ਖਾਣਾ ਬਣਾਉਣ ਸਮੇਂ ਗੈਸ ਸਿਲੰਡਰ ਨੂੰ ਅੱਗ ਲੱਗੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਅਕਤੂਬਰ
ਸ਼ਹਿਰ ਦੇ ਟਿੱਬਾ ਰੋਡ ’ਤੇ ਦੁਪਹਿਰ ਸਮੇਂ ਇਕ ਘਰ ’ਚ ਖਾਣਾ ਬਣਾਉਣ ਸਮੇਂ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਇਸ ਮਗਰੋਂ ਸਿਲੰਡਰ ’ਚ ਧਮਾਕਾ ਹੋਇਆ ਤੇ ਰਸੋਈ ਵਿੱਚ ਪਏ ਵੱਡੀ ਗਿਣਤੀ ਸਾਮਾਨ ਨੂੰ ਅੱਗ ਲੱਗ ਗਈ। ਅੱਗ ਹੌਲੀ ਹੌਲੀ ਹੋਰ ਫੈਲ ਗਈ ਤੇ ਆਲੇ-ਦੁਆਲੇ ਦੇ ਘਰ ਵੀ ਇਸ ਦੀ ਲਪੇਟ ਵਿੱਚ ਆ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕਾ ਸੁਣਨ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇੱਕਠੇ ਹੋ ਕੇ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਸੁਰਖਿਅਤ ਬਾਹਰ ਕੱਢਿਆ, ਫਿਰ ਕਿਸੇ ਤਰ੍ਹਾਂ ਅੱਗ ’ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਟਿੱਬਾ ਰੋਡ ਸਥਿਤ ਸੁਤੰਤਰ ਨਗਰ ਅਵਿਨਾਸ਼ ਦੇ ਘਰ ਦੇ ਪਰਿਵਾਰਕ ਮੈਂਬਰ ਆਪਣੇ ਪੁਰਖਿਆਂ ਦਾ ਸ਼ਰਾਧ ਕਰ ਰਹੇ ਸਨ। ਜਦੋਂ ਉਹ ਖਾਣਾ ਬਣਾਉਣ ਲੱਗੇ ਤਾਂ ਆਚਨਕ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਪਰਿਵਾਰਕ ਮੈਂਬਰਾਂ ਵੱਲੋਂ ਰੌਲਾ ਪਾਉਣ ਮਗਰੋਂ ਆਲੇ-ਦੁਆਲੇ ਰਹਿੰਦੇ ਲੋਕ ਵੀ ਹਰਕਤ ਵਿੱਚ ਆ ਗਏ। ਕੁੱਝ ਹੀ ਦੇਰ ’ਚ ਮੌਕੇ ’ਤੇ ਭੀੜ ਇਕੱਠੀ ਹੋ ਗਈ। ਲੋਕਾਂ ਨੇ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਘਰ ਅੰਦਰੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਫਿਰ ਇਕੱਠੇ ਹੋ ਕੇ ਪਾਣੀ ਦੀਆਂ ਬਾਲਟੀਆਂ ਤੇ ਪਾਈਪਾਂ ਨਾਲ ਕਿਸੇ ਤਰ੍ਹਾਂ ਅੱਗ ’ਤੇ ਕਾਬੂ ਪਾਇਆ।