀਆ, ਉਸ ਦਾ ਆਖ਼ਰੀ ਇਸ਼ਾਰਾ ਪੂਰਬ ਦੀ ਲਾਲੀ ’ਚੋਂ ਉੱਗਦੇ ਅੱਧ-ਆਕਾਰੀ ਸੂਰਜ ਨਾਲ ਮੇਲ ਖਾ ਗਿਆ। ਮੇਰਾ ਸੋਹਣਾ ਵਤਨ ਪਿਆਰਾ, ਅੰਮ੍ਰਿਤਸਰ ਸਿਫ਼ਤੀ ਦਾ ਘਰ, ਦੋ ਕਿਰਨਾਂ ਮੇਰੇ ਮੱਥੇ ਨਾਲ ਟਕਰਾਈਆਂ ਤੇ ਰੰਗਦਾਰ ਕਣੀਆਂ ਵਾਂਗ ਲਾਹੌਰ ਸ਼ਹਿਰ ’ਤੇ ਖਿੰਡ-ਪੁੰਡ ਗਈਆਂ।
ਸੰਪਰਕ: 98158-00405

Advertisement

Advertisement
Advertisement
Author Image

sukhwinder singh

View all posts

Advertisement